12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਈਰਾਨ ਦੀ ਮੁਆਵਜ਼ੇ ਵਾਲੀ ਸ਼ਰਤ ’ਤੇ ਟਰੰਪ ਦਾ ਪਲਟਵਾਰ

ਨਿਊਯਾਰਕ, 11 ਅਗਸਤ (ਰਾਜੂ ਸਹਿਬਾਜ਼ਪੁਰਾ)- ਹੋਰਮੁਜ਼ ਜਲਮਾਰਗ ਖੋਲ੍ਹਣ ਲਈ ਈਰਾਨ ਵਲੋਂ ਜੰਗੀ ਨੁਕਸਾਨ ਦਾ ਮੁਆਵਜ਼ਾ ਮੰਗੇ ਜਾਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਤਹਿਰਾਨ ਅੱਗੇ ਅਮਰੀਕੀ ਮੁਆਵਜ਼ੇ ਦੀ ਮੰਗ ਰੱਖ ਦਿੱਤੀ ਹੈ। ਟਰੰਪ ਨੇ ਆਪਣੇ

Ad Position 21
No active advertisement
ਅਜੀਤ ਡੈਸਕ 12-08-2026

ਨਿਊਯਾਰਕ, 11 ਅਗਸਤ (ਰਾਜੂ ਸਹਿਬਾਜ਼ਪੁਰਾ)- ਹੋਰਮੁਜ਼ ਜਲਮਾਰਗ ਖੋਲ੍ਹਣ ਲਈ ਈਰਾਨ ਵਲੋਂ ਜੰਗੀ ਨੁਕਸਾਨ ਦਾ ਮੁਆਵਜ਼ਾ ਮੰਗੇ ਜਾਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਤਹਿਰਾਨ ਅੱਗੇ ਅਮਰੀਕੀ ਮੁਆਵਜ਼ੇ ਦੀ ਮੰਗ ਰੱਖ ਦਿੱਤੀ ਹੈ। ਟਰੰਪ ਨੇ ਆਪਣੇ ਪ੍ਰਤੀਨਿਧੀਆਂ ਨੂੰ ਇਹ ਮੰਗ ਭਵਿੱਖ ਦੀ ਹਰ ਗੱਲਬਾਤ ’ਚ ਮਜ਼ਬੂਤੀ ਨਾਲ ਸ਼ਾਮਿਲ ਕਰਨ ਦੇ ਹੁਕਮ ਦਿੱਤੇ ਹਨ। ਈਰਾਨ ਨੇ ਹੋਰਮੁਜ਼ ਖੋਲ੍ਹਣ ਤੋਂ ਪਹਿਲਾਂ ਅਮਰੀਕੀ ਜਲ ਸੈਨਾ ਦੀ ਨਾਕਾਬੰਦੀ ਹਟਾਉਣ, ਖੇਤਰ ’ਚੋਂ ਅਮਰੀਕੀ ਫ਼ੌਜ ਵਾਪਸ ਬੁਲਾਉਣ, ਆਰਥਿਕ ਪਾਬੰਦੀਆਂ ਖ਼ਤਮ ਕਰਨ ਅਤੇ ਵਿਦੇਸ਼ਾਂ ’ਚ ਜਮ੍ਹਾਂ ਆਪਣੀ ਸੰਪਤੀ ਛੱਡਣ ਦੀਆਂ ਸ਼ਰਤਾਂ ਰੱਖੀਆਂ ਹਨ। ਤਹਿਰਾਨ ਨੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਨਾਲ ਹੋਏ ਨੁਕਸਾਨ ਦੀ ਪੂਰੀ ਭਰਪਾਈ ਵੀ ਮੰਗੀ ਹੈ। ਇਨ੍ਹਾਂ ਸ਼ਰਤਾਂ ਦੇ ਜਵਾਬ ’ਚ ਟਰੰਪ ਨੇ ਕਿਹਾ ਕਿ ਮੁਆਵਜ਼ੇ ਦਾ ਮਸਲਾ ਪਹਿਲਾਂ ਹੋਈ ਕਿਸੇ ਗੱਲਬਾਤ ਜਾਂ ਮੀਟਿੰਗ ਦਾ ਹਿੱਸਾ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇ ਈਰਾਨ ਹੁਣ ਆਪਣੇ ਨੁਕਸਾਨ ਦੀ ਭਰਪਾਈ ਮੰਗਦਾ ਹੈ ਤਾਂ ਅਮਰੀਕਾ ਵੀ ਤਹਿਰਾਨ ਦੀਆਂ ਪਿਛਲੀਆਂ ਕਾਰਵਾਈਆਂ ਨਾਲ ਮਾਰੇ ਅਤੇ ਜ਼ਖ਼ਮੀ ਹੋਏ ਲੋਕਾਂ ਲਈ ਮੁਆਵਜ਼ਾ ਮੰਗੇਗਾ। ਟਰੰਪ ਨੇ ਸੜਕਾਂ ਕਿਨਾਰੇ ਬੰਬ ਧਮਾਕਿਆਂ, ਵੱਖ-ਵੱਖ ਸੰਘਰਸ਼ਾਂ ਅਤੇ ਈਰਾਨ ਅੰਦਰ ਸਰਕਾਰ ਵਿਰੁੱਧ ਪ੍ਰਦਰਸ਼ਨਾਂ ਦੌਰਾਨ ਮਾਰੇ ਲੋਕਾਂ ਦੇ ਪਰਿਵਾਰਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਲਿਬਨਾਨ, ਸੀਰੀਆ, ਯਮਨ ਅਤੇ ਗਾਜ਼ਾ ’ਚ ਹੋਈਆਂ ਮੌਤਾਂ ਅਤੇ ਨੁਕਸਾਨ ਲਈ ਵੀ ਈਰਾਨ ਨੂੰ ਜ਼ਿੰਮੇਵਾਰ ਦੱਸਿਆ।  ਟਰੰਪ ਅਨੁਸਾਰ ਅਮਰੀਕਾ ਇਸ ਵੇਲੇ ਈਰਾਨ ਨਾਲ ਸਿਰਫ਼ ਸੀਮਤ ਪੱਧਰ ’ਤੇ ਸੰਪਰਕ ਵਿੱਚ ਹੈ ਅਤੇ ਸਮਝੌਤੇ ਲਈ ਜਲਦਬਾਜ਼ੀ ਨਹੀਂ ਕਰੇਗਾ। ਵਾਸ਼ਿੰਗਟਨ ਦਾ ਧਿਆਨ ਪਾਬੰਦੀਆਂ, ਜਲ ਸੈਨਿਕ ਨਾਕਾਬੰਦੀ ਅਤੇ ਤੇਲ ਬਰਾਮਦ ’ਚ ਰੁਕਾਵਟ ਰਾਹੀਂ ਤਹਿਰਾਨ ’ਤੇ ਆਰਥਿਕ ਦਬਾਅ ਕਾਇਮ ਰੱਖਣ ਉੱਤੇ ਹੈ।ਰਾਸ਼ਟਰਪਤੀ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਜਲ ਸੈਨਾ ਨੇ ਹੋਰਮੁਜ਼ ਜਲਮਾਰਗ ’ਚੋਂ ਸਮੁੰਦਰੀ ਬਾਰੂਦੀ ਸੁਰੰਗਾਂ ਹਟਾ ਦਿੱਤੀਆਂ ਹਨ ਅਤੇ ਇਸ ਮਾਰਗ ’ਤੇ ਅਮਰੀਕਾ ਦਾ ਪੂਰਾ ਕੰਟਰੋਲ ਹੈ। ਪਰ ਇਹ ਵੀ ਮੰਨਿਆ ਕਿ ਈਰਾਨ ਅਜੇ ਵੀ ਹੋਰਮੁਜ਼ ’ਚ ਮੁਸ਼ਕਲ ਪੈਦਾ ਕਰ ਸਕਦਾ ਹੈ। ਅਮਰੀਕਾ ਹੋਰਮੁਜ਼ ’ਚ ਬਿਨਾਂ ਰੁਕਾਵਟ ਕੌਮਾਂਤਰੀ ਜਹਾਜ਼ਾਂ ਦੀ ਆਵਾਜਾਈ ਅਤੇ ਤੇਲ ਤੇ ਗੈਸ ਦੀ ਸੁਰੱਖਿਅਤ ਸਪਲਾਈ ਚਾਹੁੰਦਾ ਹੈ। ਵਾਸ਼ਿੰਗਟਨ ਈਰਾਨ ਵਲੋਂ ਇਸ ਸਮੁੰਦਰੀ ਮਾਰਗ ’ਤੇ ਆਪਣੀਆਂ ਸ਼ਰਤਾਂ ਜਾਂ ਫੀਸ ਲਗਾਉਣ ਦੀ ਮੰਗ ਮੰਨਣ ਲਈ ਤਿਆਰ ਨਹੀਂ ਦਿਖਾਈ ਦੇ ਰਿਹਾ। ਟਰੰਪ ਦੇ ਤਾਜ਼ਾ ਬਿਆਨ ਤੋਂ ਸਪੱਸ਼ਟ ਹੈ ਕਿ ਅਮਰੀਕਾ ਹੁਣ ਈਰਾਨ ਦੀ ਮੁਆਵਜ਼ੇ ਵਾਲੀ ਸ਼ਰਤ ਨੂੰ ਇਕਤਰਫ਼ਾ ਤੌਰ ’ਤੇ ਸਵੀਕਾਰ ਨਹੀਂ ਕਰੇਗਾ। ਤਹਿਰਾਨ ਨੇ ਜੇ ਭਰਪਾਈ ਦੀ ਮੰਗ ਗੱਲਬਾਤ ਵਿਚ ਰੱਖੀ ਤਾਂ ਵਾਸ਼ਿੰਗਟਨ ਵੀ ਆਪਣੀ ਮੁਆਵਜ਼ੇ ਦੀ ਸੂਚੀ ਸਾਹਮਣੇ ਰੱਖੇਗਾ। ਦੋਵਾਂ ਧਿਰਾਂ ਦੇ ਸਖ਼ਤ ਰੁਖ਼ ਕਾਰਨ ਹੋਰਮੁਜ਼ ਬਾਰੇ ਤੁਰੰਤ ਸਮਝੌਤੇ ਦੀ ਸੰਭਾਵਨਾ ਹੋਰ ਕਮਜ਼ੋਰ ਹੋ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਤੇ ਈਰਾਨ ਸਮਝੌਤੇ ਦੇ ਨੇੜੇ ਪਹੁੰਚ ਰਹੇ ਹਨ- ਖ਼ਵਾਜਾ ਆਸਿਫ਼ ਅਗਲੀ ਖ਼ਬਰ ਚੀਨ ਨਾਲ ਸਰਹੱਦੀ ਸਥਿਤੀ ਦੋਵਾਂ ਦੇਸ਼ਾਂ ਦੇ ਸੰਬੰਧਾਂ ਨੂੰ ਪ੍ਰਭਾਵਿਤ ਕਰੇਗੀ-ਭਾਰਤ
Ad Position 24