19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪੰਜਾਬ ’ਚ ਭਾਰੀ ਬਹੁਮਤ ਨਾਲ ਬਣੇਗੀ ਕਾਂਗਰਸ ਦੀ ਸਰਕਾਰ-ਸਚਿਨ ਪਾਇਲਟ ਸਮੁੱਚੀ ਕਾਂਗਰਸ ਇਕ ਟੀਮ ਭਾਵਨਾ ਨਾਲ ਲੜੇਗੀ ਵਿਧਾਨ ਸਭਾ ਚੋਣਾਂ-ਪਰਗਟ ਸਿੰਘ

ਜਸਪਾਲ ਸਿੰਘ ਜਲੰਧਰ, 18 ਅਕਤੂਬਰ-ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਬਦਤਰ ਹੋ ਚੁੱਕੀ ਹੈ ਤੇ ਨਸ਼ਿਆਂ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ ਜਾ ਰਿਹਾ ਹੈ। ਗੈਂਗਸਟਰਵਾਦ ਤੇ ਫਿਰੌਤੀਆਂ ਕਾਰਨ ਲੋਕਾਂ ਅੰਦਰ ਡਰ ਤੇ ਸਹਿਮ ....

Ad Position 21
No active advertisement
ਅਜੀਤ ਡੈਸਕ 19-10-2026

ਜਸਪਾਲ ਸਿੰਘ
ਜਲੰਧਰ, 18 ਅਕਤੂਬਰ-ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਬਦਤਰ ਹੋ ਚੁੱਕੀ ਹੈ ਤੇ ਨਸ਼ਿਆਂ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ ਜਾ ਰਿਹਾ ਹੈ। ਗੈਂਗਸਟਰਵਾਦ ਤੇ ਫਿਰੌਤੀਆਂ ਕਾਰਨ ਲੋਕਾਂ ਅੰਦਰ ਡਰ ਤੇ ਸਹਿਮ ਦਾ ਮਾਹੌਲ ਹੈ। ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਸੂਬੇ ਸਿਰ ਚੜ੍ਹੀ ਕਰਜ਼ੇ ਦੀ ਪੰਡ ਦਿਨੋ ਦਿਨ ਭਾਰੀ ਹੁੰਦੀ ਜਾ ਰਹੀ ਹੈ। ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਜਕੜਿਆ ਹੋਇਆ ਹੈ ਤੇ ਨਸ਼ਿਆਂ ਦਾ ਦੈਂਤ ਪੰਜਾਬ ਦੀ ਜਵਾਨੀ ਨੂੰ ਨਿਗਲ ਰਿਹਾ ਹੈ। ਇਨ੍ਹਾਂ ਵਿਚਾਰਾਂ ਰਾਹੀਂ ਪੰਜਾਬ ਦੇ ਮੌਜੂਦਾ ਹਾਲਾਤ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕੁੱਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਨੇ ‘ਅਜੀਤ’ ਭਵਨ, ਜਲੰਧਰ ਵਿਖੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕਿਹਾ ਕਿ ਪੰਜਾਬ ’ਚ ਇਸ ਸਮੇਂ ਇਕ ਤਰ੍ਹਾਂ ਨਾਲ ਅਰਾਜਕਤਾ ਦਾ ਮਾਹੌਲ ਹੈ ਤੇ ਪੰਜਾਬ ਦੇ ਲੋਕਾਂ ਅੰਦਰ ਮੌਜੂਦਾ ‘ਆਪ’ ਸਰਕਾਰ ਖਿਲਾਫ ਭਾਰੀ ਰੋਸ ਅਤੇ ਗੁੱਸਾ ਹੈ। ਉਨ੍ਹਾਂ ਕਿਹਾ ਕਿ ਜਿਸ ਬਦਲਾਅ ਲਈ ਲੋਕਾਂ ਨੇ ‘ਆਪ’ ਨੂੰ ਸੱਤਾ ਸੌਂਪੀ ਸੀ, ਉਹ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ ਤੇ ਅੱਜ ਪੰਜਾਬ ਦੇ ਲੋਕ ਇਕ ਆਸ ਤੇ ਉਮੀਦ ਭਰੀਆਂ ਨਜ਼ਰਾਂ ਨਾਲ ਕਾਂਗਰਸ ਵੱਲ ਦੇਖ ਰਹੇ ਹਨ ਤੇ ਇਸ ਵਾਰ ਪੰਜਾਬ ਦੇ ਲੋਕ ਸੱਤਾ ਤਬਦੀਲੀ ਲਈ ਕਾਂਗਰਸ ਦੇ ਹੱਕ ’ਚ ਵੋਟ ਪਾਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਆਉਂਦੀਆਂ ਚੋਣਾਂ ’ਚ ਭਾਰੀ ਬਹੁਮਤ ਨਾਲ ਆਪਣੀ ਸਰਕਾਰ ਬਣਾਏਗੀ। ਇਸ ਮੌਕੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਪਰਗਟ ਸਿੰਘ ਦੇ ਨਾਲ ਪਹਿਲੀ ਵਾਰ ‘ਅਜੀਤ’ ਭਵਨ ਪੁੱਜੇ ਸਚਿਨ ਪਾਇਲਟ ਨੇ ਕਿਹਾ ਕਿ ਕਾਂਗਰਸ ਇਹ ਚੋਣਾਂ ਕੇਵਲ ਸੱਤਾ ਪ੍ਰਾਪਤੀ ਲਈ ਨਹੀਂ ਲੜ ਰਹੀ, ਬਲਕਿ ਇਹ ਪੰਜਾਬ ਨੂੰ ਬਚਾਉਣ ਦੀ ਲੜਾਈ ਹੈ,ਕਿਉਂਕਿ ਕਦੇ ਦੇਸ਼ ਦੇ ਅੰਨ ਭੰਡਾਰ ਭਰਨ ਅਤੇ ਤਰੱਕੀ ਦੀ ਮਿਸਾਲ ਵਜੋਂ ਜਾਣਿਆ ਜਾਂਦਾ ਪੰਜਾਬ ਅੱਜ ਹਰ ਖੇਤਰ ’ਚ ਪੱਛੜ ਚੁੱਕਾ ਹੈ ਪਰ ਕਾਂਗਰਸ ਸਰਕਾਰ ਬਣਨ ’ਤੇ ਨਾ ਕੇਵਲ ਪੰਜਾਬ ਦੀ ਗੁਆਚੀ ਸ਼ਾਨ ਨੂੰ ਮੁੜ ਬਹਾਲ ਕੀਤਾ ਜਾਵੇਗਾ ਬਲਕਿ ਇਕ ਅਜਿਹਾ ਹੱਸਦਾ ਵੱਸਦਾ ਤੇ ਖੁਸ਼ਹਾਲ ਪੰਜਾਬ ਸਿਰਜਿਆ ਜਾਵੇਗਾ, ਜਿੱਥੇ ਲੋਕ ਪਹਿਲਾਂ ਦੀ ਤਰ੍ਹਾਂ ਆਪਸੀ ਪਿਆਰ, ਮੁਹੱਬਤ ਤੇ ਇਤਫਾਕ ਨਾਲ ਰਹਿਣ, ਕਾਨੂੰਨ ਦਾ ਰਾਜ ਹੋਵੇ ਤੇ ਲੋਕ ਬਿਨਾਂ ਕਿਸੇ ਡਰ ਤੇ ਖੌਫ ਦੇ ਆਪਣੀ ਗੱਲ ਕਰ ਸਕਣ। ਪੰਜਾਬ ਦੀ ਜਵਾਨੀ ਨਸ਼ਿਆਂ ਤੋਂ ਰਹਿਤ ਹੋ ਕੇ ਖੇਡਾਂ ਦੇ ਖੇਤਰ ’ਚ ਮੱਲਾਂ ਮਾਰੇ, ਨੌਜਵਾਨਾਂ ਨੂੰ ਰੁਜ਼ਗਾਰ ਲਈ ਵਿਦੇਸ਼ਾਂ ਨੂੰ ਨਾ ਜਾਣਾ ਪਵੇ, ਸੂਬੇ ਦਾ ਬੁਨਿਆਦੀ ਢਾਂਚਾ ਮਜ਼ਬੂਤ ਹੋਵੇ ਤੇ ਕਿਸਾਨਾਂ-ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਮਜ਼ਬੂਰ ਨਾ ਹੋਣਾ ਪਵੇ। ਇਸ ਮੌਕੇ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਪੰਜਾਬ ਕਾਂਗਰਸ ਅੰਦਰ ਕਿਸੇ ਵੀ ਤਰ੍ਹਾਂ ਦੀ ਧੜੇਬੰਦੀ ਹੋਣ ਤੋਂ ਇਨਕਾਰ ਕਰਦਿਆਂ ਇਸ ਨੂੰ ਕੇਵਲ ਮੀਡੀਆ ਵਲੋਂ ਬਣਾਈ ਜਾ ਰਹੀ ‘ਮ੍ਰਿਗ ਤ੍ਰਿਸ਼ਨਾ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸੂਬਾ ਪ੍ਰਧਾਨ ਪਰਗਟ ਸਿੰਘ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਸਮੁੱਚੀ ਪਾਰਟੀ ਇਕ ਟੀਮ ਦੀ ਤਰ੍ਹਾਂ ਲੜੇਗੀ। ਇਸ ਮੌਕੇ ਪੰਜਾਬ ਕਾਂਗਰਸ ਦੀ ਸਿਆਸਤ ‘ਗੁੱਡੇ-ਗੁੱਡੀਆਂ’ ਦੇ ਆਲੇ-ਦੁਆਲੇ ਘੁੰਮਣ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਅਜਿਹਾ ਕੁੱਝ ਵੀ ਨਹੀਂ ਹੈ ਤੇ ਪਾਰਟੀ ਅੰਦਰ ਲੀਡਰਸ਼ਿਪ ਤਬਦੀਲੀ ਆਮ ਵਰਤਾਰਾ ਹੈ ਤੇ ਟੀਮ ’ਚ ਕਿਸ ਨੂੰ ਕਿਹੜੀ ਥਾਂ ਅਤੇ ਕਦੋਂ ਖਿਡਾਉਣਾ ਹੈ, ਇਹ ਹਾਈਕਮਾਨ ਸਮੇਂ ਸਮੇਂ ’ਤੇ ਤੈਅ ਕਰਦੀ ਹੈ। ਉਨ੍ਹਾਂ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕਾਂਗਰਸ ਕੋਲ ਸੀਨੀਅਰ ਆਗੂਆਂ ਦੀ ਇਕ ਵੱਡੀ ਟੀਮ ਹੈ ਤੇ ਇਨ੍ਹਾਂ ਸਾਰੇ ਆਗੂਆਂ ਦੇ ਤਜ਼ਰਬੇ ਦਾ ਪਾਰਟੀ ਨੂੰ ਬਹੁਤ ਫਾਇਦਾ ਹੋਵੇਗਾ। ਇਸ ਮੌਕੇ ਟਿਕਟਾਂ ਦੀ ਵੰਡ ਬਾਰੇ ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦਾ ਅੰਤਿਮ ਫੈਸਲਾ ਆਲ ਇੰਡੀਆ ਕਾਂਗਰਸ ਕਮੇਟੀ ਨੇ ਕਰਨਾ ਹੈ ਪਰ ਇਸ ਵਾਰ ਟਿਕਟਾਂ ਕੇਵਲ ਚੋਣਾਂ ਜਿੱਤਣ ਵਾਲੇ ਉਮੀਦਵਾਰਾਂ ਨੂੰ ਨਿਰੋਲ ਮੈਰਿਟ ਦੇ ਆਧਾਰ ’ਤੇ ਹੀ ਦਿੱਤੀਆਂ ਜਾਣਗੀਆਂ ਅਤੇ ਉਨ੍ਹਾਂ ਦੀ ਨਿੱਜੀ ਇੱਛਾ ਹੈ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਨੁਮਾਇੰਦਗੀ ਦਿੱਤੀ ਜਾਣੀ ਚਾਹੀਦੀ ਹੈ, ਕਿਉਂਕਿ ਨੌਜਵਾਨ ਹੀ ਕਿਸੇ ਵੀ ਪ੍ਰਬੰਧ ’ਚ ਤਬਦੀਲੀ ਲਿਆ ਸਕਦੇ ਹਨ। ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦਾ ਮੁੱਖ ਮੁਕਾਬਲਾ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਦੱਸਦੇ ਹੋਏ ਸਚਿਨ ਪਾਇਲਟ ਨੇ ਕਿਹਾ ਕਿ ਮੌਜੂਦਾ ਸਰਕਾਰ ਲੋਕਾਂ ਦਾ ਵਿਸ਼ਵਾਸ਼ ਗੁਆ ਚੁੱਕੀ ਹੈ ਤੇ ਅੱਜ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦਿੱਲੀ ਦੇ ਆਗੂਆਂ ਵਲੋਂ ਚਲਾਇਆ ਜਾ ਰਿਹਾ ਹੈ ਤੇ ਪੰਜਾਬ ਦੇ ਗੈਰਤਮੰਦ ਲੋਕ ਅਜਿਹੀ ਸਰਕਾਰ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਨਸ਼ਿਆਂ, ਗੈਂਗਸਟਰਵਾਦ ਤੇ ਅਮਨ ਕਾਨੂੰਨ ਦੀ ਨਿਘਰ ਚੁੱਕੀ ਸਥਿਤੀ ਕਾਰਨ ਲੋਕਾਂ ਅੰਦਰ ‘ਆਪ’ ਸਰਕਾਰ ਖਿਲਾਫ ਜ਼ਬਰਦਸਤ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਪਰਗਟ ਸਿੰਘ ਨੇ ਵੀ ਪਾਰਟੀ ਅੰਦਰ ਕਿਸੇ ਵੀ ਤਰ੍ਹਾਂ ਦੀ ਧੜੇਬੰਦੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਾਂਗਰਸ ਹੀ ਇਕੋ ਇਕ ਅਜਿਹੀ ਪਾਰਟੀ ਹੈ, ਜਿੱਥੇ ਕੋਈ ਵੀ ਆਗੂ ਨਿਧੜਕ ਹੋ ਕੇ ਆਪਣੀ ਗੱਲ ਰੱਖ ਸਕਦਾ ਹੈ ਤੇ ਉਸ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਪੂਰੀ ਆਜ਼ਾਦੀ ਹੈ। ਜਦਕਿ ਇਸ ਤੋਂ ਉਲਟ ਦੂਸਰੀਆਂ ਪਾਰਟੀਆਂ ਨੂੰ ਤਾਨਾਸ਼ਾਹੀ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ ਤੇ ਕਿਸੇ ਵੀ ਆਗੂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੇ ਸਾਰੇ ਹੀ ਵਿਧਾਇਕ ਤੇ ਮੰਤਰੀ ਇਕ ਤਰ੍ਹਾਂ ਨਾਲ ਦਿੱਲੀ ਦੇ ਆਕਾਵਾਂ ਦੇ ਰਹਿਮੋ-ਕਰਮ ’ਤੇ ਹਨ ਤੇ ਇਕ ਲਿਖੀ-ਲਿਖਾਈ ਸਕ੍ਰਿਪਟ ’ਤੇ ਹੀ ਕੰਮ ਕਰ ਰਹੇ ਹਨ। ਇਸੇ ਤਰ੍ਹਾਂ ਭਾਜਪਾ ਅੰਦਰ ਵੀ ਕਿਸੇ ਨੂੰ ਬੋਲਣ ਦੀ ਆਜ਼ਾਦੀ ਨਹੀਂ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਪਾਰਟੀ ਦੀ ਰਣਨੀਤੀ ਬਾਰੇ ਗੱਲ ਕਰਦੇ ਹੋਏ ਪਰਗਟ ਸਿੰਘ ਨੇ ਕਿਹਾ ਕਿ ਸਮੁੱਚੀ ਪਾਰਟੀ ਇਕ ਟੀਮ ਭਾਵਨਾ ਨਾਲ ਇਹ ਚੋਣਾਂ ਲੜ ਰਹੀ ਹੈ ਅਤੇ ਇਹ ਟੀਮ ਸ਼ਾਨਦਾਰ ਜਿੱਤ ਹਾਸਿਲ ਕਰਕੇ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣਾਏਗੀ। ਪਾਰਟੀ ਪ੍ਰਧਾਨ ਬਦਲਣ ਸੰਬੰਧੀ ਹਾਈਕਮਾਨ ਵਲੋਂ ਦੇਰੀ ਨਾਲ ਲਏ ਫੈਸਲੇ ਬਾਰੇ ਗੱਲ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਹਾਕੀ ਖਿਡਾਰੀ ਹੋਣ ਕਰਕੇ ਉਨ੍ਹਾਂ ਨੂੰ ਆਖਰੀ ਮਿੰਟਾਂ ’ਚ ਗੋਲ ਕਰਨਾ ਚੰਗਾ ਲੱਗਦਾ ਹੈ ਤੇ ਇਸ ਲਈ ਉਨ੍ਹਾਂ ਕੋਲ ਸਮੇਂ ਦੀ ਕੋਈ ਘਾਟ ਨਹੀਂ ਹੈ ਤੇ ਸਮੁੱਚੀ ਲੀਡਰਸ਼ਿਪ ਆਪੋ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਸਮਝਦੀ ਹੋਈ ਚੋਣਾਂ ਦੀ ਤਿਆਰੀ ’ਚ ਲੱਗੀ ਹੋਈ ਹੈ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਭਾਜਪਾ ਦੀ ਬੀ-ਟੀਮ ਦੱਸਦੇ ਹੋਏ ਕਿਹਾ ਕਿ ਇਹ ਦੋਵੇਂ ਪਾਰਟੀਆਂ ‘ਨੂਰਾ’ ਕੁਸ਼ਤੀ ਕਰ ਰਹੀਆਂ ਹਨ ਜਦਕਿ ਦੋਵੇਂ ਪਾਰਟੀਆਂ ਦਾ ਏਜੰਡਾ ਪੰਜਾਬ ਨੂੰ ਲੁੱਟਣਾ ਤੇ ਕੁੱਟਣਾ ਹੈ। ਇਸ ਮੌਕੇ ਉਨ੍ਹਾਂ ‘ਆਪ’ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਨੂੰ ਬੇਹੱਦ ਨਿਰਾਸ਼ਾਜਨਕ ਦੱਸਦੇ ਹੋਏ ਕਿਹਾ ਕਿ ਇਸ ਸਮੇਂ ਪੰਜਾਬ ਡੂੰਘੇ ਆਰਥਿਕ ਸੰਕਟ ’ਚ ਘਿਰਿਆ ਹੋਇਆ ਹੈ, ਅਮਨ ਕਾਨੂੰਨ ਦੀ ਸਥਿਤੀ ਬਦਤਰ ਹੋ ਚੁੱਕੀ ਹੈ, ਸਨਅਤੀ ਖੇਤਰ ’ਚ ਪੂਰੀ ਤਰ੍ਹਾਂ ਨਾਲ ਖੜੋਤ ਹੈ, ਵਪਾਰੀਆਂ ’ਚ ਡਰ ਤੇ ਸਹਿਮ ਦਾ ਮਾਹੌਲ, ਨੌਜਵਾਨ ਨਸ਼ਿਆਂ ਨਾਲ ਮਰ ਰਹੇ ਹਨ ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣ ਕਾਰਨ ਪੰਜਾਬ ਦੇ ਲੋਕ ਤਰਾਹ-ਤਰਾਹ ਕਰ ਰਹੇ ਹਨ। ਉਨ੍ਹਾਂ ਪੰਜਾਬ ਨੂੰ ਇਸ ਸੰਕਟ ਵਿਚੋਂ ਕੱਢਣ ਲਈ ਸਮੂਹ ਪੰਜਾਬੀਆਂ ਨੂੰ ਜੋਸ਼ ਦੇ ਨਾਲ-ਨਾਲ ਹੋਸ਼ ਤੋਂ ਕੰਮ ਲੈਣ ਦਾ ਸੱਦਾ ਦਿੱਤਾ ਕਿ ਉਹ ਪੰਜਾਬ ਨੂੰ ਬਚਾਉਣ ਲਈ ਲੜੀ ਜਾ ਰਹੀ ਲੜਾਈ ’ਚ ਕਾਂਗਰਸ ਦਾ ਡੱਟ ਕੇ ਸਾਥ ਦੇਣ । 

Ad Position 22
No active advertisement
ਪਿਛਲੀ ਖ਼ਬਰ ਅੰਬੇਡਕਰ ਸੈਨਾ ਪੰਜਾਬ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਇਆ ਲੰਗਰ ਸਰਬੱਤ ਦੇ ਭਲ... ਅਗਲੀ ਖ਼ਬਰ 20 ਨੂੰ ਪੰਜਾਬ ਆਉਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ * ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਕਰਨਗੇ ਮੁਲਾਕਾਤ...
Ad Position 24