05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਝੋਟਾ ਹੱਤਿਆਕਾਂਡ-ਪੰਜਾਬ ਸਰਕਾਰ ਤੇ ਐਕਸ਼ਨ ਕਮੇਟੀ ’ਚ ਬਣੀ ਸਹਿਮਤੀ

ਝੋਟਾ ਹੱਤਿਆਕਾਂਡ-ਪੰਜਾਬ ਸਰਕਾਰ ਤੇ ਐਕਸ਼ਨ ਕਮੇਟੀ ’ਚ ਬਣੀ ਸਹਿਮਤੀ

Ad Position 21
No active advertisement
ਅਜੀਤ ਡੈਸਕ 05-11-2026

 ਲੱਖਾ ਸਿਧਾਣਾ ਤੇ ਹੋਰਾਂ ਦੀ ਰਿਹਾਈ ਉਪਰੰਤ ਹੋਵੇਗਾ ਪਰਵਿੰਦਰ ਸਿੰਘ ਝੋਟੇ ਦਾ ਸਸਕਾਰ

ਬਲਵਿੰਦਰ ਸਿੰਘ ਧਾਲੀਵਾਲ/ ਗੁਰਚੇਤ ਸਿੰਘ ਫੱਤੇਵਾਲੀਆ 
ਮਾਨਸਾ, 4 ਨਵੰਬਰ-ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਗਠਿਤ ਐਕਸ਼ਨ ਕਮੇਟੀ ਤੇ ਪੰਜਾਬ ਸਰਕਾਰ ਵਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਿਚਕਾਰ 5 ਘੰਟੇ ਚੱਲੀ ਲੰਬੀ ਮੀਟਿੰਗ ਉਪਰੰਤ ਇਹ ਸਹਿਮਤੀ ਬਣ ਗਈ ਹੈ ਕਿ ਨੌਜਵਾਨ ਆਗੂ ਲੱਖਾ ਸਿਧਾਣਾ ਤੇ ਹੋਰਾਂ ਦੀ ਰਿਹਾਈ ਉਪਰੰਤ ਝੋਟੇ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਪੀ.ਜੀ.ਆਈ. ਤੋਂ ਕਰਵਾ ਕੇ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ। ਕਾਬਿਲੇਗ਼ੌਰ ਹੈ ਕਿ 13 ਅਕਤੂਬਰ ਨੂੰ ਪਰਵਿੰਦਰ ਸਿੰਘ ਦੀ ਇਕ ਮੈਡੀਕਲ ਵਿਕਰੇਤਾ ਵਲੋਂ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਨਸਾਫ਼ ਲੈਣ ਲਈ ਪਿਛਲੇ 23 ਦਿਨਾਂ ਤੋਂ ਸਥਾਨਕ ਤਿੰਨਕੋਨੀ ਨਜ਼ਦੀਕ ਧਰਨਾ ਚੱਲ ਰਿਹਾ ਹੈ। ਇਸੇ ਦੌਰਾਨ ਪ੍ਰਸ਼ਾਸਨ ਤੇ ਸੰਘਰਸ਼ਕਾਰੀਆਂ ’ਚ ਕਈ ਮੀਟਿੰਗਾਂ ਹੋਈਆਂ ਪਰ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ ਸੀ। ਅੱਜ ਹੋਈ ਮੀਟਿੰਗ ਦੌਰਾਨ ਜਿਥੇ ਐਕਸ਼ਨ ਕਮੇਟੀ ਵਲੋਂ ਮੁੱਖ ਮੰਤਰੀ ਤੇ ਡੀ.ਜੀ.ਪੀ. ਦੇ ਅਸਤੀਫ਼ੇ ਦੀ ਮੰਗ ਛੱਡ ਦਿੱਤੀ ਗਈ, ਉਥੇ 5 ਨਵੰਬਰ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਦੇ ਘਿਰਾਓ ਦਾ ਪ੍ਰੋਗਰਾਮ ਵੀ ਮੁਲਤਵੀ ਕਰ ਦਿੱਤਾ ਗਿਆ। ਹੋਰ ਲਏ ਗਏ ਫ਼ੈਸਲਿਆਂ ’ਚ ਪਰਵਿੰਦਰ ਦੇ ਪਰਿਵਾਰ ਨੂੰ 2 ਕਰੋੜ ਰੁਪਏ ਮੁਆਵਜ਼ਾ ਤੇ ਪਤਨੀ ਨੂੰ ਵਿੱਦਿਅਕ ਯੋਗਤਾ ਮੁਤਾਬਿਕ ਨੌਕਰੀ ਦੇਣ ਦਾ ਭਰੋਸਾ ਤੇ ਝੋਟਾ ਦੀ ਯਾਦ ’ਚ ਸ਼ਹਿਰ ’ਚ ਬੁੱਤ ਵੀ ਲਗਾਇਆ ਜਾਵੇਗਾ। ਇਸੇ ਤਰ੍ਹਾਂ ਖਿਆਲਾ ਕਲਾਂ ਵਿਖੇ ਪਰਵਿੰਦਰ ਸਿੰਘ ਦੇ ਨਾਂਅ ’ਤੇ ਟਰੋਮਾ ਸੈਂਟਰ ਬਣਾਉਣ ਲਈ ਹਫ਼ਤੇ ’ਚ ਮਨਜ਼ੂਰੀ ਦੇਣ ’ਤੇ ਸਹਿਮਤੀ ਬਣੀ। ਨਾਲ ਹੀ ਸੰਬੰਧਿਤ ਪੁਲਿਸ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਸਮਾਂਬੱਧ ਉੱਚ-ਪੱਧਰੀ ਜਾਂਚ ਕਰਵਾਉਣ ਦਾ ਵੀ ਭਰੋਸਾ ਦਿੱਤਾ ਗਿਆ। 13 ਅਕਤੂਬਰ ਤੋਂ ਸ਼ੁਰੂ ਹੋਏ ਸੰਘਰਸ਼ ਦੌਰਾਨ ਭੰਮੇ ਕਲਾਂ, ਬੁਢਲਾਡਾ ਤੇ ਅਕਲੀਆ ਨਾਲ ਸਬੰਧਿਤ ਦਰਜ ਪਰਚਿਆਂ ਤੋਂ ਇਲਾਵਾ ਪੰਜਾਬ ਭਰ ’ਚ ਫਲੈਕਸ ਪਾੜਨ ਬਾਰੇ ਦਰਜ ਪਰਚੇ ਤੇ ਝੋਟਾ ਦੇ ਪਿਤਾ ਤੇ ਐਂਟੀ ਡਰੱਗ ਟਾਸਕ ਫੋਰਸ ਦੇ ਕਾਰਕੁਨਾਂ ਖ਼ਿਲਾਫ਼ ਪਹਿਲਾਂ ਤੋਂ ਦਰਜ ਪਰਚੇ ਵੀ ਰੱਦ ਕੀਤੇ ਜਾਣਗੇ। ਇਹ ਵੀ ਭਰੋਸਾ ਦਿੱਤਾ ਗਿਆ ਕਿ ਦਲਜੀਤ ਸਿੰਘ ਭੰਮੇ ਕਲਾਂ ਦੇ ਪਰਿਵਾਰ ਨੂੰ ਨੌਕਰੀ ਅਤੇ 50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸੇ ਦੇ ਨਾਲ ਹੀ ਲੁਧਿਆਣਾ ਵਿਖੇ ਮੁੱਖ ਮੰਤਰੀ ਦੇ ਫਲੈਕਸ ਪਾੜਨ ਦੌਰਾਨ ਬਿਜਲੀ ਦਾ ਕਰੰਟ ਲੱਗਣ ਕਰ ਕੇ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ 20 ਲੱਖ ਰੁਪਏ ਮੁਆਵਜ਼ਾ ਦੇਣ ਲਈ ਕਿਹਾ ਗਿਆ ਹੈ। ਮੀਟਿੰਗ ’ਚ ਏ.ਡੀ.ਜੀ.ਪੀ. ਗੌਤਮ ਚੀਮਾ, ਸੀਨੀਅਰ ਆਈ.ਏ.ਐਸ. ਅਧਿਕਾਰੀ ਕੁਲਵੰਤ ਸਿੰਘ ਧੂਰੀ, ਡੀ.ਆਈ.ਜੀ. ਬਠਿੰਡਾ ਰੇਂਜ ਹਰਜੀਤ ਸਿੰਘ, ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਸ਼ਾਮਿਲ ਸਨ ਜਦਕਿ ਐਕਸ਼ਨ ਕਮੇਟੀ ਦੇ ਵੱਡੀ ਗਿਣਤੀ ’ਚ ਮੈਂਬਰਾਂ ਤੋਂ ਇਲਾਵਾ ਝੋਟੇ ਦੇ ਪਿਤਾ ਭੀਮ ਸਿੰਘ ਤੇ ਪਤਨੀ ਮਨਪ੍ਰੀਤ ਕੌਰ ਹਾਜ਼ਰ ਸਨ।  

Ad Position 22
No active advertisement
ਪਿਛਲੀ ਖ਼ਬਰ ਮੱਧਕਾਲੀ ਚੋਣਾਂ ’ਚ ਟਰੰਪ ਦੀ ਕਰਾਰੀ ਹਾਰ, ਡੈਮੋਕ੍ਰੇਟਸ ਦਾ ਸੈਨੇਟ ’ਤੇ ਕਬਜ਼ਾ ਅਗਲੀ ਖ਼ਬਰ ਖੜਗੇ ਵਲੋਂ ਪ੍ਰਧਾਨ ਮੰਤਰੀ ਨੂੰ ‘ਵੋਟ ਚੋਰੀ’ ਦੇ ਦੋਸ਼ਾਂ ’ਤੇ ਖੁੱਲ੍ਹੀ ਬਹਿਸ ਦੀ ਚੁਣੌਤੀ
Ad Position 24