ਅੰਮ੍ਰਿਤਸਰ, 23 ਅਗਸਤ (ਸੁਰਿੰਦਰ ਕੋਛੜ)-ਆਪ੍ਰੇਸ਼ਨ ਸੰਧੂਰ ’ਚ ਭਾਰਤੀ ਕਾਰਵਾਈ ਦੌਰਾਨ ਢਾਹੇ ਗਏ ਲਹਿੰਦੇ ਪੰਜਾਬ ਦੇ ਬਹਾਵਲਪੁਰ ਦੇ ਅਹਿਮਦਪੁਰ ਵਿਚਲੇ ਜੈਸ਼-ਏ-ਮੁਹੰਮਦ ਦੇ ਹੈੱਡਕੁਆਟਰ ਮਰਕਜ਼-ਏ-ਸੁਭਹਾਨ ਅੱਲਾ (ਮਰਕਜ਼ ਤੋਇਬਾ) ਨੂੰ ਹੁਣ ਦੁਬਾਰਾ ਬਣਾਇਆ ਜਾ ਰਿਹਾ ਹੈ। ਤੇਜ਼ੀ ਨਾਲ ਕੀਤੀ ਜਾ ਰਹੀ ਉਸਾਰੀ ਦੇ ਚਲਦਿਆਂ ਭਾਰਤੀ ਹਮਲੇ ’ਚ ਨੁਕਸਾਨੇ ਗੁੰਬਦਾਂ ਨੂੰ ਪਲਾਸਟਰ, ਚਮਕਦਾਰ ਪੇਂਟ ਅਤੇ ਸੰਗਮਰਮਰ ਨਾਲ ਸਜਾਇਆ ਜਾ ਰਿਹਾ ਹੈ। ਭਾਰਤੀ ਮਿਜ਼ਾਈਲਾਂ ਨਾਲ ਪੂਰੀ ਤਰ੍ਹਾਂ ਤਬਾਹ ਹੋਏ ਸੈਂਟਰਲ ਹਾਲ ਨੂੰ ਵੀ ਬਿਲਕੁਲ ਨਵੇਂ ਢੰਗ ਨਾਲ ਤਿਆਰ ਕਰ ਦਿੱਤਾ ਗਿਆ ਹੈ। ਇਸ ਮੁੱਖ ਹਾਲ ਦੀਆਂ ਛੱਤਾਂ ’ਚ ਭਾਰਤੀ ਮਿਜ਼ਾਈਲਾਂ ਨਾਲ ਪਏ ਡੂੰਘੇ ਛੇਕਾਂ ਅਤੇ ਹੋਰ ਨੁਕਸਾਨ ਨੂੰ ਭਰ ਦਿੱਤਾ ਗਿਆ ਹੈ ਤੇ ਇਸ ਦੇ ਨਵੇਂ ਫ਼ਰਸ਼ ’ਤੇ ਆਯਾਤ ਕੀਤਾ ਗਿਆ ਮਹਿੰਗਾ ਸੰਗਮਰਮਰ ਲਗਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਅੱਤਵਾਦੀ ਸਿਖਲਾਈ ਸੈਂਟਰ ਦੀ ਮੁਰੰਮਤ ਲਈ ਪਾਕਿਸਤਾਨੀ ਸਰਕਾਰ ਨੇ ਜੈਸ਼-ਏ-ਮੁਹੰਮਦ ਨੂੰ ਲਗਭਗ 25 ਕਰੋੜ ਪਾਕਿਸਤਾਨੀ ਰੁਪਏ ਦਿੱਤੇ ਹਨ। ਇਸ ਰਕਮ ’ਚੋਂ ਲਗਭਗ 11 ਕਰੋੜ ਰੁਪਏ ਸਿਰਫ਼ ਕੇਂਦਰੀ ਹਾਲ ਦੀ ਉਸਾਰੀ ’ਤੇ ਖ਼ਰਚ ਕੀਤੇ ਗਏ ਹਨ। ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਪਾਕਿ ਸਰਕਾਰ ਜਿਸ ਗਲੋਬਲ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਸਿਖਲਾਈ ਸੈਂਟਰ ਨੂੰ ਦੁਬਾਰਾ ਬਣਾਉਣ ਲਈ ਏਨੀ ਵੱਡੀ ਰਕਮ ਖ਼ਰਚ ਕਰ ਰਹੀ ਹੈ, ਉਸ ਨੂੰ ਸੰਯੁਕਤ ਰਾਸ਼ਟਰ ਦੁਆਰਾ ਇਕ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਕੀਤਾ ਗਿਆ ਹੈ। ਮਰਕਜ਼ ਤੋਇਬਾ ਦੇ ਅੰਦਰ ਮਦਰੱਸਾ ਅਲ-ਸਬੀਰ ਅਤੇ ਮਰਕਜ਼ ਕੰਪਲੈਕਸ ਦੇ ਅੰਦਰ ਅੱਤਵਾਦੀ ਕਮਾਂਡਰਾਂ ਦੇ ਕੁਆਰਟਰਾਂ ਦੀ ਵੀ ਨਵੀਂ ਉਸਾਰੀ ਕਰਵਾਈ ਜਾ ਰਹੀ ਹੈ। ਆਪ੍ਰੇਸ਼ਨ ਸੰਧੂਰ ਦੌਰਾਨ ਇਨ੍ਹਾਂ ਕੁਆਟਰਾਂ ’ਚ ਰਹਿ ਰਹੇ ਜੈਸ਼-ਏ-ਮੁਹੰਮਦ ਦੇ ਪ੍ਰਮੁੱਖ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਦੇ ਪਰਿਵਾਰ ਦੇ 10 ਮੈਂਬਰਾਂ ਸਮੇਤ 100 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ। ਪਾਕਿ ’ਚ ਸਰਗਰਮ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਗੁਪਤ ਰੂਪ ’ਚ 313 ਨਵੇਂ ਮਰਕਜ਼ (ਸਿਖਲਾਈ ਕੈਂਪ ਅਤੇ ਸੁਰੱਖਿਅਤ ਪਨਾਹਗਾਹਾਂ) ਬਣਾਉਣ ਹਿਤ 3,910 ਕਰੋੜ ਰੁਪਏ ਇਕੱਠੇ ਕਰਨ ਲਈ ਇਕ ‘ਆਨਲਾਈਨ ਦਾਨ ਮੁਹਿੰਮ’ ਵੀ ਸ਼ੁਰੂ ਕੀਤੀ ਹੈ। ਇਹ ਮੁਹਿੰਮ ਜੈਸ਼ ਦੇ ਅੱਤਵਾਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਹਥਿਆਰਾਂ ਦੇ ਭੰਡਾਰ ਨੂੰ ਵਧਾਉਣ ਵੱਲ ਇਕ ਵੱਡਾ ਕਦਮ ਦੱਸੀ ਜਾ ਰਹੀ ਹੈ। ਦਾਨ ਦੀ ਇਸ ਰਕਮ ਨਾਲ ਜੈਸ਼ ਦੀ ਨਾ ਸਿਰਫ਼ ਨਵੇਂ ਕੈਂਪ ਬਣਾਉਣ ਸਗੋਂ ਮਸ਼ੀਨ ਗੰਨ, ਰਾਕਟ ਲਾਂਚਰ ਅਤੇ ਮੋਰਟਾਰ ਵਰਗੇ ਉੱਨਤ ਹਥਿਆਰ ਖ਼ਰੀਦਣ ਦੀ ਵੀ ਯੋਜਨਾ ਹੈ। ਇਸ ਰਕਮ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ ਨੂੰ ਵਧਾਉਣ ਅਤੇ ਨਵੇਂ ਹਮਲਿਆਂ ਦੀ ਯੋਜਨਾ ਬਣਾਉਣ ਲਈ ਕੀਤੀ ਜਾਣੀ ਹੈ।
ਆਪ੍ਰੇਸ਼ਨ ਸੰਧੂਰ ’ਚ ਢਾਹੇ ਜੈਸ਼ ਦੇ ਹੈੱਡਕੁਆਰਟਰ ਦੀ ਤੇਜ਼ੀ ਨਾਲ ਕਰਵਾਈ ਜਾ ਰਹੀ ਹੈ ਉਸਾਰੀ
ਅੰਮ੍ਰਿਤਸਰ, 23 ਅਗਸਤ (ਸੁਰਿੰਦਰ ਕੋਛੜ)-ਆਪ੍ਰੇਸ਼ਨ ਸੰਧੂਰ ’ਚ ਭਾਰਤੀ ਕਾਰਵਾਈ ਦੌਰਾਨ ਢਾਹੇ ਗਏ ਲਹਿੰਦੇ ਪੰਜਾਬ ਦੇ ਬਹਾਵਲਪੁਰ ਦੇ ਅਹਿਮਦਪੁਰ ਵਿਚਲੇ ਜੈਸ਼-ਏ-ਮੁਹੰਮਦ ਦੇ ਹੈੱਡਕੁਆਟਰ ਮਰਕਜ਼-ਏ-ਸੁਭਹਾਨ ਅੱਲਾ (ਮਰਕਜ਼ ...
ਅਜੀਤ ਡੈਸਕ
24-08-2026