ਨਵੀਂ ਦਿੱਲੀ, 31 ਅਗਸਤ (ਉਪਮਾ ਡਾਗਾ ਪਾਰਥ)- ਸੁਪਰੀਮ ਕੋਰਟ ਨੇ ‘ਕਾਕਰੋਚ ਜਨਤਾ ਪਾਰਟੀ’ (ਸੀ.ਜੇ.ਪੀ.) ਦੇ 5 ਸਤੰਬਰ ਦੇ ਮਾਰਚ ’ਤੇ ਰੋਕ ਲਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਮਾਰਚ ਨਾਲ ਕੋਈ ਅਣਸੁਖਾਵੀਂ ਘਟਨਾ ਹੋਵੇਗੀ ਅਜਿਹਾ ਮੰਨਣ ਦਾ ਕੋਈ ਠੋਸ ਕਾਰਨ ਨਹੀਂ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣਾ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ। ਚੀਫ਼ ਜਸਟਿਸ ਸੂਰਿਆਕਾਂਤ, ਜਸਟਿਸ ਜਾਇਮਾਲਿਆ ਬਾਗਚੀ ਅਤੇ ਵੀ. ਮੋਹਨਾ ਦੇ ਬੈਂਚ ਨੇ ਪਟੀਸ਼ਨਕਰਤਾ ਨੂੰ ਕਿਹਾ ਕਿ ਉਹ ਆਪਣੀ ਪਟੀਸ਼ਨ ਸੁਪਰੀਮ ਕੋਰਟ ਵਲੋਂ ਗਠਿਤ ਉੱਚ ਪੱਧਰੀ ਕਮੇਟੀ ਅੱਗੇ ਦਾਖ਼ਲ ਕਰਨ, ਜੋ ਵਿਦਿਆਰਥੀਆਂ ਖ਼ਿਲਾਫ਼ ਪੁਲਿਸ ਹਿੰਸਾ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੀ ਹੈ।
ਇਸ ਮਾਮਲੇ ਨੂੰ ਵੀ ਹੋਰ ਬਕਾਇਆ ਪਟੀਸ਼ਨਾਂ ਦੇ ਨਾਲ ਸੂਚੀਬੱਧ ਕੀਤਾ ਜਾਏ, ਜਿਸ ’ਤੇ 10 ਸਤੰਬਰ ਨੂੰ ਸੁਣਵਾਈ ਹੋਵੇਗੀ। ਸੇਵਾਮੁਕਤ ਦਿੱਲੀ ਪੁਲਿਸ ਅਧਿਕਾਰੀ ਰਾਜੇਂਦਰ ਸਿੰਘ ਵਲੋਂ ਦਾਖ਼ਲ ਪਟੀਸ਼ਨ ’ਚ ਕਿਹਾ ਗਿਆ ਕਿ ਦਿੱਲੀ ’ਚ ਹੋਣ ਵਾਲੇ ਬ੍ਰਿਕਸ ਸਿਖ਼ਰ ਸੰਮੇਲਨ ਨੂੰ ਵੇਖਦਿਆਂ ਵੱਡੇ ਜਲੂਸ ਅਤੇ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਪਟੀਸ਼ਨਕਰਤਾ ਨੇ ਸੁਰੱਖਿਆ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੁਰੱਖਿਆ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਇਲਾਕੇ ਜਿਵੇਂ ਇੰਡੀਆ ਗੇਟ, ਸੈਂਟਰਲ ਵਿਸਟਾ ਅਤੇ ਆਸਪਾਸ ਦੇ ਇਲਾਕਿਆਂ ’ਚ ਵੱਡੇ ਪੈਮਾਨੇ ’ਤੇ ਲੋਕਾਂ ਨੂੰ ਇਕੱਠਾ ਕਰਨ, ਮਾਰਚ ਜਾਂ ਸੰਗਠਤ ਪ੍ਰਦਰਸ਼ਨ ਦੀ ਤਦ ਤੱਕ ਇਜਾਜ਼ਤ ਨਾ ਦਿੱਤੀ ਜਾਏ, ਜਦ ਤੱਕ ਪ੍ਰਦਰਸ਼ਨਕਾਰੀਆਂ ਨੇ ਜ਼ਰੂਰੀ ਮਨਜ਼ੂਰੀ ਨਾ ਲਈ ਹੋਵੇ।
ਪਟੀਸ਼ਨ ’ਚ ਇਹ ਵੀ ਮੰਗ ਕੀਤੀ ਗਈ ਕਿ ਲੁਟਿੰਅਸ ਦਿੱਲੀ ’ਚ ਪ੍ਰਸਤਾਵਿਤ ਕਿਸੇ ਵੀ ਤਰ੍ਹਾਂ ਦੇ ਇਕੱਠ ਨੂੰ ਰੈਗੂਲੇਟ ਕੀਤਾ ਜਾਏ, ਟਾਲਿਆ ਜਾਏ ਜਾਂ ਉਸ ’ਚ ਉੱਚਿਤ ਬਦਲਾਅ ਕੀਤੇ ਜਾਣ ਤਾਂ ਜੋ 12-13 ਸਤੰਬਰ ਨੂੰ ਹੋਣ ਵਾਲੇ ਬ੍ਰਿਕਸ ਸਿਖ਼ਰ ਸੰਮੇਲਨ ਤੋਂ ਬਾਅਦ ਹੀ ਅਜਿਹਾ ਕੀਤਾ ਜਾਏ। ਬੈਂਚ ਨੇ ਮੰਗ ਖਾਰਜ ਕਰਦਿਆਂ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਵਾਲੀ ਏਜੰਸੀ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਕਾਨੂੰਨ ਵਿਵਸਥਾ ਬਣਾਈ ਰੱਖੇ ਅਤੇ ਦੱਸੇ ਕਿ ਕੀ ਗ਼ੈਰ ਕਾਨੂੰਨੀ ਹੈ ਅਤੇ ਕੀ ਜਾਇਜ਼ ਹੈ।
ਬੈਂਚ ਨੇ ਕਿਹਾ ਕਿ ਦੋਹਾਂ ਧਿਰਾਂ ਤੋਂ ਉਮੀਦ ਹੈ ਕਿ ਉਹ ਸਨਮਾਨ ਕਰਨਗੇ, ਸਹੀ ਵਰਤਾਵ ਕਰਨਗੇ ਅਤੇ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰਨਗੇ। ਜ਼ਿਕਰਯੋਗ ਹੈ ਕਿ ਸੀ.ਜੇ.ਪੀ. ਨੇ ਕੇਂਦਰ ਸਰਕਾਰ ’ਤੇ 25 ਜੁਲਾਈ ਨੂੰ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਾ ਕਰਨ ਦਾ ਦੋਸ਼ ਲਾਇਆ, ਜਿਸ ਤਹਿਤ ਪ੍ਰੀਖਿਆ ’ਚ ਹੋਈਆਂ ਗੜਬੜੀਆਂ ਖ਼ਿਲਾਫ਼ ਆਪਣਾ 36 ਦਿਨ ਲੰਬਾ ਅੰਦੋਲਨ ਵਾਪਿਸ ਲੈਣ ਲਈ ਉਹ ਰਾਜ਼ੀ ਹੋਏ ਸਨ। ਸਿੱਖਿਅਕ ਦਿਵਸ ਮੌਕੇ ਕੱਢਿਆ ਜਾਣ ਵਾਲਾ ਇਹ ਮਾਰਚ ਇੰਡੀਆ ਗੇਟ ਤੋਂ ਸ਼ੁਰੂ ਹੋ ਕੇ ਦਿੱਲੀ ਪੁਲਿਸ ਹੈੱਡਕੁਆਰਟਰ ਤੱਕ ਜਾਏਗਾ। ਇਸ ਮਾਰਚ ਦੀ ਅਗਵਾਈ ਵਿਦਿਆਰਥੀਆਂ ਦੇ ਰਿਸ਼ਤੇਦਾਰ ਕਰਨਗੇ, ਜਿਨ੍ਹਾਂ ਨੇ ਨੀਟ ਪ੍ਰੀਖਿਆ ਰੱਦ ਹੋਣ ਅਤੇ ਉਸ ਤੋਂ ਬਾਅਦ ਦੁਬਾਰਾ ਪ੍ਰੀਖਿਆ ਕਰਵਾਏ ਜਾਣ ’ਤੇ ਖੁਦਕੁਸ਼ੀ ਕਰ ਲਈ ਸੀ। ਇਸ ਤੋਂ ਇਲਾਵਾ ਜੁਲਾਈ ’ਚ ਹੋਏ ਪ੍ਰਦਰਸ਼ਨ ਦੌਰਾਨ ਪੁਲਿਸ ਦੀਆਂ ਵਧੀਕੀਆਂ ਦਾ ਸਾਹਮਣਾ ਕਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰ ਵਾਲੇ ਵੀ ਮਾਰਚ ’ਚ ਸ਼ਾਮਿਲ ਹੋਣਗੇ।