ਮੁੰਬਈ, 18 ਅਕਤੂਬਰ (ਏਜੰਸੀ)- ਮੁੰਬਈ ਦੇ ਜੁਹੂ ਇਲਾਕੇ ’ਚ ਐਤਵਾਰ ਸ਼ਾਮ ਨੂੰ ਅਦਾਕਾਰ ਟਾਈਗਰ ਸ਼ਰੌਫ ਦੀ ਕਾਰ ’ਤੇ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਬਾਰੀ ਕਰਨ ਦੀ ਘਟਨਾ ਸਾਹਮਣੇ ਆਈ ਹੈ, ਹਾਲਾਂਕਿ ਅਦਾਕਾਰ ਸੁਰੱਖਿਅਤ ਹਨ। ਸੂਚਨਾ ਮੁਤਾਬਿਕ ਅਦਾਕਾਰ ’ਤੇ ਤਿੰਨ ਗੋਲੀਆਂ ਚਲਾਈਆਂ ਗਈਆਂ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ’ਚ ਉਸ ਦਾ ਡਰਾਈਵਰ ਅਤੇ ਆਟੋ-ਰਿਕਸ਼ਾ ਦਾ ਇਕ ਹੋਰ ਚਾਲਕ ਜ਼ਖ਼ਮੀ ਹੋ ਗਏ। ਅਦਾਕਾਰ ਦੇ ਡਰਾਈਵਰ ਦੀ ਪਛਾਣ ਫਿਰਦੌਸ ਵਜੋਂ ਹੋਈ ਹੈ ਤੇ ਆਟੋ ਰਿਕਸ਼ਾ ਵਾਲੇ ਦੀ ਪਛਾਣ ਚੌਹਾਨ ਵਜੋਂ ਹੋਈ ਹੈ। ਇਨ੍ਹਾਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਫਿਰਦੌਸ ਦੇ ਖੱਬੇ ਹੱਥ ’ਤੇ ਸੱਟ ਲੱਗੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਪੱਛਮੀ ਉਪਨਗਰ ਦੇ ਜੁਹੂ ਪੁਲਿਸ ਸਟੇਸ਼ਨ ਅਧੀਨ ਪੁਸ਼ਪਾ ਪਾਰਕ ਨੇੜੇ ਵਾਪਰੀ। ਉਨ੍ਹਾਂ ਨੇ ਦੱਸਿਆ ਕਿ ਸ਼ਰੌਫ ਸੁਰੱਖਿਅਤ ਹੈ। ਮੁੱਢਲੀਆਂ ਰਿਪੋਰਟਾਂ ਅਨੁਸਾਰ ਅਣਪਛਾਤੇ ਹਮਲਾਵਰਾਂ ਨੇ ਅਦਾਕਾਰ ਅਤੇ ਉਸ ਦੇ ਦੋਸਤ ’ਤੇ ਗੋਲੀਬਾਰੀ ਕੀਤੀ। ਇਕ ਵਾਇਰਲ ਵੀਡੀਓ ’ਚ ਅਣਪਛਾਤੇ ਵਿਅਕਤੀ ਨੂੰ ਅਦਾਕਾਰ ਦੀ ਕਾਰ ’ਤੇ ਗੋਲੀਬਾਰੀ ਕਰਦੇ ਦਿਖਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਹਮਲਾਵਰ ਤੇ ਇਸ ਘਟਨਾ ’ਚ ਸ਼ਾਮਿਲ ਮੁਲਜ਼ਮਾਂ ਨੂੰ ਫੜਨ ਲਈ 15 ਟੀਮਾਂ ਗਠਿਤ ਕੀਤੀਆਂ ਗਈਆਂ ਹਨ ਤੇ ਵਿਸ਼ੇਸ਼ ਟੀਮਾਂ ਇਲਾਕੇ ’ਚ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰ ਰਹੀਆਂ ਹਨ। ਟਾਈਗਰ ਦੇ ਪਿਤਾ ਅਤੇ ਅਦਾਕਾਰ ਜੈਕੀ ਸ਼ਰੌਫ ਨੇ ਪੁਸ਼ਟੀ ਕੀਤੀ ਕਿ ਉਸ ਦਾ ਪੁੱਤਰ ਸੁਰੱਖਿਅਤ ਹੈ ਅਤੇ ਉਹ ਥਾਣੇ ਵਿਚ ਅਧਿਕਾਰੀਆਂ ਦੀ ਮਦਦ ਕਰ ਰਿਹਾ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਇਕ ਪੋਸਟ ਅਨੁਸਾਰ ਲਾਰੈਂਸ ਬਿਸ਼ਨੋਈ ਗਰੋਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਪਰ ਪੁਲਿਸ ਨੇ ਅਜੇ ਤੱਕ ਇਸ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕੀਤੀ।
ਮੁੱਖ ਮੰਤਰੀ ਫੜਨਵੀਸ ਵਲੋਂ ਟਾਈਗਰ ਨਾਲ ਗੱਲਬਾਤ
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਮੁੰਬਈ ਪੁਲਿਸ ਕਮਿਸ਼ਨਰ ਅਤੇ ਅਦਾਕਾਰ ਟਾਈਗਰ ਸ਼ਰੌਫ ਨਾਲ ਗੱਲਬਾਤ ਕੀਤੀ। ਫੜਨਵੀਸ ਨੇ ਪੁਲਿਸ ਕਮਿਸ਼ਨਰ ਦੇਵਨ ਭਾਰਤੀ ਤੋਂ ਘਟਨਾ ਬਾਰੇ ਵੇਰਵੇ ਮੰਗੇ ਅਤੇ ਹਮਲਾਵਰਾਂ ਨੂੰ ਜਲਦ ਫੜਨ, ਜਾਂਚ ਵਿਚ ਤੇਜ਼ੀ ਲਿਆਉਣ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ।
ਵੱਖ ਵੱਖ ਆਗੂਆਂ ਵਲੋਂ ਘਟਨਾ ਦੀ ਨਿੰਦਾ
ਅਦਾਕਾਰ ਦੀ ਕਾਰ ’ਤੇ ਹੋਈ ਗੋਲੀਬਾਰੀ ਦੀ ਘਟਨਾ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂਆਂ ਨੇ ਮਹਾਰਾਸ਼ਟਰ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਗਾਇਆ ਕਿ ਸ਼ਹਿਰ ਅਤੇ ਸੂਬੇ ਵਿਚ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ। ਕਾਂਗਰਸੀ ਨੇਤਾ ਸਚਿਨ ਸਾਵੰਤ, ਮੁੰਬਈ ਕਾਂਗਰਸ ਪ੍ਰਧਾਨ ਵਰਸ਼ਾ ਗਾਇਕਵਾੜ, ਐਨ.ਸੀ.ਪੀ. (ਐਸ.ਪੀ.) ਦੇ ਵਿਧਾਇਕ ਰੋਹਿਤ ਪਵਾਰ ਨੇ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਮੁੰਬਈ ਅਰਾਜਕਤਾ ਦੀ ਲਪੇਟ ਵਿਚ ਨਜ਼ਰ ਆ ਰਿਹਾ ਹੈ।
ਮੁੰਬਈ ’ਚ ਟਾਈਗਰ ਸ਼ਰੌਫ਼ ’ਤੇ ਗੋਲੀਬਾਰੀ, ਵਾਲ-ਵਾਲ ਬਚੇ * ਡਰਾਈਵਰ ਸਮੇਤ ਦੋ ਜ਼ਖ਼ਮੀ * ਲਾਰੈਂਸ ਬਿਸ਼ਨੋਈ ਗਰੋਹ ਨੇ ਲਈ ਜ਼ਿੰਮੇਵਾਰੀ
ਮੁੰਬਈ, 18 ਅਕਤੂਬਰ (ਏਜੰਸੀ)- ਮੁੰਬਈ ਦੇ ਜੁਹੂ ਇਲਾਕੇ ’ਚ ਐਤਵਾਰ ਸ਼ਾਮ ਨੂੰ ਅਦਾਕਾਰ ਟਾਈਗਰ ਸ਼ਰੌਫ ਦੀ ਕਾਰ ’ਤੇ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਬਾਰੀ ਕਰਨ ਦੀ ਘਟਨਾ ਸਾਹਮਣੇ ਆਈ ਹੈ, ਹਾਲਾਂਕਿ ਅਦਾਕਾਰ ਸੁਰੱਖਿਅਤ ...
ਅਜੀਤ ਡੈਸਕ
19-10-2026