25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਪੰਜਾਬ ’ਚ ਗੰਨੇ ਦੀ ਕਾਸ਼ਤ ਨੂੰ ਝਟਕਾ, 14 ਹਜ਼ਾਰ ਹੈਕਟੇਅਰ ਘਟਿਆ ਰਕਬਾ

ਪੰਜਾਬ ’ਚ ਗੰਨੇ ਦੀ ਕਾਸ਼ਤ ਨੂੰ ਝਟਕਾ, 14 ਹਜ਼ਾਰ ਹੈਕਟੇਅਰ ਘਟਿਆ ਰਕਬਾ

Ad Position 21
No active advertisement
ਅਜੀਤ ਡੈਸਕ 25-08-2026

ਰਕਬੇ ’ਚ ਗਿਰਾਵਟ ਖੰਡ ਬਾਜ਼ਾਰ ਲਈ ਵੱਡੇ ਖ਼ਤਰੇ ਦੀ ਘੰਟੀ

ਹਰਪ੍ਰੀਤ ਸਿੰਘ ਗਿੱਲ
ਅਮਲੋਹ, 24 ਅਗਸਤ-ਪੰਜਾਬ ਸਰਕਾਰ ਵਲੋਂ ਗੰਨੇ ਹੇਠਾਂ ਰਕਬਾ ਵਧਾਉਣ ਲਈ ਕੀਤੇ ਜਾ ਰਹੇ ਸਿਰਤੋੜ ਯਤਨਾਂ ਦੇ ਬਾਵਜੂਦ ਰਾਜ ਵਿਚ ਗੰਨੇ ਦੀ ਕਾਸ਼ਤ ਦਾ ਗਰਾਫ਼ ਲਗਾਤਾਰ ਹੇਠਾਂ ਵੱਲ ਜਾ ਰਿਹਾ ਹੈ ਕਿਉਂਕਿ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਗੰਨੇ ਦਾ ਰਕਬਾ 14 ਹਜ਼ਾਰ ਹੈਕਟੇਅਰ ਘੱਟ ਗਿਆ ਹੈ। ਇਸ ਫ਼ਸਲ ਦਾ ਰਕਬਾ ਸਿਰਫ਼ ਪੰਜਾਬ ਵਿਚ ਹੀ ਨਹੀਂ ਘਟਿਆ, ਸਗੋਂ ਕੌਮੀ ਪੱਧਰ ’ਤੇ ਵੀ ਰਕਬੇ ਵਿਚ ਗਿਰਾਵਟ ਆਈ ਹੈ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਵਲੋਂ 14 ਅਗਸਤ ਤੱਕ ਜਾਰੀ ਕੀਤੇ ਸਾਉਣੀ ਦੀਆਂ ਫ਼ਸਲਾਂ ਦੇ ਅੰਕੜਿਆਂ ਅਨੁਸਾਰ ਦੇਸ਼ ’ਚ ਗੰਨੇ ਦੀ ਕਾਸ਼ਤ ਹੇਠ 58.31 ਲੱਖ ਹੈਕਟੇਅਰ ਰਕਬਾ ਦਰਜ ਕੀਤਾ ਗਿਆ ਹੈ, ਜਦੋਂਕਿ ਪਿਛਲੇ ਸਾਲ ਇਸ ਸਮੇਂ ਤੱਕ ਇਹ ਰਕਬਾ 58.62 ਲੱਖ ਹੈਕਟੇਅਰ ਸੀ। ਇਸ ਤਰ੍ਹਾਂ ਕੌਮੀ ਪੱਧਰ ’ਤੇ ਵੀ ਇਸ ਸਾਲ 31 ਹਜ਼ਾਰ ਹੈਕਟੇਅਰ ਰਕਬਾ ਘੱਟ ਦਰਜ ਹੋਇਆ ਹੈ। ਗੰਨੇ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਭਾਵੇਂ ਪੰਜਾਬ ਸਰਕਾਰ ਵਲੋਂ 2025-26 ਦੇ ਪਿੜਾਈ ਸੀਜ਼ਨ ਲਈ ਗੰਨੇ ਦਾ ਸਟੇਟ ਐਗਰੀਡ ਪ੍ਰਾਈਸ (ਐਸ.ਏ.ਪੀ.) ਦੇਸ਼ ਦੇ ਬਾਕੀ ਸਾਰੇ ਸੂਬਿਆਂ ਨਾਲੋਂ ਸਭ ਤੋਂ ਵੱਧ 416 ਰੁਪਏ ਪ੍ਰਤੀ ਕੁਇੰਟਲ ਨਿਯਤ ਕਰ ਦਿੱਤਾ ਗਿਆ ਅਤੇ ਨਿੱਜੀ ਮਿੱਲਾਂ ਦੇ ਗੰਨਾ ਉਤਪਾਦਕਾਂ ਲਈ 68.50 ਰੁਪਏ ਪ੍ਰਤੀ ਕੁਇੰਟਲ ਦੀ ਸਿੱਧੀ ਸਬਸਿਡੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਪਰ ਬਾਵਜੂਦ ਇਸ ਦੇ ਪੰਜਾਬ ਦੀ ਕਿਸਾਨੀ ਲਈ ਗੰਨਾ ਤਰਜੀਹੀ ਫ਼ਸਲ ਨਹੀਂ ਬਣ ਸਕੀ। ਜਿਸ ਕਾਰਨ ਪੰਜਾਬ ਵਿਚ ਗੰਨੇ ਦਾ ਰਕਬਾ ਪਿਛਲੇ ਸਾਲ ਦੇ ਇੱਕ ਲੱਖ ਹੈਕਟੇਅਰ ਤੋਂ ਘੱਟ ਕੇ ਕਰੀਬ 86 ਹਜ਼ਾਰ ਹੈਕਟੇਅਰ ਰਹਿ ਗਿਆ। ਪੰਜਾਬ ਵਿਚ ਗੰਨੇ ਦਾ ਰਕਬਾ ਘਟਣ ਦਾ ਸਿੱਧਾ ਪ੍ਰਭਾਵ ਸੂਬੇ ਦੀਆਂ ਖੰਡ ਮਿੱਲਾਂ ’ਤੇ ਪੈਂਦਾ ਹੈ। ਸੂਬੇ ਵਿਚ 9 ਸਹਿਕਾਰੀ ਅਤੇ 6 ਨਿੱਜੀ ਖੰਡ ਮਿੱਲਾਂ ਸਮੇਤ ਕੁੱਲ 15 ਮਿੱਲਾਂ ਹਨ, ਜਿਨ੍ਹਾਂ ਦੀ ਗੰਨਾ ਪੀੜਨ ਦੀ ਕੁੱਲ ਸਮਰੱਥਾ ਲਗਭਗ 772 ਲੱਖ ਟਨ ਹੈ ਪਰ ਪ੍ਰਾਪਤ ਅੰਕੜਿਆਂ ਅਨੁਸਾਰ ਖੰਡ ਮਿੱਲਾਂ ਨੂੰ ਪਿਛਲੇ ਸਾਲ ਲਗਭਗ 630 ਲੱਖ ਕੁਇੰਟਲ ਗੰਨਾ ਹੀ ਪਿੜਾਈ ਲਈ ਮਿਲਿਆ। ਜਿਸ ਕਾਰਨ ਮਿੱਲਾਂ ਸਮੇਂ ਤੋਂ ਕਰੀਬ ਡੇਢ ਮਹੀਨਾ ਪਹਿਲਾਂ ਹੀ ਬੰਦ ਹੋ ਗਈਆਂ ਜਦੋਂ ਕਿ ਇਸ ਵਾਰ ਰਕਬਾ ਹੋਰ ਘੱਟ ਜਾਣ ਕਾਰਨ ਮਿੱਲਾਂ ਨੂੰ ਗੰਨੇ ਦੀ ਸਪਲਾਈ ਹੋਰ ਵੀ ਘਟਣ ਦੀ ਸੰਭਾਵਨਾ ਹੈ। ਕਿਸਾਨਾਂ ਵਲੋਂ ਗੰਨੇ ਤੋਂ ਕਿਨਾਰਾ ਕਰਨ ਦੇ ਕਾਰਨ ਜਾਣਨ ਲਈ ਜਦੋਂ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਗੰਨੇ ਦੀ ਖੇਤੀ ’ਤੇ ਵਧੀਆ ਲਾਗਤਾਂ, ਮਜ਼ਦੂਰਾਂ ਦੀ ਘਾਟ, ਸਮੇਂ ਸਿਰ ਗੰਨੇ ਦੀ ਕਟਾਈ ਅਤੇ ਮਿੱਲਾਂ ਤੱਕ ਪਹੁੰਚਾਉਣ ਦੀਆਂ ਮੁਸ਼ਕਲਾਂ ਅਤੇ ਪਿਛਲੇ ਸਮੇਂ ਵਿਚ ਅਦਾਇਗੀ ’ਚ ਹੋਈ ਦੇਰੀ ਕਾਰਨ ਉਨ੍ਹਾਂ ਨੇ ਗੰਨੇ ਦੀ ਖੇਤੀ ਛੱਡ ਦਿੱਤੀ ਹੈ। ਪਟਿਆਲਾ ਜ਼ਿਲ੍ਹੇ ਦੇ ਪਿੰਡ ਦਿੱਤੂਪੁਰ ਦੇ ਇਕ ਕਿਸਾਨ ਹਰਜਿੰਦਰ ਸਿੰਘ, ਜੋ ਪਿਛਲੇ ਲੰਬੇ ਸਮੇਂ ਤੋਂ 20-25 ਏਕੜ ਰਕਬੇ ’ਚ ਗੰਨੇ ਦੀ ਕਾਸ਼ਤ ਕਰਦਾ ਆ ਰਿਹਾ ਹੈ, ਨੇ ਦੱਸਿਆ ਕਿ ਗੰਨੇ ਦੀ ਫ਼ਸਲ ਪਹਿਲਾਂ ਦੀ ਤਰ੍ਹਾਂ ਲਾਹੇਵੰਦ ਨਾ ਰਹਿਣ ਕਾਰਨ ਉਸ ਨੇ ਇਸ ਵਾਰ ਸਿਰਫ਼ 5 ਏਕੜ ਹੀ ਗੰਨਾ ਰੱਖਿਆ ਹੈ ਜਦੋਂਕਿ ਕਿ ਬਾਕੀ ਦਾ ਵਾਹ ਦਿੱਤਾ ਹੈ। ਹੁਣ ਜਦੋਂ ਬਾਜ਼ਾਰ ਵਿਚ ਖੰਡ, ਗੁੜ ਤੇ ਦੇਸੀ ਖੰਡ ਦੇ ਭਾਅ ਨੂੰ ਅੱਗ ਲੱਗ ਗਈ ਹੈ ਤਾਂ ਗੰਨੇ ਹੇਠਾਂ ਰਕਬਾ ਘਟਣਾ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਸ ਦਾ ਸਿੱਧਾ ਅਸਰ ਖੰਡ ਬਾਜ਼ਾਰ ’ਤੇ ਪੈਣਾ ਹੈ, ਜੋ ਹਰ ਪਰਿਵਾਰ ਦੀ ਜ਼ਰੂਰੀ ਲੋੜ ਹੈ।

 

Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਪਾਕਿ ਨੇਤਾ ਨੇ ਫ਼ੌਜ ਮੁਖੀ ਨੂੰ 1971 ਦੀ ਜੰਗ ’ਚ ਹੋਈ ਇਤਿਹਾਸਕ ਹਾਰ ਕਰਵਾਈ ਯਾਦ ਅਗਲੀ ਖ਼ਬਰ ਵੋਟਿੰਗ ਮਸ਼ੀਨਾਂ ਇੰਟਰਨੈੱਟ, ਬਲੂਟੁੱਥ ਜਾਂ ਵਾਈ-ਫਾਈ ਨਾਲ ਨਹੀਂ ਜੁੜੀਆਂ-ਗਿਆਨੇਸ਼ ਕੁਮਾਰ
Ad Position 24