ਹੰਗਾਮਿਆਂ ਦੌਰਾਨ ਲੋਕ ਸਭਾ ’ਚ ਪਾਸ ਹੋਇਆ ਵੰਦੇ ਮਾਤਰਮ ਨਾਲ ਸੰਬੰਧਿਤ ਬਿੱਲ
ਅਜੀਤ ਡੈਸਕ
31-07-2026
ਲੋਕ ਸਭਾ ’ਚ ਹੰਗਾਮਿਆਂ ਦੌਰਾਨ ਪੇਸ਼ ਕੀਤਾ ਬਿੱਲ
ਜਦੋਂ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲੋਕ ਸਭਾ ’ਚ ਇਹ ਬਿੱਲ ਪੇਸ਼ ਕੀਤਾ ਤਾਂ ਕਾਂਗਰਸ ਸਮੇਤ ਜ਼ਿਆਦਾਤਰ ਵਿਰੋਧੀ ਧਿਰਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਸਭਾ ਦੇ ਵਿਚਕਾਰ ਸਨ। ਪਹਿਲਾਂ ਸਵੇਰੇ ਸਭਾ ਜੁੜਦਿਆਂ ਹੀ ਕਾਂਗਰਸੀ ਸੰਸਦ ਮੈਂਬਰ ਅਮਿਤ ਸ਼ਾਹ ਦੇ ਖ਼ਿਲਾਫ਼ ਪੋਸਟਰ ਲੈ ਕੇ ਸਦਨ ਦੇ ਵਿਚਕਾਰ ਆ ਗਏ ਜਿਨ੍ਹਾਂ ’ਤੇ ਲਿਖਿਆ ਸੀ ਕਿ ਆਰਡਰ ਕਿਸਨੇ ਦਿੱਤਾ? ਜਿਸ ਤੋਂ ਬਾਅਦ ਸਪੀਕਰ ਓਮ ਬਿਰਲਾ ਨੇ ਸਦਨ ਦੀ ਕਾਰਵਾਈ ਬਾਅਦ ਦੁਪਹਿਰ 2 ਵਜੇ ਤੱਕ ਉਠਾ ਦਿੱਤੀ। ਬਾਅਦ ਦੁਪਹਿਰ 2 ਵਜੇ ਸਦਨ ਮੁੜ ਜੁੜਣ ’ਤੇ ਮੁੜ ਹੰਗਾਮਾ ਹੋਣ ’ਤੇ ਸਭਾ ਦੀ ਕਾਰਵਾਈ ਦੁਪਹਿਰ 3 ਵਜੇ ਅਤੇ ਫਿਰ ਸਾਢੇ ਤਿੰਨ ਵਜੇ ਤੱਕ ਲਈ ਉਠਾ ਦਿੱਤੀ ਗਈ। ਹੰਗਾਮਿਆਂ ’ਚ ਬਿੱਲ ’ਤੇ ਸੰਖੇਪ ਜਿਹੀ ਚਰਚਾ ਤੋਂ ਬਾਅਦ ਬਿੱਲ ਲੋਕ ਸਭਾ ’ਚੋਂ ਪਾਸ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਉਠਾ ਦਿੱਤੀ ਗਈ।
ਡੀ.ਐਮ.ਕੇ. ਨੇ ਪਾੜੀ ਬਿੱਲ ਦੀ ਕਾਪੀ
ਡੀ.ਐਮ.ਕੇ. ਸੰਸਦ ਮੈਂਬਰ ਏ. ਰਾਜਾ ਨੇ ਬਿੱਲ ਦੀ ਮੁਖਾਲਫਤ ਕਰਦਿਆਂ ਕਿਹਾ ਕਿ ਇਸ ਦੇਸ਼ ਦੀ ਵੰਡ ਲਈ ਸਿਰਫ ਇਕ ਵਿਅਕਤੀ ਸਾਵਰਕਰ ਅਤੇ ਇਕ ਗਾਣ ਵੰਦੇ ਮਾਤਰਮ ਹੀ ਜ਼ਿੰਮੇਵਾਰ ਸਨ। ਰਾਜਾ ਦੇ ਇਸ ਬਿਆਨ ’ਤੇ ਸੱਤਾ ਧਿਰ ਵਲੋਂ ਜ਼ੋਰਦਾਰ ਹੰਗਾਮਾ ਕੀਤਾ। ਰਾਜਾ ਨੇ ਬਿੱਲ ਨੂੰ ਲੈ ਕੇ ਟਿੱਪਣੀ ਕਰਦਿਆਂ ਕਿਹਾ ਇਕ ਭਾਰਤ ਲਈ ਸੰਪੂਰਨ ਵੰਦੇ ਭਾਰਤ ਹੋਣਾ ਚਾਹੀਦਾ ਹੈ। ਹੰਗਾਮਿਆਂ ’ਚ ਜ਼ੁਬਾਨੀ ਵੋਟਿੰਗ ਰਾਹੀਂ ਬਿੱਲ ਦੇ ਪਾਸ ਹੋਣ ’ਤੇ ਏ. ਰਾਜਾ ਨੇ ਸਦਨ ’ਚ ਬਿੱਲ ਦੀ ਕਾਪੀ ਫਾੜ ਕੇ ਵਿਰੋਧ ਪ੍ਰਗਟਾਇਆ।