ਚੰਡੀਗੜ੍ਹ, 23 ਅਗਸਤ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਨੇ ਐਤਵਾਰ ਰਾਤ ਸੈਕਟਰ-43 ਸਥਿਤ ਆਈ.ਐੱਸ.ਬੀ.ਟੀ. ਦੇ ਪਿੱਛੇ ਤੋਂ ਸ਼ੱਕੀ ਧਮਾਕਾਖੇਜ਼ ਸਮੱਗਰੀ, ਇਕ ਆਈ.ਈ.ਡੀ. (ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਅਤੇ ਹਥਿਆਰ ਬਰਾਮਦ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ । ਪੁਲਿਸ ਨੇ ਇਸ ਮਾਮਲੇ ਵਿਚ ਥਾਣਾ ਸੈਕਟਰ-36 ਵਿਖੇ ਧਮਾਕਾਖੇਜ਼ ਪਦਾਰਥ ਅਤੇ ਅਸਲ੍ਹਾ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਢਲੀ ਜਾਂਚ ਦੌਰਾਨ ਪੁਲਿਸ ਨੂੰ ਸ਼ੱਕ ਹੈ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੇ ਤਾਰ ਪਾਕਿਸਤਾਨ ਵਿਚ ਬੈਠੇ ਸਤਨਾਮ ਸੱਤਾ ਉਰਫ਼ ਨੌ ਸ਼ੇਰਾ ਨਾਲ ਜੁੜੇ ਹੋ ਸਕਦੇ ਹਨ । ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਮੁਲਜ਼ਮ ਕਥਿਤ ਤੌਰ ’ਤੇ ਪਾਕਿਸਤਾਨ ਬੈਠੇ ਹੈਂਡਲਰ ਦੇ ਇਸ਼ਾਰੇ ’ਤੇ ਪੰਜਾਬ ਅਤੇ ਚੰਡੀਗੜ੍ਹ ਵਿਚ ਕਿਸੇ ਵੱਡੀ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਵਿਚੋਂ ਦੋ ਤਰਨ ਤਾਰਨ ਅਤੇ ਇਕ ਅੰਮ੍ਰਿਤਸਰ ਨਾਲ ਸੰਬੰਧਿਤ ਹੈ। ਮੁਢਲੀ ਪੁੱਛਗਿੱਛ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਆਪਣੇ ਪਾਕਿਸਤਾਨੀ ਹੈਂਡਲਰ ਦੇ ਨਿਰਦੇਸ਼ਾਂ ’ਤੇ ਧਮਾਕਾਖੇਜ਼ ਸਮੱਗਰੀ ਅਤੇ ਹੋਰ ਸਾਮਾਨ ਇਕੱਠਾ ਕਰ ਰਹੇ ਸਨ, ਹਾਲਾਂਕਿ ਪੁਲਿਸ ਵਲੋਂ ਅਜੇ ਤੱਕ ਸੰਭਾਵਿਤ ਨਿਸ਼ਾਨੇ ਸੰਬੰਧੀ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ ।
ਜਿਲੇਟਿਨ ਦੀਆਂ ਛੜਾਂ, ਡੈਟੋਨੇਟਰ ਤੇ ਇਲੈਕਟ੍ਰਾਨਿਕ ਸਮੱਗਰੀ ਬਰਾਮਦ
ਪੁਲਿਸ ਅਨੁਸਾਰ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਸ਼ੱਕੀ ਆਈ.ਈ.ਡੀ. ਨਾਲ ਸੰਬੰਧਿਤ ਸਮੱਗਰੀ ਤੋਂ ਇਲਾਵਾ ਜਿਲੇਟਿਨ ਦੀਆਂ ਛੜਾਂ, ਡੈਟੋਨੇਟਰ, ਪਾਵਰ ਸੋਰਸ, ਤਾਰਾਂ ਅਤੇ ਹੋਰ ਇਲੈਕਟ੍ਰਾਨਿਕ ਉਪਕਰਨ ਬਰਾਮਦ ਕੀਤੇ ਗਏ ਹਨ । ਇਸ ਤੋਂ ਇਲਾਵਾ ਇਕ ਪਿਸਤੌਲ ਅਤੇ ਪੰਜ ਕਾਰਤੂਸ ਵੀ ਮਿਲਣ ਦਾ ਦਾਅਵਾ ਕੀਤਾ ਗਿਆ ਹੈ । ਬਰਾਮਦ ਸਮੱਗਰੀ ਦੀ ਜਾਂਚ ਕੀਤੀ ਜਾ ਰਹੀ ਹੈ।
ਹੈਂਡਲਰ ਤੇ ਸੰਭਾਵਿਤ ਟਾਰਗੈੱਟ ਦੀ ਭਾਲ
ਪੁਲਿਸ ਵਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਉਨ੍ਹਾਂ ਦੇ ਕਥਿਤ ਪਾਕਿਸਤਾਨੀ ਹੈਂਡਲਰ, ਨੈੱਟਵਰਕ ਅਤੇ ਸੰਭਾਵਿਤ ਟਾਰਗੈੱਟ ਬਾਰੇ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਜਾਂਚ ਏਜੰਸੀਆਂ ਇਹ ਵੀ ਪਤਾ ਲਗਾ ਰਹੀਆਂ ਹਨ ਕਿ ਧਮਾਕਾਖੇਜ਼ ਸਮੱਗਰੀ ਮੁਲਜ਼ਮਾਂ ਤੱਕ ਕਿਵੇਂ ਪਹੁੰਚੀ ਅਤੇ ਇਸ ਨੂੰ ਚੰਡੀਗੜ੍ਹ ਵਿਚ ਕਿੱਥੇ ਲਿਜਾਇਆ ਜਾਣਾ ਸੀ ।
ਚੰਡੀਗੜ੍ਹ ਦੇ ਸੈਕਟਰ-43 ਬੱਸ ਅੱਡੇ ਨੇੜਿਓਂ ਆਈ.ਈ.ਡੀ., ਧਮਾਕਾਖੇਜ਼ ਸਮੱਗਰੀ ਤੇ ਪਿਸਤੌਲ ਬਰਾਮਦ
ਚੰਡੀਗੜ੍ਹ, 23 ਅਗਸਤ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਨੇ ਐਤਵਾਰ ਰਾਤ ਸੈਕਟਰ-43 ਸਥਿਤ ਆਈ.ਐੱਸ.ਬੀ.ਟੀ. ਦੇ ਪਿੱਛੇ ਤੋਂ ਸ਼ੱਕੀ ਧਮਾਕਾਖੇਜ਼ ਸਮੱਗਰੀ, ਇਕ ਆਈ.ਈ.ਡੀ. (ਇੰਪ੍ਰੋਵਾਈਜ਼ਡ ਐਕਸਪਲੋਸਿਵ ...
ਅਜੀਤ ਡੈਸਕ
24-08-2026