ਅੰਮ੍ਰਿਤਸਰ, 23 ਅਗਸਤ (ਸੁਰਿੰਦਰ ਕੋਛੜ)-ਆਉਣ ਵਾਲੇ ਦਿਨਾਂ ’ਚ ਸ਼ਾਹਬਾਜ਼ ਸ਼ਰੀਫ਼ ਸਰਕਾਰ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਉਨ੍ਹਾਂ ਦੇ ਇਲਾਜ ਨੂੰ ਲੈ ਕੇ ਜਿਸ ਤਰ੍ਹਾਂ ਦਾ ਵਰਤਾਓ ਹਾਲੀਆ ਦਿਨਾਂ ’ਚ ਹੋਇਆ ਹੈ, ਉਸ ਨੇ ਪਾਕਿਸਤਾਨ ਦੇ ਵਿਰੋਧੀ ਧਿਰਾਂ ਨੂੰ ਇਕਜੁੱਟ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਸਰਕਾਰ ਦੇ ਸਭ ਤੋਂ ਵੱਡੇ ਗੱਠਜੋੜ ਸਹਿਯੋਗੀ ਬਿਲਾਵਲ ਭੁੱਟੋ ਜ਼ਰਦਾਰੀ ਦੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਵੀ ਇਸ ’ਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਸ਼ਾਹਬਾਜ਼ ਸ਼ਰੀਫ਼ ਦੀ ਸਰਕਾਰ ਡਿਗ ਜਾਵੇਗੀ, ਜਿਵੇਂ ਕਿ ਇਮਰਾਨ ਖ਼ਾਨ ਨੇ ਸਾਲ 2022 ’ਚ ਸੰਸਦ ’ਚ ਆਪਣਾ ਬਹੁਮਤ ਗੁਆ ਦਿੱਤਾ ਸੀ। ਪਾਕਿ ਦੇ ਸਭ ਤੋਂ ਸੀਨੀਅਰ ਪੱਤਰਕਾਰਾਂ ਅਤੇ ਰਾਜਨੀਤਿਕ ਟਿੱਪਣੀਕਾਰਾਂ ’ਚੋਂ ਇਕ ਹਾਮਿਦ ਮੀਰ ਨੇ ਇਕ ਨਿਊਜ਼ ਚੈਨਲ ਨਾਲ ਇਮਰਾਨ ਖ਼ਾਨ ਦੀ ਸਿਹਤ ਅਤੇ ਦੇਸ਼ ਦੇ ਰਾਜਨੀਤਿਕ ਭਵਿੱਖ ਬਾਰੇ ਗੱਲ ਕਰਦਿਆਂ ਮਜ਼ਬੂਤ ਤੱਥਾਂ ਦੇ ਆਧਾਰ ’ਤੇ ਉਕਤ ਟਿੱਪਣੀਆਂ ਕੀਤੀਆਂ। ਮੀਰ ਦਾ ਕਹਿਣਾ ਹੈ ਕਿ ਆਉਣ ਵਾਲੇ ਤਿੰਨ ਤੋਂ ਚਾਰ ਦਿਨ ਬਹੁਤ ਮਹੱਤਵਪੂਰਨ ਹਨ। ਸੋਮਵਾਰ, 24 ਅਗਸਤ ਨੂੰ ਵਿਰੋਧੀ ਪਾਰਟੀਆਂ ਦੀ ਮੀਟਿੰਗ ਅਤੇ 27 ਅਗਸਤ ਨੂੰ ਹੋਣ ਵਾਲਾ ਮਾਰਚ ਸ਼ਰੀਫ਼ ਸਰਕਾਰ ਦਾ ਭਵਿੱਖ ਨਿਰਧਾਰਿਤ ਕਰੇਗਾ।
ਹਾਮਿਦ ਮੀਰ ਨੇ ਕਿਹਾ ਕਿ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕਈ ਮਹੀਨਿਆਂ ਤੋਂ ਅਡਿਆਲਾ ਜੇਲ੍ਹ ’ਚ ਇਕਾਂਤਵਾਸ ’ਚ ਬੰਦ ਹਨ। ਉਨ੍ਹਾਂ ਨਾਲ ਕਿਸੇ ਨੂੰ ਵੀ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਤੇ ਉਨ੍ਹਾਂ ਦੀ ਵਿਗੜਦੀ ਸਿਹਤ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਵੀਰਵਾਰ-ਸ਼ੁੱਕਰਵਾਰ ਰਾਤ ਨੂੰ ਹਸਪਤਾਲ ਲਿਆਂਦਾ ਗਿਆ ਸੀ। ਇਹ ਵੀ ਇਕ ਬਹੁਤ ਵੱਡਾ ਧੋਖਾ ਸੀ। ਦਰਅਸਲ, ਸਰਕਾਰੀ ਅਧਿਕਾਰੀਆਂ ਨੇ ਇਮਰਾਨ ਖ਼ਾਨ ਦੇ ਡਾਕਟਰਾਂ ਨੂੰ ਸ਼ੀਫਾ ਇੰਟਰਨੈਸ਼ਨਲ ਹਸਪਤਾਲ ਭੇਜ ਦਿੱਤਾ ਅਤੇ ਫਿਰ ਖ਼ਾਨ ਨੂੰ ਸਰਕਾਰੀ ਹਸਪਤਾਲ ਪਿਮਸ ਲੈ ਗਏ। ਨਤੀਜੇ ਵਜੋਂ, ਉਨ੍ਹਾਂ ਨੂੰ ਇਲਾਜ ਨਹੀਂ ਮਿਲ ਸਕਿਆ ਅਤੇ ਕੁਝ ਘੰਟਿਆਂ ਬਾਅਦ ਹੀ ਉਨ੍ਹਾਂ ਨੂੰ ਜੇਲ੍ਹ ਵਾਪਸ ਭੇਜ ਦਿੱਤਾ ਗਿਆ। ਮੀਰ ਨੇ ਦੱਸਿਆ ਕਿ ਖ਼ਾਨ ਦੀ ਪਾਰਟੀ ਅਤੇ ਪਰਿਵਾਰ ਨੇ ਉਨ੍ਹਾਂ ਨਾਲ ਇਸ ਵਿਵਹਾਰ ਨੂੰ ਬਹੁਤ ਹੀ ਅਣਮਨੁੱਖੀ ਦੱਸਿਆ ਹੈ। ਉਨ੍ਹਾਂ ਦੀ ਪਾਰਟੀ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ, ਉਹ ਗਲਤ ਹੈ ਅਤੇ ਅਦਾਲਤ ਦੀ ਘੋਰ ਉਲੰਘਣਾ ਹੈ। ਇਸ ਘਟਨਾ ਨੇ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰ ਦਿੱਤਾ ਹੈ। ਪਹਿਲਾਂ, ਜਿੱਥੇ ਸਿਰਫ਼ ਇਮਰਾਨ ਖ਼ਾਨ ਦੀ ਪਾਰਟੀ ਹੀ ਸਰਕਾਰ ਦਾ ਸਾਹਮਣਾ ਕਰ ਰਹੀ ਸੀ, ਪਰ ਹੁਣ ਪੂਰੀ ਵਿਰੋਧੀ ਧਿਰ ਨੇ ਇਹ ਸਟੈਂਡ ਲਿਆ ਹੈ। ਮੀਰ ਨੇ ਕਿਹਾ ਕਿ ਪਾਕਿ ਦੀਆਂ ਵਿਰੋਧੀ ਪਾਰਟੀਆਂ ਦੀ ਇਕ ਵੱਡੀ ਮੀਟਿੰਗ 24 ਅਗਸਤ ਨੂੰ ਹੋਣੀ ਹੈ। ਇਸ ’ਚ ਜੇਕਰ ਬਿਲਾਵਲ ਭੁੱਟੋ ਦੀ ਪੀ. ਪੀ. ਪੀ. ਸ਼ਰੀਫ਼ ਸਰਕਾਰ ਤੋਂ ਸਮਰਥਨ ਵਾਪਸ ਲੈਣ ਦਾ ਫ਼ੈਸਲਾ ਕਰਦੀ ਹੈ ਤਾਂ ਸਾਰੀ ਵਿਰੋਧੀ ਧਿਰ ਇਕ ਝੰਡੇ ਹੇਠ ਇਕਜੁੱਟ ਹੋ ਜਾਵੇਗੀ ਅਤੇ ਸ਼ਾਹਬਾਜ਼ ਸ਼ਰੀਫ਼ ਦੀ ਸਰਕਾਰ ਡਿਗ ਜਾਵੇਗੀ। ਮੀਰ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਇਸਲਾਮਾਬਾਦ ’ਚ ਸਿਆਸੀ ਉਥਲ-ਪੁਥਲ ਜ਼ੋਰਾਂ ’ਤੇ ਹੈ। ਇਕ ਪਾਸੇ, ਵਿਰੋਧੀ ਪਾਰਟੀਆਂ ਸੋਮਵਾਰ ਨੂੰ ਸਰਕਾਰ ਵਿਰੁੱਧ ਆਪਣਾ ਏਜੰਡਾ ਤੈਅ ਕਰਨ ਲਈ ਮੀਟਿੰਗ ਕਰ ਰਹੀਆਂ ਹਨ। ਦੂਜੇ ਪਾਸੇ, ਇਮਰਾਨ ਖ਼ਾਨ ਦੀ ਪਾਰਟੀ ਨੇ ਸੜਕਾਂ ’ਤੇ ਉੱਤਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ।
ਵਧ ਸਕਦੀਆਂ ਹਨ ਸ਼ਾਹਬਾਜ਼ ਸਰਕਾਰ ਦੀਆਂ ਮੁਸ਼ਕਿਲਾਂ
ਅੰਮ੍ਰਿਤਸਰ, 23 ਅਗਸਤ (ਸੁਰਿੰਦਰ ਕੋਛੜ)-ਆਉਣ ਵਾਲੇ ਦਿਨਾਂ ’ਚ ਸ਼ਾਹਬਾਜ਼ ਸ਼ਰੀਫ਼ ਸਰਕਾਰ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ...
ਅਜੀਤ ਡੈਸਕ
24-08-2026