* ਪੰਜਾਬ ਤੋਂ ਮਨਪ੍ਰੀਤ ਸਿੰਘ ਬਾਦਲ ਨੂੰ ਬਣਾਇਆ ਰਾਸ਼ਟਰੀ ਉਪ ਪ੍ਰਧਾਨ
* ਤਰੁਣ ਚੁੱਘ ਨੂੰ ਪਾਰਟੀ ਦੇ ਰਾਸ਼ਟਰੀ ਦਫ਼ਤਰ ਦੇ ਇੰਚਾਰਜ ਦਾ ਵਾਧੂ ਭਾਰ ਸੌਂਪਿਆ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 17 ਅਗਸਤ - ਭਾਜਪਾ ਪ੍ਰਧਾਨ ਨਿਤਿਨ ਨਬੀਨ ਵਲੋਂ ਸੋਮਵਾਰ ਨੂੰ 65 ਮੈਂਬਰੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ, ਜਿਸ ’ਚ ਲੰਬੇ ਸਮੇਂ ਤੋਂ ਹਾਸ਼ੀਏ ’ਤੇ ਚੱਲ ਰਹੀ ਸਮ੍ਰਿਤੀ ਈਰਾਨੀ ਨੂੰ ਥਾਂ ਦਿੱਤੀ ਗਈ। ਨਾਲ ਹੀ ਰਾਘਵ ਚੱਢਾ ਦੇ ਨਾਲ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ’ਚ ਸ਼ਾਮਿਲ ਹੋਏ ਸੰਦੀਪ ਪਾਠਕ ਨੂੰ ਵੀ ਟੀਮ ’ਚ ਸ਼ਾਮਿਲ ਕੀਤਾ ਗਿਆ ਅਤੇ ਪੰਜਾਬ ਦੀ ਨੁਮਾਇੰਦਗੀ ਵਜੋਂ ਕਾਂਗਰਸ ਛੱਡ ਕੇ ਭਾਜਪਾ ’ਚ ਆਏ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਟੀਮ ’ਚ ਸ਼ਾਮਿਲ ਕੀਤਾ ਗਿਆ। ਨਾਲ ਹੀ ਰਾਸ਼ਟਰੀ ਮਹਾਂਮੰਤਰੀ ਤਰੁਣ ਚੁੱਘ ਨੂੰ ਪਾਰਟੀ ਦੇ ਰਾਸ਼ਟਰੀ ਦਫ਼ਤਰ ਇੰਚਾਰਜ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ।
ਨਿਤਿਨ ਨਬੀਨ ਦੀ ਟੀਮ ’ਚ 12 ਔਰਤਾਂ
ਭਾਜਪਾ ਵਲੋਂ ਸੋਮਵਾਰ ਨੂੰ ਐਲਾਨੀ ਗਈ ਨਵੀਂ ਰਾਸ਼ਟਰੀ ਟੀਮ ’ਚ 13 ਉਪ ਪ੍ਰਧਾਨ, 8 ਜਨਰਲ ਸਕੱਤਰ, 16 ਸਕੱਤਰ ਅਤੇ 28 ਮੈਂਬਰ ਸ਼ਾਮਿਲ ਹਨ। ਇਸ ਟੀਮ ’ਚ ਕੁੱਲ 12 ਔਰਤਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਜਿਨ੍ਹਾਂ ’ਚੋਂ 3 ਚੋਣ ਮੁਖੀ ਸੂਬੇ ਉੱਤਰ ਪ੍ਰਦੇਸ਼ ਤੋਂ ਹਨ। ਸ਼ਾਮਿਲ ਔਰਤਾਂ ’ਚ ਵਸੁੰਧਰਾ ਰਾਜੇ, ਡੀ. ਪੁਰਦੇਸ਼ਵਰੀ, ਰੇਖਾ ਵਰਮਾ, ਵਰਸ਼ਾਬੇਨ ਦੋਸ਼ੀ, ਡਾ. ਭਾਰਤੀ ਪਵਾਰ ਅਤੇ ਡਾ. ਮਧੁਚੰਦਰਕਰ ਨੂੰ ਰਾਸ਼ਟਰੀ ਉਪ ਪ੍ਰਧਾਨ ਬਣਾਇਆ ਗਿਆ। ਜਦਕਿ ਲੰਮੇ ਸਮੇਂ ਤੋਂ ਹਾਸ਼ੀਏ ’ਤੇ ਚਲ ਰਹੇ ਸਮ੍ਰਿਤੀ ਇਰਾਨੀ ਨੂੰ ਜਨਰਲ ਸਕੱਤਰ ਬਣਾਇਆ ਗਿਆ। ਕਵਿਤਾ ਪਾਟੀਦਾਰ, ਫਾਗਨੋਨ ਕੋਨਯਾਕ ਅਤੇ ਸੰਗੀਤਾ ਯਾਦਵ ਨੂੰ ਮੰਤਰੀ, ਰੂਪ ਕੁਮਾਰੀ ਚੌਧਰੀ ਨੂੰ ਮਹਿਲਾ ਮੋਰਚਾ ਦੀ ਪ੍ਰਧਾਨ ਅਤੇ ਪ੍ਰੀਤੀ ਗਾਂਧੀ ਨੂੰ ਸੋਸ਼ਲ ਮੀਡੀਆ ਸਹਿ-ਸੰਯੋਜਕ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਸੁਤੰਤਰਤਾ ਦਿਵਸ ਦੇ ਭਾਸ਼ਨ ਵੇਲੇ ਵਿਰੋਧੀ ਪਾਰਟੀਆਂ ਨੂੰ ਲੋਕ ਸਭਾ ਅਤੇ ਵਿਧਾਨ ਸਭਾ ’ਚ ਔਰਤਾਂ ਦੇ 33 ਫ਼ੀਸਦੀ ਰਾਖਵੇਂਕਰਨ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਹੈ। ਅਜਿਹੇ ’ਚ ਸੰਗਠਨ ’ਚ ਔਰਤਾਂ ਦੀ ਵਧੀ ਹੋਈ ਨੁਮਾਇੰਦਗੀ ਨੂੰ ਇਸ ਦਿਸ਼ਾ ’ਚ ਚੁੱਕਿਆ ਸੰਕੇਤਕ ਕਦਮ ਮੰਨਿਆ ਜਾ ਰਿਹਾ ਹੈ। ਹਾਲਾਂਕਿ ਇਹ 20 ਫ਼ੀਸਦੀ ਤੋਂ ਵੀ ਘੱਟ ਹੈ।
ਮਨਪ੍ਰੀਤ ਸਿੰਘ ਬਾਦਲ ਨੂੰ ਬਣਾਇਆ ਉਪ ਪ੍ਰਧਾਨ
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਭਾਜਪਾ ਦਾ ਰਾਸ਼ਟਰੀ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਮਨਪ੍ਰੀਤ ਸਿੰਘ ਬਾਦਲ ਜਨਵਰੀ 2023 ’ਚ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਿਲ ਹੋਏ ਸਨ। 5 ਵਾਰ ਵਿਧਾਇਕ ਰਹਿ ਚੁੱਕੇ ਮਨਪ੍ਰੀਤ ਦੀ ਨਿਯੁਕਤੀ ਨੂੰ ਪੰਜਾਬ ’ਚ ਭਾਜਪਾ ਨੂੰ ਆਪਣਾ ਸਿਆਸੀ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ।
ਤਰੁਣ ਚੁੱਘ ਦੀ ਵੀ ਵਧੀ ਜ਼ਿੰਮੇਵਾਰੀ
ਲੰਮੇ ਸਮੇਂ ਤੋਂ ਭਾਜਪਾ ਦੇ ਸੰਗਠਨ ’ਚ ਸਰਗਰਮ ਭੂਮਿਕਾ ਨਿਭਾਅ ਰਹੇ ਤਰੁਣ ਚੁੱਘ ਨੂੰ ਪਾਰਟੀ ਦੇ ਰਾਸ਼ਟਰੀ ਦਫ਼ਤਰ ਇੰਚਾਰਜ ਦਾ ਵਾਧੂ ਭਾਰ ਸੌਂਪਿਆ ਗਿਆ ਹੈ। ਚੁੱਘ ਪਹਿਲਾਂ ਤੋਂ ਹੀ ਭਾਜਪਾ ਦੇ ਰਾਸ਼ਟਰੀ ਮਹਾਂਮੰਤਰੀ ਹਨ। ਚੁੱਘ ਨੂੰ ਹਾਲ ’ਚ ਹੀ ਮੱਧ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਬਣਾਇਆ ਗਿਆ ਹੈ। ਚੁੱਘ 2017 ’ਚ ਭਾਜਪਾ ਦੇ ਰਾਸ਼ਟਰੀ ਸਕੱਤਰ ਬਣੇ। ਇਸ ਤੋਂ ਬਾਅਦ 2020 ’ਚ ਪਾਰਟੀ ਦਾ ਰਾਸ਼ਟਰੀ ਜਨਰਲ ਸਕੱਤਰ ਬਣਾਇਆ ਗਿਆ। ਉਨ੍ਹਾਂ ਨੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਰਾਜਾਂ ਦੇ ਇੰਚਾਰਜ ਵਜੋਂ ਵੀ ਜ਼ਿੰਮੇਵਾਰੀਆਂ ਸੰਭਾਲੀਆਂ ਹਨ।
ਸੰਦੀਪ ਪਾਠਕ ਬਣੇ ਰਾਸ਼ਟਰੀ ਮੰਤਰੀ
ਆਮ ਆਦਮੀ ਪਾਰਟੀ ਦੇ ‘ਚਾਣਕਿਆ’ ਸਮਝੇ ਜਾਂਦੇ ਸੰਦੀਪ ਪਾਠਕ ਨੂੰ ਵੀ ਭਾਜਪਾ ਸੰਗਠਨ ’ਚ ਥਾਂ ਦਿੰਦਿਆਂ ਰਾਸ਼ਟਰੀ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ। ਸੰਦੀਪ ਪਾਠਕ ‘ਆਪ’ ਛੱਡਣ ਵਾਲੇ ਉਨ੍ਹਾਂ 7 ਰਾਜ ਸਭਾ ਸੰਸਦ ਮੈਂਬਰਾਂ ’ਚ ਸ਼ਾਮਿਲ ਸਨ, ਜਿਨ੍ਹਾਂ ਨੇ 24 ਅਪ੍ਰੈਲ ਨੂੰ ਭਾਜਪਾ ਦਾ ਲੜ ਫੜਿਆ ਸੀ। ਆਈ.ਆਈ.ਟੀ. ਦਿੱਲੀ ’ਚ ਪੜ੍ਹਾ ਚੁੱਕੇ ਸੰਦੀਪ ਪਾਠਕ ਦੀ ਦਿੱਲੀ ਅਤੇ ਪੰਜਾਬ ’ਚ ‘ਆਪ’ ਨੂੰ ਮਿਲੀ ਸਫ਼ਲਤਾ ’ਚ ਵੱਡੀ ਭੂਮਿਕਾ ਰਹੀ ਹੈ।
2027 ਵਿਧਾਨ ਸਭਾ ਚੋਣਾਂ ਵਾਲੇ ਰਾਜਾਂ ਤੋਂ 18 ਨਾਂਅ ਨਿਤਿਨ ਨਬੀਨ ਦੀ ਟੀਮ ’ਚ
ਭਾਜਪਾ ਦੀ ਨਵੀਂ ਟੀਮ ’ਚ 2027 ’ਚ ਵਿਧਾਨ ਸਭਾ ਚੋਣਾਂ ਵਾਲੇ 7 ਰਾਜਾਂ ’ਚੋਂ 4 ਰਾਜਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ, ਜਿਸ ’ਚ ਸਭ ਤੋਂ ਵੱਧ ਗਿਣਤੀ ਉੱਤਰ ਪ੍ਰਦੇਸ਼ ਦੀ ਹੈ। ਟੀਮ ’ਚ ਉੱਤਰ ਪ੍ਰਦੇਸ਼ ਤੋਂ 8, ਉੱਤਰਾਖੰਡ ਅਤੇ ਗੁਜਰਾਤ ਤੋਂ 4-4 ਅਤੇ ਪੰਜਾਬ ਤੋਂ 2 ਆਗੂ ਸ਼ਾਮਿਲ ਕੀਤੇ ਗਏ ਹਨ, ਜਦਕਿ ਗੋਆ, ਮਨੀਪੁਰ ਅਤੇ ਹਿਮਾਚਲ ਪ੍ਰਦੇਸ਼ ਤੋਂ ਕੋਈ ਨਾਂਅ ਨਹੀਂ ਹੈ। ਹਾਲਾਂਕਿ ਪੂਰੀ ਸੂਚੀ ’ਚ ਸਭ ਤੋਂ ਵੱਧ ਨੁਮਾਇੰਦਗੀ ਦਿੱਲੀ ਤੋਂ ਹੈ, ਜਿਥੋਂ ਦੇ 10 ਆਗੂ ਟੀਮ ’ਚ ਹਨ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਤੋਂ 6, ਮਹਾਰਾਸ਼ਟਰ ਤੋਂ 5, ਰਾਜਸਥਾਨ ਤੋਂ 4, ਬਿਹਾਰ ਤੋਂ 3, ਓਡੀਸ਼ਾ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਕੇਰਲ, ਛਤੀਸਗੜ੍ਹ, ਹਰਿਆਣਾ ਤੋਂ 2-2 ਅਤੇ ਤ੍ਰਿਪੁਰਾ, ਚੰਡੀਗੜ੍ਹ, ਝਾਰਖੰਡ, ਕਰਨਾਟਕ, ਤਾਮਿਲਨਾਡੂ, ਨਾਗਾਲੈਂਡ ਅਤੇ ਅਸਮ ਤੋਂ 1-1 ਆਗੂ ਟੀਮ ’ਚ ਸ਼ਾਮਿਲ ਕੀਤਾ ਗਿਆ ਹੈ।
ਦੋ ਮੁਸਲਮਾਨ ਨੇਤਾ ਵੀ ਟੀਮ ’ਚ ਸ਼ਾਮਿਲ
ਨਿਤਿਨ ਨਬੀਨ ਦੀ ਟੀਮ ’ਚ ਦੋ ਮੁਸਲਮਾਨ ਚਿਹਰਿਆਂ ਨੂੰ ਥਾਂ ਦਿੱਤੀ ਗਈ ਹੈ। ਡਾ. ਤਾਰਿਕ ਮਨਸੂਰ ਅਤੇ ਕੁੰਵਰ ਬਾਸਿਤ ਅਲੀ ਭਾਜਪਾ ਪ੍ਰਧਾਨ ਦੀ ਟੀਮ ਦੇ ਮੈਂਬਰ ਹਨ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਰਹਿ ਚੁੱਕੇ ਡਾ. ਤਾਰਿਕ ਮਨਸੂਰ ਨੂੰ ਰਾਸ਼ਟਰੀ ਉਪ ਪ੍ਰਧਾਨ ਬਣਾਇਆ ਗਿਆ ਹੈ, ਜਦਕਿ ਕੁੰਵਰ ਬਾਸਿਤ ਅਲੀ ਨੂੰ ਘੱਟ ਗਿਣਤੀ ਮੋਰਚਾ ਦਾ ਪ੍ਰਧਾਨ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਦੋਵੇਂ ਹੀ ਮੁਸਲਮਾਨ ਨੇਤਾ ਚੋਣ ਮੁਖੀ ਸੂਬੇ ਉੱਤਰ ਪ੍ਰਦੇਸ਼ ਤੋਂ ਹਨ।
ਰਾਮ ਮਾਧਵ ਦੀ ਸੰਗਠਨ ’ਚ ਵਾਪਸੀ
ਆਰ.ਐਸ.ਐਸ. ਦੇ ਪ੍ਰਚਾਰਕ ਵਜੋਂ ਕੰਮ ਕਰ ਚੁੱਕੇ ਰਾਮ ਮਾਧਵ ਨੇ 6 ਸਾਲ ਬਾਅਦ ਭਾਜਪਾ ਸੰਗਠਨ ’ਚ ਵਾਪਸੀ ਕੀਤੀ ਹੈ। ਹਲਕਿਆਂ ਮੁਤਾਬਿਕ ਰਾਮ ਮਾਧਵ ਨੂੰ ਇਹ ਜ਼ਿੰਮੇਵਾਰੀ ਦਿਵਾਉਣ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੱਡੀ ਭੂਮਿਕਾ ਹੈ। ਸੰਘ ਦੇ ਪ੍ਰਚਾਰਕ ਅਤੇ ਪੱਛਮੀ ਬੰਗਾਲ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੁਨੀਲ ਬਾਂਸਲ ਨੂੰ ਰਾਸ਼ਟਰੀ ਜਨਰਲ ਸਕੱਤਰ ਦੇ ਅਹੁਦੇ ’ਤੇ ਬਣਾਈ ਰੱਖਿਆ ਹੈ। ਇਸ ਤੋਂ ਇਲਾਵਾ ਆਰ.ਐਸ.ਐਸ. ਨੇਤਾ ਬੀ.ਐਲ. ਸੰਤੋਸ਼ ਵੀ ਸੰਗਠਨ ਮਹਾਂਸਕੱਤਰ ਦੇ ਅਹੁਦੇ ’ਤੇ ਬਣੇ ਰਹਿਣਗੇ। ਸੰਘ ਦੇ ਦੋ ਹੋਰ ਪ੍ਰਚਾਰਕ ਸ਼ਿਵ ਪ੍ਰਕਾਸ਼ ਅਤੇ ਸੋਦਾਨ ਸਿੰਘ ਸੰਗਠਨ ਦੇ ਸਹਿ ਮੰਤਰੀ ਬਣੇ ਰਹਿਣਗੇ।
ਅਨਿਲ ਐਂਟਨੀ ਵੀ ਟੀਮ ਨਬੀਨ ਦਾ ਹਿੱਸਾ
ਕਾਂਗਰਸ ਦੇ ਸੀਨੀਅਰ ਨੇਤਾ ਸਾਬਕਾ ਕੇਂਦਰੀ ਮੰਤਰੀ ਏ.ਕੇ. ਐਂਟਨੀ ਦੇ ਬੇਟੇ ਅਨਿਲ ਐਂਟਨੀ ਨੂੰ ਵੀ ਟੀਮ ਨਬੀਨ ਦਾ ਹਿੱਸਾ ਬਣਾਇਆ ਗਿਆ। ਅਨਿਲ ਐਂਟਨੀ ਨੂੰ ਰਾਸ਼ਟਰੀ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ। ਜ਼ਿਕਰਯੋਗ ਹੈ ਹੈ ਅਨਿਲ ਐਂਟਨੀ ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਡਿਜੀਟਲ ਮੀਡੀਆ ਸੈੱਲ ਦੇ ਕਨਵੀਨਰ ਅਤੇ ਕਾਂਗਰਸ ਦੇ ਸੋਸ਼ਲ ਮੀਡੀਆ ਅਤੇ ਡਿਜੀਟਲ ਸੰਚਾਰ ਸੈੱਲ ਦੇ ਰਾਸ਼ਟਰੀ ਕੋਆਰਡੀਨੇਟਰ ਸਨ। ਉਨ੍ਹਾਂ 2019 ਦੀਆਂ ਲੋਕ ਸਭਾ ਚੋਣਾਂ ਲਈ ਕੇਰਲ ਵਾਰ ਰੂਮ ਦੀ ਸਥਾਪਨਾ ਅਤੇ ਪ੍ਰਬੰਧਨ ’ਚ ਅਹਿਮ ਭੂਮਿਕਾ ਨਿਭਾਈ ਸੀ।
ਅਮਿਤ ਮਾਲਵੀਆ ਦੀ ਥਾਂ ਦੀਪਕ ਮਹਸਕੇ ਨੇ ਲਈ
ਭਾਜਪਾ ਆਈ.ਟੀ. ਸੈੱਲ ਦੇ ਇੰਚਾਰਜ ਅਮਿਤ ਮਾਲਵੀਆ ਨੂੰ ਹਟਾ ਕੇ ਦੀਪਕ ਮਹਸਕੇ ਨੂੰ ਇਹ ਅਹੁਦਾ ਦਿੱਤਾ ਗਿਆ। ਤਕਰੀਬਨ 11 ਸਾਲ ਤੋਂ ਭਾਜਪਾ ਆਈ.ਟੀ. ਸੈੱਲ ਦੇ ਮੁਖੀ ਰਹੇ ਅਮਿਤ ਮਾਲਵੀਆ ਦੀ ਥਾਂ ਲੈਣ ਵਾਲੇ ਦੀਪਕ ਮਹਸਕੇ ਛਤੀਸਗੜ੍ਹ ਤੋਂ ਹਨ ਅਤੇ ਪਹਿਲਾਂ ਭਾਜਪਾ ਦੇ ਰਾਸ਼ਟਰੀ ਬੁਲਾਰੇ ਰਹਿ ਚੁੱਕੇ ਹਨ ਅਤੇ ਪਾਰਟੀ ਦੇ ਸੰਗਠਨਾਤਮਿਕ ਅਤੇ ਮੀਡੀਆ ਨਾਲ ਜੁੜੇ ਮਾਮਲਿਆਂ ’ਚ ਸਰਗਰਮ ਭੂਮਿਕਾ ਨਿਭਾਉਂਦੇ ਰਹੇ ਹਨ। ਦੀਪਕ ਮਹਸਕੇ ਦੇ ਨਾਲ ਪ੍ਰੀਤੀ ਗਾਂਧੀ ਨੂੰ ਆਈ.ਟੀ. ਸੈੱਲ ਦਾ ਸਹਿ-ਸੰਯੋਜਕ ਬਣਾਇਆ ਗਿਆ ਹੈ। ਨਵੀਂ ਟੀਮ ’ਚ ਸਿਰਫ਼ 14 ਪੁਰਾਣੇ ਚਿਹਰਿਆਂ ਨੂੰ ਥਾਂ ਦਿੱਤੀ ਗਈ ਹੈ, ਜਦਕਿ 51 ਨਵੇਂ ਚਿਹਰੇ ਸ਼ਾਮਿਲ ਕੀਤੇ ਗਏ ਹਨ।