24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਅਨੰਦਪੁਰ ਸਾਹਿਬ ਦੀ ਪੁਨਰ-ਸਥਾਪਨਾ

ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਅਨੰਦਪੁਰ ਸਾਹਿਬ ਦੀ ਪੁਨਰ-ਸਥਾਪਨਾ

Ad Position 21
No active advertisement
ਅਜੀਤ ਡੈਸਕ 24-08-2026

ਨਵੰਬਰ 1675 ਈ. 'ਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ  ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹੀਦ ਕਰ ਦਿੱਤਾ ਗਿਆ | ਭਾਈ ਜੈਤਾ ਜੀ, ਭਾਈ ਨੰਨੂ ਰਾਮ ਤੇ ਭਾਈ ਉਦੇ ਰਠੌਰ ਨੇ ਗੁਰੂ ਜੀ ਦੇ ਸੀਸ ਨੂੰ  ਚੁੱਕਿਆ ਤੇ ਮੁਗ਼ਲ ਫ਼ੌਜਾਂ ਤੋਂ ਬਚਦੇ-ਬਚਾਉਂਦੇ ਚੱਕ ਨਾਨਕੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਲੈ ਆਏ | ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਹੀ ਸੀਸ ਦਾ ਸਸਕਾਰ ਕੀਤਾ ਤੇ ਭਾਈ ਜੈਤਾ ਜੀ ਨੂੰ  'ਰੰਘਰੇਟੇ ਗੁਰੂ ਕੇ ਬੇਟੇ' ਦੇ ਖ਼ਿਤਾਬ ਨਾਲ ਨਿਵਾਜਿਆ | 13 ਅਪ੍ਰੈਲ, 1699 ਨੂੰ  ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਸਾਜ ਕੇ ਸਿੱਖਾਂ ਨੂੰ  ਇਕ ਵੱਖਰੀ ਪਛਾਣ ਦੇ ਦਿੱਤੀ | ਭਾਵੇਂ ਖ਼ਾਲਸਾ ਸਾਜਨਾ ਤੋਂ ਪਹਿਲਾਂ ਵੀ ਗੁਰੂ ਜੀ ਨੇ ਪਹਾੜੀ ਰਾਜਿਆਂ ਨਾਲ ਭੰਗਾਣੀ ਤੇ ਨਾਦੌਣ ਦੀ ਲੜਾਈ 'ਚ ਸਫਲਤਾ ਪ੍ਰਾਪਤ ਕਰ ਲਈ ਸੀ, ਪਰ ਫਿਰ ਵੀ ਮੁਗਲ ਰਾਜੇ ਤੇ ਪਹਾੜੀ ਰਾਜੇ ਗੁਰੂ ਜੀ ਦੀ ਵਧਦੀ ਤਾਕਤ ਨੂੰ  ਸਹਾਰ ਨਹੀਂ ਰਹੇ ਸਨ | 1699 ਤੋਂ ਬਾਅਦ ਵੀ 1704 ਤੱਕ ਕਈ ਵਾਰ ਅਨੰਦਪੁਰ ਸਾਹਿਬ 'ਤੇ ਹਮਲੇ ਕੀਤੇ ਗਏ ਪਰ ਪਹਾੜੀ ਤੇ ਮੁਗ਼ਲ ਰਾਜਿਆਂ ਨੂੰ  ਮੂੰਹ ਦੀ ਖਾਣੀ ਪਈ | ਜਦੋਂ 1705 'ਚ ਪਹਾੜੀ ਤੇ ਮੁਗ਼ਲ ਰਾਜਿਆਂ ਦੀ ਸਾਂਝੀ ਫ਼ੌਜ ਨੇ ਅਨੰਦਪੁਰ ਸਾਹਿਬ ਨੂੰ  ਛੇ ਤੋਂ ਅੱਠ ਮਹੀਨਿਆਂ ਤੱਕ ਘੇਰਾ ਪਾਇਆ ਤਾਂ 1705 'ਚ 6-7 ਪੋਹ ਦੀ ਰਾਤ ਨੂੰ  ਗੁਰੂ ਜੀ ਨੂੰ  ਪਰਿਵਾਰ ਤੇ ਸਿੰਘਾਂ ਸਮੇਤ ਅਨੰਦਗੜ੍ਹ ਦੇ ਕਿਲ੍ਹੇ ਨੂੰ  ਅਲਵਿਦਾ ਆਖਣਾ ਪਿਆ | ਗੁਰੂ ਜੀ ਦੇ ਅਨੰਦਪੁਰ ਸਾਹਿਬ ਨੂੰ  ਛੱਡ ਕੇ ਜਾਣ ਪਿੱਛੋਂ ਪਹਾੜੀ ਰਾਜੇ ਅਜਮੇਰ ਚੰਦ ਦੀ ਸਾਰੀ ਸੈਨਾ ਨੇ ਅਨੰਦਪੁਰ ਸਾਹਿਬ ਸ਼ਹਿਰ ਦੀ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ | ਅਜਮੇਰ ਚੰਦ ਭੀਮ ਚੰਦ ਦਾ ਪੁੱਤਰ ਸੀ ਤੇ ਦੀਪ ਚੰਦ ਦਾ ਪੋਤਰਾ | ਦੀਪ ਚੰਦ ਦੀ ਵਿਧਵਾ ਘਰਵਾਲੀ ਰਾਣੀ ਚੰਪਾ ਤੋਂ ਅਨੰਦਪੁਰ ਸਾਹਿਬ ਦੀ ਜਗ੍ਹਾ ਗੁਰੂ ਤੇਗ਼ ਬਹਾਦਰ ਜੀ ਨੇ ਮੁੱਲ ਖਰੀਦੀ ਸੀ | ਅਜਮੇਰ ਚੰਦ ਦੇ ਹੁਕਮਾਂ ਦੇ ਅਨੁਸਾਰ ਸੈਨਾ ਨੇ ਅਨੰਦਪੁਰ ਸਾਹਿਬ ਸ਼ਹਿਰ ਦੇ ਘਰਾਂ ਨੂੰ  ਤਬਾਹ ਕਰ ਦਿੱਤਾ | ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਮਹਾਤਮਾ ਭਾਈ ਗੁਰਬਖਸ਼ ਦਾਸ ਨੂੰ  (ਜੋ ਮਹਾਦੇਵ ਉਦਾਸੀ ਸਾਧੂ ਦਾ ਚੇਲਾ ਸੀ) ਅਨੰਦਪੁਰ ਸਾਹਿਬ ਦੇ ਸਾਰੇ ਗੁਰਦੁਆਰਿਆਂ ਦਾ ਰਖਵਾਲਾ ਥਾਪ ਗਏ ਸਨ | ਗੁਰਬਖਸ਼ ਦਾਸ ਨੂੰ  ਸੀਸ ਗੰਜ ਸਾਹਿਬ ਤੇ ਗੁਰੂ ਕੇ ਮਹਿਲਾਂ ਦਾ ਖ਼ਾਸ ਧਿਆਨ ਰੱਖਣ ਲਈ ਕਿਹਾ ਗਿਆ ਸੀ | ਗੁਰੂ ਤੇਗ਼ ਬਹਾਦਰ ਜੀ ਦੇ ਸੀਸ ਦੇ ਅੰਤਿਮ ਸਸਕਾਰ ਵਾਲਾ ਸਥਾਨ ਕਿਸੇ ਤਰ੍ਹਾਂ ਬਚਿਆ ਰਿਹਾ ਅਤੇ ਭਾਈ ਗੁਰਬਖਸ਼ ਦਾਸ ਇਨ੍ਹਾਂ ਸਥਾਨਾਂ 'ਤੇ ਗੁਰੂ ਦੀ ਬੰਦਗੀ ਕਰਦੇ |
ਗੁਰੂ ਜੀ ਦਾ ਇਕ ਹੁਕਮਨਾਮਾ ਮਿਤੀ 15 ਅਕਤੂਬਰ, 1707 'ਚ ਲਿਖਿਆ ਮਿਲਦਾ ਹੈ, ਜਿਸ 'ਚ ਗੁਰੂ ਜੀ ਨੇ ਸਿੱਖਾਂ ਨੂੰ  ਲਿਖਿਆ ਸੀ ਕਿ ਜਦੋਂ ਮੈਂ ਵਾਪਸ ਅਨੰਦਪੁਰ ਸਾਹਿਬ ਆ ਜਾਵਾਂਗਾ ਤਾਂ ਮੇਰੇ ਸਿੱਖ ਮੈਨੂੰ ਆ ਕੇ ਮਿਲਣ | ਇਸੇ ਡਰ ਕਾਰਨ ਅਜਮੇਰ ਚੰਦ ਉਦੋਂ ਤੱਕ ਕੀਰਤਪੁਰ ਸਾਹਿਬ ਅਤੇ ਅਨੰਦਪੁਰ ਸਾਹਿਬ ਨਾ ਵੜਿਆ, ਜਦੋਂ ਤੱਕ ਗੁਰੂ ਜੀ ਜੋਤੀ ਜੋਤਿ ਨਾ ਸਮਾ ਗਏ | ਦਸੰਬਰ 1705 ਤੋਂ ਅਕਤੂਬਰ 1708 ਤੱਕ ਕੀਰਤਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਸ਼ਹਿਰ 'ਚ ਉਜਾੜਾ ਪਿਆ ਰਿਹਾ | ਕੀਰਤਪੁਰ ਸਾਹਿਬ ਵਿਖੇ ਜੋ ਬਾਬਾ ਸੂਰਜ ਮੱਲ ਦੇ ਵੰਸ਼ਕ ਰਹਿੰਦੇ ਸਨ, ਉਹ ਵੀ ਨਾਹਨ ਵੱਲ ਚਲੇ ਗਏ | ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਅਜਮੇਰ ਚੰਦ ਨੇ ਕੀਰਤਪੁਰ ਸਾਹਿਬ ਅਤੇ ਅਨੰਦਪੁਰ ਸਾਹਿਬ 'ਤੇ ਕਬਜ਼ਾ ਕਰ ਲਿਆ | ਬਾਅਦ 'ਚ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਜੀ ਦੇ ਹੁਕਮਨਾਮੇ ਲੈ ਕੇ ਜਦੋਂ ਪੰਜਾਬ ਵੱਲ ਆਇਆ ਤਾਂ ਅਗਲੇ ਇਕ-ਦੋ ਸਾਲਾਂ 'ਚ ਹੀ ਉਨ੍ਹਾਂ ਨੇ ਕਈ ਜਿੱਤਾਂ ਪ੍ਰਾਪਤ ਕੀਤੀਆਂ ਤੇ ਮੁਗ਼ਲਾਂ ਦੀ ਹਕੂਮਤ ਨੂੰ  ਜੜੋ੍ਹਾ ਪੁੱਟ ਸੁੱਟਿਆ | 28 ਦਸੰਬਰ, 1710 ਨੂੰ  ਬਾਬਾ ਬੰਦਾ ਸਿੰਘ ਬਹਾਦਰ ਨੇ ਬਿਲਾਸਪੁਰ ਦੀ ਸਰਹੱਦ ਵੱਲ ਚੜ੍ਹਾਈ ਕੀਤੀ ਅਤੇ ਅਜਮੇਰ ਚੰਦ 'ਤੇ ਜਿੱਤ ਪ੍ਰਾਪਤ ਕੀਤੀ | ਅਜਮੇਰ ਚੰਦ ਨੇ ਹਾਰ ਸਵੀਕਾਰ ਕਰ ਲਈ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਹਰਜਾਨਾ ਲੈ ਕੇ ਉਸ ਦੀ ਜਾਨ ਬਖਸ਼ ਦਿੱਤੀ | ਇਸ ਜਿੱਤ ਮਗਰੋਂ ਕੀਰਤਪੁਰ ਤੇ ਆਨੰਦਪੁਰ ਸਾਹਿਬ ਸ਼ਹਿਰ 'ਚ ਮੁੜ ਰੌਣਕਾਂ ਲੱਗਣ ਲੱਗੀਆਂ | ਪਰ ਦਸੰਬਰ 1715 ਨੂੰ  ਬਾਬਾ ਬੰਦਾ ਸਿੰਘ ਬਹਾਦਰ ਨੂੰ  ਗੁਰਦਾਸ ਨੰਗਲ ਦੀ ਲੜਾਈ ਦੌਰਾਨ ਮੁਗ਼ਲ ਸੈਨਾ ਨੇ ਗਿ੍ਫ਼ਤਾਰ ਕਰ ਲਿਆ ਅਤੇ 9 ਜੂਨ, 1716 ਨੂੰ  ਦਿੱਲੀ ਲਿਜਾ ਕੇ ਉਨ੍ਹਾਂ ਨੂੰ  ਸ਼ਹੀਦ ਕਰ ਦਿੱਤਾ ਗਿਆ | ਫਿਰ ਅਜਮੇਰ ਚੰਦ ਨੇ ਕੀਰਤਪੁਰ ਅਤੇ ਅਨੰਦਪੁਰ ਸਾਹਿਬ 'ਤੇ ਮੁੜ ਕਬਜ਼ਾ ਕਰ ਲਿਆ | 
ਕੁਝ ਸਾਲਾਂ ਬਾਅਦ ਕੀਰਤਪੁਰ ਸਾਹਿਬ ਦੇ ਸੋਢੀ ਪਰਿਵਾਰ ਦੇ ਦੋ ਭਰਾ ਗੁਲਾਬ ਸਿੰਘ ਤੇ ਸ਼ਾਮ ਸਿੰਘ ਨੇ ਰਾਜਾ ਅਜਮੇਰ ਚੰਦ ਨਾਲ ਕੀਰਤਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਸ਼ਹਿਰ ਖਰੀਦਣ ਦੀ ਗੱਲ ਚਲਾਈ | ਅਜਮੇਰ ਚੰਦ ਨੇ ਦੋਵੇਂ ਸ਼ਹਿਰਾਂ ਦੀ ਪ੍ਰਤੀ ਏਕੜ ਨਾਲ ਬਣਦੀ ਰਕਮ ਅਦਾ ਕਰਨ ਲਈ ਕਿਹਾ | ਭਾਵੇਂ ਇਨ੍ਹਾਂ ਦੀ ਰਕਮ ਗੁਰੂ ਤੇਗ਼ ਬਹਾਦਰ ਜੀ ਪਹਿਲਾਂ ਹੀ ਅਦਾ ਕਰ ਚੁੱਕੇ ਸਨ, ਪਰ ਫਿਰ ਵੀ ਸੋਢੀ ਭਰਾਵਾਂ ਨੇ ਪੂਰੀ ਰਕਮ ਦੁਬਾਰਾ ਅਦਾ ਕਰ ਦਿੱਤੀ ਅਤੇ ਉਹ ਕੀਰਤਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਦੇ ਮਾਲਕ ਬਣ ਗਏ | ਗੁਲਾਬ ਸਿੰਘ ਅਨੰਦਪੁਰ ਸਾਹਿਬ ਤੇ ਸ਼ਾਮ ਸਿੰਘ ਦਾ ਪਰਿਵਾਰ ਕੀਰਤਪੁਰ ਰਹਿੰਦਾ ਰਿਹਾ | ਗੁਲਾਬ ਸਿੰਘ ਨੇ ਅਨੰਦਪੁਰ ਸਾਹਿਬ ਵਿਚ ਆਪਣੇ-ਆਪ ਨੂੰ  ਸਿੱਖਾਂ ਦਾ ਗੁਰੂ ਕਹਿ ਕੇ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਤੇ ਉਹ ਸਿੱਖ ਪਰਿਵਾਰਾਂ ਵਲੋਂ ਲਿਆਂਦੇ ਤੋਹਫ਼ੇ ਤੇ ਭੇਟਾਵਾਂ ਸਵੀਕਾਰ ਕਰਨ ਲੱਗਾ | ਭਾਈ ਗੁਰਬਖਸ਼ ਦਾਸ ਨੇ ਉਸ ਨੂੰ  ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੇ ਭਾਈ ਗੁਰਬਖਸ਼ ਦਾਸ ਨਾਲ ਮਾਰਕੁੱਟ ਕੀਤੀ | ਭਾਈ ਗੁਰਬਖਸ਼ ਦਾਸ ਅਨੰਦਪੁਰ ਸਾਹਿਬ ਸ਼ਹਿਰ ਛੱਡ ਕੇ ਨੱਕੀਆਂ ਪਿੰਡ ਰਹਿਣ ਲੱਗੇ | ਜਲਦੀ ਹੀ ਗੁਲਾਬ ਸਿੰਘ ਦੇ ਚਾਰੇ ਪੁੱਤਰਾਂ ਦੀ ਮੌਤ ਹੋ ਗਈ ਤੇ ਥੋੜ੍ਹੇ ਸਮੇਂ ਬਾਅਦ ਉਹ ਆਪ ਵੀ ਚੱਲ ਵਸਿਆ | ਫਿਰ ਉਸ ਦਾ ਭਰਾ ਸ਼ਾਮ ਸਿੰਘ ਅਨੰਦਪੁਰ ਸਾਹਿਬ ਆ ਗਿਆ ਤੇ ਉਹ ਵੀ ਸਿੱਖ ਪਰਿਵਾਰਾਂ ਤੋਂ ਤੋਹਫ਼ੇ ਤੇ ਭੇਟਾਵਾਂ ਲੈਣ ਲੱਗਾ, ਪਰ ਉਸ ਨੇ ਖ਼ੁਦ ਨੂੰ  ਕਦੇ ਗੁਰੂ ਨਹੀਂ ਸੀ ਕਿਹਾ | ਸ਼ਾਮ ਸਿੰਘ ਸੋਢੀ ਦਾ ਵੰਸ਼ ਅੱਜ ਵੀ ਅਨੰਦਪੁਰ ਸਾਹਿਬ 'ਚ ਚੱਲ ਰਿਹਾ ਹੈ | ਸ਼ੁਰੂ 'ਚ ਸੋਢੀ ਪਰਿਵਾਰ ਕੋਲ ਸਿਰਫ਼ ਗੁਰੂ ਕੇ ਮਹਿਲ, ਭੋਰਾ ਸਾਹਿਬ, ਦਮਦਮਾ ਸਾਹਿਬ, ਸੀਸ ਗੰਜ ਸਾਹਿਬ ਤੇ ਅਕਾਲ ਬੁੰਗਾ ਸਾਹਿਬ ਸਥਾਨ ਹੀ ਸਨ | ਬਾਕੀ ਰਹਿੰਦਾ ਅਨੰਦਪੁਰ ਦਾ ਇਲਾਕਾ ਜੋ ਤਬਾਹ ਹੋ ਚੁੱਕਾ ਸੀ, ਅਜਮੇਰ ਚੰਦ ਦੇ ਅਧੀਨ ਹੀ ਸੀ | ਅਜਮੇਰ ਚੰਦ ਨੇ ਆਪਣੇ ਆਖਰੀ ਸਮੇਂ ਵਿਚ ਇਹ ਜ਼ਮੀਨ ਅਨੰਦਪੁਰ ਸਾਹਿਬ ਦੇ ਰਾਜਪੂਤ ਪਰਿਵਾਰਾਂ ਵਿਚ ਵੰਡ ਦਿੱਤੀ ਸੀ | ਸਰਕਾਰੀ ਦਸਤਾਵੇਜ਼ਾਂ 'ਚ ਅੱਜ ਵੀ ਸ਼ਾਮਿਲ ਹੈ ਕਿ ਚੱਕ ਨਾਨਕੀ ਅਨੰਦਪੁਰ ਸਾਹਿਬ ਦੇ ਨੰਬਰਦਾਰ ਸਰਦਾਰ ਹਰਦਿਆਲ ਸਿੰਘ ਰਾਜਪੂਤ ਪਰਿਵਾਰ ਨਾਲ ਸੰਬੰਧਿਤ ਸਨ | (ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)
-ਸਹਾਇਕ ਪ੍ਰੋਫੈਸਰ, ਪੀ.ਜੀ. ਵਿਭਾਗ ਹਿਸਟਰੀ,
ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ,
ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) |
ਮੋਬਾਈਲ : 94645-21622

Ad Position 22
No active advertisement
ਪਿਛਲੀ ਖ਼ਬਰ ਆਪ੍ਰੇਸ਼ਨ ਸੰਧੂਰ ’ਚ ਢਾਹੇ ਜੈਸ਼ ਦੇ ਹੈੱਡਕੁਆਰਟਰ ਦੀ ਤੇਜ਼ੀ ਨਾਲ ਕਰਵਾਈ ਜਾ ਰਹੀ ਹੈ ਉਸਾਰੀ ਅਗਲੀ ਖ਼ਬਰ ਭਾਰਤ ਬਣੇਗਾ ‘ਗਲੋਬਲ ਸਪੇਸ ਟੈਲੇਂਟ’ ਦੀ ਪਹਿਲੀ ਪਸੰਦ-ਮੋਦੀ
Ad Position 24