29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਕਵੀ ਸੁੱਖਾ ਸਿੰਘ ਦੀ ਅਹਿਮ ਰਚਨਾ ਗੁਰਬਿਲਾਸ ਪਾਤਿਸਾਹੀ ਦਸਮੀ

ਕਵੀ ਸੁੱਖਾ ਸਿੰਘ ਦੀ ਅਹਿਮ ਰਚਨਾ ਗੁਰਬਿਲਾਸ ਪਾਤਿਸਾਹੀ ਦਸਮੀ

Ad Position 21
No active advertisement
ਅਜੀਤ ਡੈਸਕ 30-11-2026

ਗੁਰਮੁਖੀ ਸਰੋਤਾਂ ਨੂੰ  ਸਿੱਖ ਧਰਮ ਅਧਿਐਨ ਦਾ ਵੱਡਮੁਲਾ ਖ਼ਜ਼ਾਨਾ ਮੰਨਿਆ ਜਾਂਦਾ ਹੈ | ਇਨ੍ਹਾਂ ਦੇ ਅਧਿਐਨ ਰਾਹੀਂ ਸਿੱਖ ਧਰਮ ਦੇ ਵਿਭਿੰਨ ਪੱਖਾਂ ਨੂੰ  ਸਮਝਣਾ ਆਸਾਨ ਹੋ ਜਾਂਦਾ ਹੈ | ਇਨ੍ਹਾਂ 'ਚੋਂ ਹੀ ਇਕ 18ਵੀਂ ਸਦੀ ਦੀ ਰਚਿਤ 'ਗੁਰਬਿਲਾਸ ਪਾਤਿਸਾਹੀ ਦਸਮੀ' (ਕ੍ਰਿਤ ਕਵੀ ਸੁੱਖਾ ਸਿੰਘ) ਅਹਿਮ ਇਤਿਹਾਸਕ ਦਸਤਾਵੇਜ਼ ਹੈ, ਜਿਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਚਰਿੱਤਰ ਨੂੰ  ਵਿਸਥਾਰ ਸਹਿਤ ਕਾਵਿ-ਮਈ ਸ਼ੈਲੀ 'ਚ ਚਿਤਰਿਆ ਗਿਆ ਹੈ | ਇਹ ਰਚਨਾ 18ਵੀਂ ਸਦੀ ਦੇ ਰਾਜਨੀਤਕ, ਸਮਾਜਿਕ ਤੇ ਧਾਰਮਿਕ ਹਾਲਾਤ ਨੂੰ  ਵੀ ਦਰਸਾਉਂਦੀ ਹੈ, ਜਿਸ 'ਚ ਬਾਦਸ਼ਾਹਾਂ ਦੇ ਕਿਰਦਾਰ, ਉਨ੍ਹਾਂ ਦੇ ਰਾਜ ਵਿਸਥਾਰ ਅਤੇ ਨਿਘਾਰ ਦੇ ਇਸ਼ਾਰੇ ਮਿਲਦੇ ਹਨ | ਨਾਲ ਹੀ ਆਮ ਲੋਕਾਂ ਦੀ ਸਥਿਤੀ ਤੇ ਰਹਿਣ-ਸਹਿਣ ਦੇ ਨਾਲ-ਨਾਲ ਉਨ੍ਹਾਂ ਦੇ ਸ਼ੋਸ਼ਣ ਦਾ ਜ਼ਿਕਰ ਵੀ ਇਸ ਰਚਨਾ 'ਚ ਬਾਖੂਬੀ ਮਿਲਦਾ ਹੈ | ਇਸ ਗ੍ਰੰਥ ਦੀ ਭਾਸ਼ਾ ਬ੍ਰਜ ਹੈ | 31 ਅਧਿਆਵਾਂ ਦੀ ਇਸ ਰਚਨਾ ਦਾ ਸੰਪਾਦਨ ਕਰਦੇ ਸਮੇਂ ਡਾ. ਮਨਵਿੰਦਰ ਸਿੰਘ ਨੇ ਕਈ ਅਹਿਮ ਨੁਕਤਿਆਂ ਵੱਲ ਵੀ ਇਸ਼ਾਰਾ ਕੀਤਾ ਹੈ, ਜਿਸ ਵਿਚ ਗੁਰਮਤਿ ਸਿਧਾਂਤਾਂ ਨੂੰ  ਸ਼੍ਰੋਮਣੀ ਸਥਾਨ ਦਿੰਦੇ ਹੋਏ ਪੁਸਤਕ ਦੀ ਮਹੱਤਤਾ ਦਰਸਾਈ ਗਈ ਹੈ | ਸੰਪਾਦਨਾ ਕਰਦੇ ਸਮੇਂ ਡਾ. ਮਨਵਿੰਦਰ ਸਿੰਘ ਨੇ ਇਸ ਕ੍ਰਿਤ ਨਾਲ ਸੰਬੰਧਿਤ ਪਹਿਲਾਂ ਹੋ ਚੁੱਕੇ ਖੋਜ-ਕਾਰਜਾਂ ਦਾ ਸਰਵੇਖਣ ਵੀ ਕੀਤਾ | ਨਾਲ ਹੀ ਲੇਖਕ, ਰਚਨਾ-ਕਾਲ ਤੇ ਰਚਨਾ ਸਥਾਨ, ਸਮਕਾਲੀਨ ਪ੍ਰਸਥਿਤੀਆਂ, ਗੁਰਬਿਲਾਸ ਦੀ ਇਤਿਹਾਸਕਤਾ ਦਾ ਵੀ ਜ਼ਿਕਰ ਕੀਤਾ ਗਿਆ ਹੈ | ਇਸ ਅਹਿਮ ਰਚਨਾ ਦੇ ਪ੍ਰਾਪਤ ਹੱਥ-ਲਿਖਤ ਖਰੜਿਆਂ ਦਾ ਵੇਰਵਾ, ਸੰਪਾਦਨ ਵਿਧੀ ਤੇ ਹੱਥ-ਲਿਖਤ ਖਰੜਿਆਂ ਦੀ ਫੋਟੋ ਕਾਪੀ ਇਸ ਪੁਸਤਕ ਵਿਚ ਲਾਈ ਗਈ ਹੈ | ਉਪਰੰਤ ਗੁਰਬਿਲਾਸ ਪਾਤਿਸਾਹੀ ਦਸਮੀ ਦਾ ਮੂਲ-ਪਾਠ ਜਿਸ ਦੇ ਇਕੱਤੀ ਅਧਿਆਇ ਹਨ, ਦਿੱਤਾ ਗਿਆ ਹੈ | ਮੂਲ ਪਾਠ ਦੇ ਬਾਅਦ ਨਾਮਾਵਲੀ, ਸਥਾਨਾਵਲੀ, ਅਰਥਾਵਲੀ, ਪੁਸਤਕਾਵਲੀ, ਇੰਡੈਕਸ ਅਤੇ ਸੰਮਤਾਵਲੀ ਵੀ ਲਾਈ ਗਈ ਹੈ |

ਦੂਜੇ ਅਧਿਆਇ 'ਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤੀਰਥਾਂ ਦਾ ਉਧਾਰ ਕਰਨ ਜਾਣ ਦਾ ਜ਼ਿਕਰ ਅਤੇ ਰਾਜਾ ਹਰੀਚੰਦ ਬਾਰੇ ਜਾਣਕਾਰੀ ਉਪਲਬਧ ਹੈ | ਨਾਲ ਹੀ ਰਾਜਾ ਮਾਨ ਸਿੰਘ ਦੇ ਅਸਾਮ ਦੇਸ਼ ਜਾਣ ਦਾ ਵੀ ਜ਼ਿਕਰ ਮਿਲਦਾ ਹੈ | ਤੀਜੇ ਅਧਿਆਇ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ, ਬਚਪਨ ਨਾਲ ਸੰਬੰਧਿਤ ਸਾਖੀਆਂ ਪ੍ਰਾਪਤ ਹੁੰਦੀਆਂ ਹਨ | ਚੌਥੇ ਅਧਿਆਇ ਵਿਚ ਦਸਮ ਗੁਰੂ ਦਾ ਪਟਨੇ ਤੋਂ ਚੱਲ ਕੇ ਅਨੰਦਪੁਰ ਸਾਹਿਬ ਪਹੁੰਚਣ ਦੀਆਂ ਘਟਨਾਵਾਂ ਨੂੰ  ਅੰਕਿਤ ਕੀਤਾ ਗਿਆ ਹੈ | ਪੰਜਵੇਂ ਅਧਿਆਇ ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ  ਗੁਰਿਆਈ ਸੌਂਪਣ ਦਾ ਵਿਸਥਾਰ ਸਹਿਤ ਜ਼ਿਕਰ ਹੈ | ਨਾਲ ਹੀ ਭਾਈ ਜੈਤਾ ਜੀ ਦਾ ਪ੍ਰਸੰਗ ਵੀ ਅੰਕਿਤ ਹੈ, ਜਿਸ ਵਿਚ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲੈ ਕੇ ਆਉਂਦੇ ਹਨ | ਛੇਵੇਂ ਅਧਿਆਇ 'ਚ ਪਹਾੜੀ ਰਾਜਿਆਂ ਦੀ ਮਾਨਸਿਕ ਹਾਲਤ ਨੂੰ  ਬਿਆਨ ਕੀਤਾ ਹੈ | ਇਸ ਰਚਨਾ 'ਚ ਭੰਗਾਣੀ ਦੇ ਯੁੱਧ ਦੀ ਗਾਥਾ ਨੂੰ  ਵੀ ਵਿਸਥਾਰ ਨਾਲ ਦਰਸਾਇਆ ਹੈ | ਇਸ ਪ੍ਰਕਾਰ ਸਾਰੇ ਅਧਿਆਇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਅਹਿਮ ਘਟਨਾਵਾਂ ਨੂੰ  ਵਿਸਥਾਰ-ਪੂਰਵਕ ਪੇਸ਼ ਕਰਦੇ ਹਨ | ਤੀਹਵੇਂ ਤੇ ਇਕੱਤੀਵੇਂ ਅਧਿਆਇ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਦਾ ਜ਼ਿਕਰ, ਗੁਰੂ ਗ੍ਰੰਥ ਸਾਹਿਬ ਨੂੰ  ਗੁਰਿਆਈ, ਗ੍ਰੰਥ ਅਤੇ ਪੰਥ ਤੋਂ ਅਗਵਾਈ ਪ੍ਰਾਪਤ ਕਰਨ ਦੇ ਆਦੇਸ਼ ਵਿਸਥਾਰ ਸਹਿਤ ਲਿਖੇ ਪ੍ਰਾਪਤ ਹੁੰਦੇ ਹਨ | ਇਸ ਰਚਨਾ 'ਚ ਗੁਰੂ ਹਰਿਗੋਬਿੰਦ ਸਾਹਿਬ ਜੀ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਪ੍ਰਾਪਤ ਹੁੰਦੀਆਂ ਹਨ | ਮੂਲ-ਪਾਠ ਵਿਚ ਔਖੇ ਸ਼ਬਦਾਂ ਦੇ ਅਰਥ ਦਿੱਤੇ ਗਏ ਹਨ | ਸੰਪਾਦਨ ਕਰਨ ਸਮੇਂ ਸੰਪਾਦਕ ਨੇ ਲਗਭਗ ਸੋਲਾਂ ਹੱਥ-ਲਿਖਿਤ ਖਰੜਿਆਂ ਦਾ ਅਧਿਐਨ ਕੀਤਾ ਹੈ | ਇਹ ਖੋਜ-ਕਾਰਜ ਕਰਦਿਆਂ ਸੰਪਾਦਕ ਦੀ ਚੇਤਨਾ ਲਗਾਤਾਰ ਇਤਿਹਾਸਕ ਤੱਥਾਂ ਦੀ ਨੇੜਤਾ ਵਿਚ, ਮੂਲ ਪਾਠ ਦੀ ਸਭ ਤੋਂ ਪੁਰਾਤਨ ਪੱਤਰੀ (ਖਰੜੇ) ਨੂੰ  ਭਾਲਣ ਲਈ ਕਾਰਜਸ਼ੀਲ ਰਹੀ ਹੈ | ਇਸ ਪਿੱਛੇ ਉਨ੍ਹਾਂ ਦਾ ਮੂਲ ਪ੍ਰਯੋਜਨ ਰਚਨਾ ਦਾ ਸ਼ੁੱਧ ਤੇ ਪ੍ਰਮਾਣਿਕ ਪਾਠ ਪਾਠਕਾਂ ਤੱਕ ਮੁਹੱਈਆ ਕਰਵਉਣ ਦਾ ਹੀ ਰਿਹਾ ਹੈ |
ਸਾਰ ਰੂਪ 'ਚ ਇਹ ਕਿਹਾ ਜਾ ਸਕਦਾ ਹੈ ਕਿ ਸੁੱਖਾ ਸਿੰਘ ਦੁਆਰਾ ਰਚਿਤ ਅਤੇ ਡਾ. ਮਨਵਿੰਦਰ ਸਿੰਘ ਦੇ ਯਤਨ ਸਦਕਾ ਪ੍ਰਕਾਸ਼ਿਤ ਹਥਲੀ ਪੁਸਤਕ, ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਨੂੰ  ਪੇਸ਼ ਕਰਦੀ ਇਕ ਅਹਿਮ ਰਚਨਾ ਹੈ | ਸਿੱਖ-ਇਤਿਹਾਸਕਾਰੀ ਉਸਾਰਨ ਹਿੱਤ ਇਹ ਪੁਸਤਕ ਇਕ ਪ੍ਰਮੁੱਖ ਸਰੋਤ ਵਜੋਂ ਭੂਮਿਕਾ ਨਿਭਾਅ ਸਕਦੀ ਹੈ, ਕਿਉਂਕਿ ਇਸ ਰਚਨਾ ਵਿਚ ਸਿੱਖ ਇਤਿਹਾਸਕ ਦਿ੍ਸ਼ਟੀ ਦੇ ਲੱਛਣ ਵਿਦਮਾਨ ਹਨ | ਇਸ ਗ੍ਰੰਥ ਦਾ ਇਹ ਦੂਜਾ ਸੰਸਕਰਣ ਹੈ, ਜਿਸ ਦਾ ਅਧਿਐਨ ਕਰਨਾ ਇਸ ਲਈ ਅਹਿਮ ਹੈ ਕਿਉਂਕਿ ਇਸ ਵਿਚ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਅਹਿਮ ਘਟਨਾਵਾਂ ਦਾ ਜ਼ਿਕਰ ਹੈ | ਆਸ ਹੈ ਕਿ ਡਾ. ਮਨਵਿੰਦਰ ਸਿੰਘ ਦੁਆਰਾ ਕੀਤਾ ਗਿਆ ਇਹ ਸੰਪਾਦਨ ਗੁਣੀ-ਜਨਾਂ ਅਤੇ ਚਿੰਤਕਾਂ, ਖੋਜਾਰਥੀਆਂ ਦੇ ਅਧਿਐਨ ਲਈ ਸਹਾਇਕ ਹੋਵੇਗਾ |

-ਸਹਾਇਕ ਪ੍ਰੋਫੈਸਰ, ਸ੍ਰੀ ਗੁਰੂ ਤੇਗ ਬਹਾਦਰ ਸੈਂਟਰ ਆਫ ਸਟੱਡੀਜ਼ ਇਨ ਇੰਡਿਕ ਸਿਵਿਲਾਈਜੇਸ਼ਨ ਐਂਡ ਰਿਲੀਜੀਅਸ ਟਰੈਡੀਸ਼ਨ, ਕੇਂਦਰੀ ਯੂਨੀਵਰਸਿਟੀ ਪੰਜਾਬ, ਬਠਿੰਡਾ |
ਮੋਬਾਈਲ : 98765-58216

Ad Position 22
No active advertisement
ਪਿਛਲੀ ਖ਼ਬਰ ਦੁਹੂ ਬਿਵਸਥਾ ਤੇ ਜੋ ਮੁਕਤਾ ਅਗਲੀ ਖ਼ਬਰ ਸਿੱਖ ਨਸਲਕੁਸ਼ੀ : ਨਵੰਬਰ 84 ਵਿਆਪਕਤਾ ਤੇ ਅਣਛੋਹੇ ਪਹਿਲੂ
Ad Position 24