28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਨਿਪਾਲ ਤਬਾਹੀ ’ਚ ਮੌਤਾਂ ਦੀ ਗਿਣਤੀ 392 ਹੋਈ, 1500 ਲੋਕ ਅਜੇ ਵੀ ਲਾਪਤਾ

ਕਠਮੰਡੂ, 27 ਅਗਸਤ (ਪੀ.ਟੀ.ਆਈ)-ਨਿਪਾਲ ’ਚ ਅਚਾਨਕ ਆਏ ਹੜ੍ਹਾਂ ਕਾਰਨ ਹੋਈ ਤਬਾਹੀ ’ਚ ਮਰਨ ਵਾਲਿਆਂ ਦੀ ਗਿਣਤੀ 392 ’ਤੇ ਪਹੁੰਚ ਗਈ ਹੈ। ਨਿਪਾਲ ਪੁਲਿਸ ਅਨੁਸਾਰ ਸਭ ਤੋਂ ਵੱਧ 132 ਲਾਸ਼ਾਂ ਚਿਤਵਨ ਜ਼ਿਲ੍ਹੇ ’ਚੋਂ ਮਿਲੀਆਂ ਹਨ। ਇਸ ਦੇ ਇਲਾਵਾ ...

Ad Position 21
No active advertisement
ਅਜੀਤ ਡੈਸਕ 28-08-2026

ਕਠਮੰਡੂ, 27 ਅਗਸਤ (ਪੀ.ਟੀ.ਆਈ)-ਨਿਪਾਲ ’ਚ ਅਚਾਨਕ ਆਏ ਹੜ੍ਹਾਂ ਕਾਰਨ ਹੋਈ ਤਬਾਹੀ ’ਚ ਮਰਨ ਵਾਲਿਆਂ ਦੀ ਗਿਣਤੀ 392 ’ਤੇ ਪਹੁੰਚ ਗਈ ਹੈ। ਨਿਪਾਲ ਪੁਲਿਸ ਅਨੁਸਾਰ ਸਭ ਤੋਂ ਵੱਧ 132 ਲਾਸ਼ਾਂ ਚਿਤਵਨ ਜ਼ਿਲ੍ਹੇ ’ਚੋਂ ਮਿਲੀਆਂ ਹਨ। ਇਸ ਦੇ ਇਲਾਵਾ ਪੂਰਬੀ ਨਵਲਪਰਾਸੀ ’ਚੋਂ 74, ਧਾਦਿੰਗ ਅਤੇ ਗੋਰਖਾ ’ਚੋਂ 29-29, ਨੁਵਾਕੋਟ ’ਚੋਂ 28, ਤਨਹੁਨ ’ਚੋਂ 19, ਰਸੂਵਾ ’ਚੋਂ 17 ਅਤੇ ਪੱਛਮੀ ਨਵਲਪਰਾਸੀ ’ਚੋਂ 15 ਲਾਸ਼ਾਂ ਮਿਲੀਆਂ ਹਨ। ਉਥੇ ਕਰੀਬ 1500 ਲੋਕ ਅਜੇ ਵੀ ਲਾਪਤਾ ਹਨ। ਸਿਰਫ਼ ਨਿਪਾਲ ’ਚ ਹੀ 900 ਤੋਂ ਵੱਧ ਵਿਅਕਤੀਆਂ ਦੇ ਲਾਪਤਾ ਹੋਣ ਦੀ ਜਾਣਕਾਰੀ ਹੈ। ਜਿਨ੍ਹਾਂ ’ਚ 32 ਦੇਸ਼ਾਂ ਦੇ ਕਰੀਬ 525 ਵਿਦੇਸ਼ੀ ਨਾਗਰਿਕ ਵੀ ਸ਼ਾਮਿਲ ਹਨ। ਚੀਨ ਦੀ ਸਰਕਾਰੀ ਵੈੱਬਸਾਈਟ ਸੀ.ਸੀ.ਟੀ.ਵੀ. ਅਨੁਸਾਰ ਤਿੱਬਤ ’ਚ 550 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ। ਉਧਰ ਭਾਰਤੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਨਿਪਾਲ ’ਚ 290 ਭਾਰਤੀ ਨਾਗਰਿਕ ਅਜੇ ਵੀ ਲਾਪਤਾ ਹਨ। ਜਿਨ੍ਹਾਂ ’ਚੋ 73 ਵਿਅਕਤੀ ਤ੍ਰਿਸ਼ੂਲੀ-1 ਪਾਵਰ ਪ੍ਰਾਜੈਕਟ ’ਚ ਕੰਮ ਕਰਦੇ ਹਨ।

ਉਨ੍ਹਾਂ ਦੇ ਇਲਾਵਾ 37 ਅਤੇ 39 ਵਿਅਕਤੀਆਂ ਦੇ ਦੋ ਸਮੂਹ ਤਾਮਿਲਨਾਡੂ ਦੇ ਹਨ, ਜੋ ਕੈਲਾਸ਼ ਮਾਨਸਰੋਵਰ ਦੀ ਯਾਤਰਾ ’ਤੇ ਗਏ ਹਨ। ਤੀਸਰਾ ਸਮੂਹ ਪੱਛਮੀ ਬੰਗਾਲ ਦੇ 32 ਵਿਅਕਤੀਆਂ ਦਾ ਹੈ ਅਤੇ ਉਹ ਵੀ ਕੈਲਾਸ਼ ਮਾਨਸਰੋਵਰ ਦੀ ਯਾਤਰਾ ’ਤੇ ਗਏ ਹਨ। ਇਨ੍ਹਾਂ ਦੇ ਇਲਾਵਾ 61 ਵਿਅਕਤੀ ਵੱਖ-ਵੱਖ ਸੂਬਿਆਂ ਦੇ ਹਨ, ਜੋ ਨਿਪਾਲ ’ਚ ਲਾਪਤਾ ਹਨ। ਨਾਲ ਹੀ ਕੇਰਲਮ ਦੇ 33 ਨਾਗਰਿਕਾਂ ਦਾ ਇਕ ਸਮੂਹ ਵੀ ਲਾਪਤਾ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਹੁਣ ਤੱਕ 21 ਭਾਰਤੀਆਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ। ਉਥੇ ਤਿੱਬਤ ’ਚ ਫਸੇ ਕਰੀਬ 200 ਭਾਰਤੀ ਨਾਗਰਿਕਾਂ ਨਾਲ ਵੀ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ। ਨਿਪਾਲੀ ਅਧਿਕਾਰੀਆਂ ਦੇ ਮੁਢਲੇ ਮੁਲਾਂਕਣ ਅਤੇ ਅਮਰੀਕੀ ਭੂ-ਵਿਗਿਆਨ ਸਰਵੇਖਣ ਦੇ ਸੋਧੇ ਵਿਸ਼ਲੇਸ਼ਣ ਮੁਤਾਬਿਕ ਇਸ ਤਬਾਹਕੁੰਨ ਹੜ੍ਹ ਦਾ ਕਾਰਨ ਗਲੇਸ਼ੀਅਰ ਦਾ ਟੁੱਟਣਾ ਜਾਂ ਬਰਫ਼-ਚੱਟਾਨਾਂ ਦਾ ਵੱਡਾ ਹਿੱਸਾ ਡਿਗਣਾ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਘਟਨਾ ਕਾਰਨ ਬਰਫ਼, ਚੱਟਾਨਾਂ ਅਤੇ ਮਲਬਾ ਲਹੇਂਦੇ ਦਰਿਆ ਵਿੱਚ ਜਾ ਡਿੱਗਿਆ ਅਤੇ ਦਰਿਆ ਦਾ ਵਹਾਅ ਕੁਝ ਸਮੇਂ ਲਈ ਰੁਕ ਗਿਆ।

ਬਾਅਦ ਵਿਚ ਇਹ ਰੁਕਾਵਟ ਟੁੱਟਣ ਨਾਲ ਪਾਣੀ ਦਾ ਵੱਡਾ ਸੈਲਾਬ ਹੇਠਾਂ ਵੱਲ ਵਗਿਆ ਅਤੇ ਭੋਟੇ ਕੋਸ਼ੀ ਅਤੇ ਤ੍ਰਿਸ਼ੂਲੀ ਦਰਿਆ ਪ੍ਰਣਾਲੀ ਵਿਚ ਦਾਖਲ ਹੋ ਗਿਆ। ਹੜ੍ਹ ਨੇ ਸਭ ਤੋਂ ਪਹਿਲਾਂ ਤਿੱਬਤ ਨਾਲ ਲੱਗਦੇ ਨਿਪਾਲ ਦੇ ਰਾਸੂਵਾ ਜ਼ਿਲ੍ਹੇ ਨੂੰ ਪ੍ਰਭਾਵਿਤ ਕੀਤਾ। ਇਹ ਇਲਾਕਾ ਰਾਜਧਾਨੀ ਕਠਮੰਡੂ ਤੋਂ ਲਗਭਗ 160 ਕਿਲੋਮੀਟਰ ਦੂਰ ਹੈ। ਕਈ ਫੁੱਟ ਉੱਚੀ ਚਿੱਕੜ ਅਤੇ ਪਾਣੀ ਦੀ ਲਹਿਰ ਹੇਠਾਂ ਵੱਲ ਵਗਦੀ ਗਈ ਅਤੇ ਕਈ ਜ਼ਿਲ੍ਹਿਆਂ ਵਿਚ ਭਾਰੀ ਤਬਾਹੀ ਮਚਾਈ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਖੋਜ ਅਤੇ ਬਚਾਅ ਕਾਰਜ ਜਾਰੀ ਹਨ। ਸੁਰੱਖਿਆ ਕਰਮੀ ਅਤੇ ਸਥਾਨਕ ਪ੍ਰਸ਼ਾਸਨ ਦਰਿਆਵਾਂ ਦੇ ਕੰਢਿਆਂ ਅਤੇ ਹੇਠਲੇ ਇਲਾਕਿਆਂ ਵਿਚ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ। ਨਿਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨੇ ਵੀਰਵਾਰ ਨੂੰ ਨੁਵਾਕੋਟ ਜ਼ਿਲ੍ਹੇ ਦੀ ਬਿਦੂਰ ਨਗਰ ਪਾਲਿਕਾ ਦਾ ਦੌਰਾ ਕਰਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ।
ਹੜ੍ਹਾਂ ਦਾ ਯੂ.ਪੀ., ਬਿਹਾਰ ’ਚ ਅਜੇ ਤੱਕ ਕੋਈ ਅਸਰ ਨਹੀਂ- ਐਨ.ਡੀ.ਆਰ.ਐਫ.
ਨਵੀਂ ਦਿੱਲੀ, (ਪੀ.ਟੀ.ਆਈ)-ਐਨ.ਡੀ.ਆਰ.ਐਫ. ਨੇ ਵੀਰਵਾਰ ਨੂੰ ਕਿਹਾ ਕਿ ਨਿਪਾਲ ਵਿਚ ਆਏ ਤਬਾਹਕੁੰਨ ਹੜ੍ਹਾਂ ਦਾ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਸਰਹੱਦੀ ਇਲਾਕਿਆਂ ’ਚ ਅਜੇ ਤੱਕ ਕੋਈ ਅਸਰ ਨਹੀਂ ਪਿਆ ਹੈ। ਹਾਲਾਂਕਿ, ਦੋਵੇਂ ਰਾਜ ਸਰਕਾਰਾਂ ਨਾਲ ਤਾਲਮੇਲ ਕਰਕੇ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਐਨ.ਡੀ.ਆਰ.ਐਫ. ਦੇ ਇੰਸਪੈਕਟਰ ਜਨਰਲ ਨਰਿੰਦਰ ਸਿੰਘ ਬੁੰਡੇਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁੱਲ 20 ਟੀਮਾਂ ’ਚੋਂ ਬਿਹਾਰ ਵਿਚ 9 ਅਤੇ ਉੱਤਰ ਪ੍ਰਦੇਸ਼ ਵਿਚ 11 ਮੌਕੇ ’ਤੇ ਤਾਇਨਾਤ ਹਨ। ਜੇਕਰ ਇਨ੍ਹਾਂ ਇਲਾਕਿਆਂ ’ਚ ਹੜ੍ਹ ਜਾਂ ਪਾਣੀ ਭਰਨ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਇਹ ਟੀਮਾਂ ਲੋਕਾਂ ਨੂੰ ਕੱਢਣ, ਰਾਹਤ ਅਤੇ ਬਚਾਅ ਕਾਰਜਾਂ ਲਈ ਤੁਰੰਤ ਕਾਰਵਾਈ ਕਰਨਗੀਆਂ।
84 ਭਾਰਤੀਆਂ ਨੂੰ ਸੁਰੱਖਿਅਤ ਕੱਢਿਆ- ਵਿਦੇਸ਼ ਮੰਤਰਾਲਾ 
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਦੱਸਿਆ ਕਿ ਨਿਪਾਲ ’ਚ ਪੈਦਾ ਹੋਏ ਹਾਲਾਤ ਨਾਲ ਨਜਿੱਠਣ ਲਈ ਭਾਰਤ ਹਰ ਸੰਭਵ ਮਦਦ ਜਾਰੀ ਰੱਖੇਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਹੜ੍ਹ ’ਚ ਫਸੇ 84 ਭਾਰਤੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਜਿਨ੍ਹਾਂ ’ਚੋਂ 63 ਮਜ਼ਦੂਰ ਅਤੇ 21 ਤਾਮਿਲਨਾਡੂ ਦੇ ਨਿਵਾਸੀ ਹਨ। ਵਿਦੇਸ਼ ਮੰਤਰਾਲੇ ਨੇ 24 ਘੰਟੇ ਕੰਮ ਕਰਨ ਵਾਲਾ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਹੈ। ਕਠਮੰਡੂ ਅਤੇ ਬੀਜਿੰਗ ਸਥਿਤ ਭਾਰਤੀ ਦੂਤਘਰਾਂ ’ਚ ਵੀ 24 ਘੰਟੇ ਹੈਲਪਲਾਈਨ ਸੇਵਾ ਸ਼ੁਰੂ ਕੀਤੀ ਗਈ ਹੈ।
ਦਲਾਈਲਾਮਾ ਨੇ ਤਿੱਬਤ ਅਤੇ ਨਿਪਾਲ ’ਚ ਹੋਈਆਂ ਮੌਤਾਂ ’ਤੇ ਦੁੱਖ ਪ੍ਰਗਟਾਇਆ
ਧਰਮਸ਼ਾਲਾ, (ਪੀ.ਟੀ.ਆਈ)-ਤਿੱਬਤੀ ਅਧਿਆਤਮਿਕ ਆਗੂ ਦਲਾਈਲਾਮਾ ਨੇ ਨਿਪਾਲ ਅਤੇ ਤਿੱਬਤ ਵਿਚ ਆਏ ਹੜ੍ਹਾਂ ਕਾਰਨ ਹੋਈਆਂ ਮੌਤਾਂ ’ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਪਹਿਲਾਂ ਵੀ ਕੁਦਰਤੀ ਆਫ਼ਤਾਂ ਆਉਂਦੀਆਂ ਰਹੀਆਂ ਹਨ, ਇਸ ਲਈ ਇਹ ਘਟਨਾਵਾਂ ਕਿਸੇ ਡੂੰਘੇ ਅੰਦਰੂਨੀ ਕਾਰਨ ਦੇ ਸੰਕੇਤ ਹਨ, ਭਾਵੇਂ ਉਹ ਜਲਵਾਯੂ ਪਰਿਵਰਤਨ ਹੋਵੇ ਜਾਂ ਕੋਈ ਹੋਰ ਕਾਰਕ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਸਾਰੇ ਲੋਕਾਂ ਲਈ ਪ੍ਰਾਰਥਨਾ ਕਰਦਾ ਹਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ ਅਤੇ ਇਸ ਦੁਖਦਾਈ ਘਟਨਾ ਤੋਂ ਪ੍ਰਭਾਵਿਤ ਸਾਰੇ ਲੋਕਾਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਹਮਦਰਦੀ ਅਤੇ ਦਿਲੋਂ ਸੰਵੇਦਨਾ ਪ੍ਰਗਟ ਕਰਦਾ ਹਾਂ।
30 ਤੋਂ ਵੱਧ ਦੇਸ਼ਾਂ ਦੇ ਲੋਕ ਲਾਪਤਾ
ਕਠਮੰਡੂ, (ਏ.ਪੀ.)-ਤਿੱਬਤ ’ਚ ਇਕ ਗਲੇਸ਼ੀਅਰ ਟੁੱਟਣ ਕਾਰਨ ਬੁੱਧਵਾਰ ਨੂੰ ਚੀਨ ਅਤੇ ਨਿਪਾਲ ਦੇ ਸਰਹੱਦੀ ਇਲਾਕੇ ’ਚ ਆਏ ਭਿਆਨਕ ਹੜ੍ਹਾਂ ਕਾਰਨ 30 ਤੋਂ ਵੱਧ ਦੇਸ਼ਾਂ ਦੇ ਲੋਕ ਲਾਪਤਾ ਹਨ। ਵੱਖ-ਵੱਖ ਏਜੰਸੀਆਂ ਵਲੋਂ ਲਾਪਤਾ ਲੋਕਾਂ ਦੀ ਗਿਣਤੀ ਵੱਖਰੀ ਦੱਸੀ ਜਾ ਰਹੀ ਹੈ। ਨਿਪਾਲ ਟੂਰਿਜ਼ਮ ਬੋਰਡ ਨੇ ਵੀਰਵਾਰ ਨੂੰ ਦੱਸਿਆ ਕਿ ਕੁੱਲ 517 ਵਿਦੇਸ਼ੀ ਨਾਗਰਿਕ ਲਾਪਤਾ ਹਨ। ਉਧਰ ਚੀਨ ਦੇ ਸਰਕਾਰੀ ਮੀਡੀਆ ਮੁਤਾਬਿਕ 558 ਲੋਕ ਲਾਪਤਾ ਹਨ। ਜਿਨ੍ਹਾਂ ’ਚੋਂ 260 ਵਿਦੇਸ਼ੀ ਨਾਗਰਿਕ ਹਨ। ਇਸ ਤੋਂ ਇਲਾਵਾ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਨਿਪਾਲ ਵਾਲੇ ਪਾਸੇ ਕਰੀਬ 100 ਚੀਨੀ ਨਾਗਰਿਕ ਵੀ ਲਾਪਤਾ ਹਨ। ਜਾਣਕਾਰੀ ਅਨੁਸਾਰ ਅਮਰੀਕਾ ਦੇ 65, ਮਲੇਸ਼ੀਆ ਦੇ 51, ਯੂਕਰੇਨ ਦੇ 53, ਆਸਟ੍ਰੇਲੀਆ ਦੇ 35, ਬਰਤਾਨੀਆ ਦੇ 33, ਕੈਨੇਡਾ ਦੇ 25, ਦੱਖਣੀ ਕੋਰੀਆ ਦੇ 9, ਸਿੰਗਾਪੁਰ ਦੇ 8, ਜਰਮਨੀ ਦੇ 8, ਰੂਸ ਦੇ 8, ਦੱਖਣੀ ਅਫ਼ਰੀਕਾ ਦੇ 6, ਲਾਤਵੀਆ ਦੇ 6, ਜਪਾਨ ਦੇ 5, ਨਿਊਜ਼ੀਲੈਂਡ ਦੇ 5, ਫਰਾਂਸ ਦੇ 4, ਬੈਲਜੀਅਮ ਦੇ 3, ਸਪੇਨ ਦੇ 3 ਨਾਗਰਿਕਾਂ ਤੋਂ ਇਲਾਵਾ ਇਟਲੀ, ਕਜ਼ਾਕਿਸਤਾਨ, ਪੁਰਤਗਾਲ, ਆਇਰਲੈਂਡ ਅਤੇ ਨੀਦਰਲੈਂਡ ਦੇ ਦੋ-ਦੋ ਨਾਗਰਿਕ ਲਾਪਤਾ ਹਨ। ਨਿਪਾਲ ਟੂਰਿਜ਼ਮ ਬੋਰਡ ਮੁਤਾਬਿਕ ਬੇਲਾਰੂਸ, ਫਿਨਲੈਂਡ, ਹੰਗਰੀ, ਇਜ਼ਰਾਈਲ, ਲਿਥੂਆਨੀਆ, ਫਿਲੀਪੀਨਜ਼, ਬੁਲਗਾਰੀਆ, ਸਵਿਟਜ਼ਰਲੈਂਡ, ਸਰਬੀਆ ਅਤੇ ਸਵੀਡਨ ਦਾ ਵੀ ਇਕ-ਇਕ ਵਿਅਕਤੀ ਲਾਪਤਾ ਹੈ।
ਵਿਦੇਸ਼ ਮੰਤਰਾਲੇ ਵਲੋਂ ਦਿੱਲੀ ’ਚ ਕੰਟਰੋਲ ਰੂਮ ਸਥਾਪਿਤ
ਨਵੀਂ ਦਿੱਲੀ, (ਪੀ.ਟੀ.ਆਈ)-ਨਿਪਾਲ ’ਚ ਹੜ੍ਹਾਂ ਦੀ ਸਥਿਤੀ ਨੂੰ ਦੇਖਦਿਆਂ ਵਿਦੇਸ਼ ਮੰਤਰਾਲੇ ਨੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਨਵੀਂ ਦਿੱਲੀ ਵਿਚ 24 ਘੰਟੇ ਚੱਲਣ ਵਾਲਾ ਕੰਟਰੋਲ ਰੂਮ ਸਥਾਪਿਤ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਮੀਡੀਆ ਨੂੰ ਦੱਸਿਆ ਕਿ ਅਸੀਂ ਇਥੇ ਵਿਦੇਸ਼ ਮੰਤਰਾਲੇ ’ਚ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਹੈ, ਜੋ 24 ਘੰਟੇ ਕੰਮ ਕਰੇਗਾ। ਹੈਲਪਲਾਈਨ ਅਤੇ ਕੰਟਰੋਲ ਰੂਮ ਦੇ ਟੈਲੀਫੋਨ ਨੰਬਰ ਸਾਡੇ ਐਕਸ ਹੈਂਡਲ ’ਤੇ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ਨਾਲ ਫੋਨ ਨੰਬਰ +91 11 2308 8718 ਅਤੇ +91 11 2308 8719 ’ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਵੱਟਸਐਪ  ਕਾਲ/ਸੁਨੇਹੇ ਲਈ +91 9968291988 ਨੰਬਰ ਜਾਰੀ ਕੀਤਾ ਗਿਆ ਹੈ। ਕਾਠਮੰਡੂ ਸਥਿਤ ਭਾਰਤੀ ਦੂਤਘਰ ਦੇ ਐਮਰਜੈਂਸੀ ਨੰਬਰ (ਵੱਟਸਐਪ ’ਤੇ ਵੀ ਉਪਲਬਧ)+977 985 131 6807, +977 970 910 7500,+977 981 032 6117 ਜਾਰੀ ਕੀਤੇ ਗਏ ਹਨ।

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਮੁਲਾਜ਼ਮਾਂ ਦੀ ਮਹਾਂ ਹੜਤਾਲ ਦਫ਼ਤਰਾਂ ’ਚ ਕੰਮ ਕਾਜ ਰਿਹਾ ਪੂਰੀ ਤਰ੍ਹਾਂ ਠੱਪ ਅਗਲੀ ਖ਼ਬਰ ਪ੍ਰਧਾਨ ਮੰਤਰੀ ਕੱਲ੍ਹ ਤੋਂ ਉਜ਼ਬੇਕਿਸਤਾਨ ਅਤੇ ਕਿਰਗਿਸਤਾਨ ਦੇ ਚਾਰ ਦਿਨਾ ਦੌਰੇ ’ਤੇ
Ad Position 24