ਨਵੀਂ ਦਿੱਲੀ, 15 ਨਵੰਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਨਕਸਲੀ ਹਿੰਸਾ ਕਾਰਨ ਸਭ ਤੋਂ ਵੱਧ ਨੁਕਸਾਨ ਆਦਿਵਾਸੀ ਭਾਈਚਾਰੇ ਨੂੰ ਝੱਲਣਾ ਪਿਆ ਤੇ ਨਕਸਲ ਪ੍ਰਭਾਵਿਤ ਇਲਾਕਿਆਂ ’ਚ ਉਨ੍ਹਾਂ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵੀ ਵਾਂਝਾ ਰੱਖਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਨੇ ਆਦਿਵਾਸੀਆਂ ਦੀਆਂ ਮੁਸ਼ਕਿਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਮੋਦੀ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਵਿਖੇ ਆਦਿਵਾਸੀ ਆਜ਼ਾਦੀ ਘੁਲਾਟੀਏ ਬਿਰਸਾ ਮੁੰਡਾ ਦੀ 151ਵੀਂ ਜੈਅੰਤੀ ਮੌਕੇ ਕਰਵਾਏ ਗਏ ‘ਜਨਜਾਤੀ ਗੌਰਵ ਦਿਵਸ’ ਸਮਾਗਮ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨਕਸਲੀਆਂ ਵਲੋਂ ਬੱਚਿਆਂ ਨੂੰ ਜਬਰੀ ਲਿਜਾਣ ਤੇ ਆਦਿਵਾਸੀ ਨੌਜਵਾਨ ਔਰਤਾਂ ਨੂੰ ਅਗਵਾ ਕਰਨ ਵਰਗੀਆਂ ਘਟਨਾਵਾਂ ਦੌਰਾਨ ਪਿਛਲੀਆਂ ਸਰਕਾਰਾਂ ਚੁੱਪ ਰਹੀਆਂ। ਉਨ੍ਹਾਂ ਕਿਹਾ ਕਿ ਨਕਸਲੀ ਹਿੰਸਾ ਖ਼ਤਮ ਹੋਣ ਨਾਲ ਹੁਣ ਹਾਲਾਤ ਬਦਲ ਰਹੇ ਹਨ ਤੇ ਆਦਿਵਾਸੀ ਪਰਿਵਾਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਹਿੰਸਾ ਕਾਰਨ ਪ੍ਰਭਾਵਿਤ ਹੋਏ ਬੱਚਿਆਂ ਨੂੰ ਹੁਣ ਸਿੱਖਿਆ ਤੇ ਰੁਜ਼ਗਾਰ ਦੇ ਮੌਕੇ ਮਿਲ ਰਹੇ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 12-13 ਸਾਲਾਂ ਦੌਰਾਨ ਲਗਭਗ 50 ਕਰੋੜ ਲੋਕ ਅਤਿ ਦੀ ਗਰੀਬੀ ਤੋਂ ਬਾਹਰ ਆਏ ਹਨ। ਉਨ੍ਹਾਂ ਵਿਸ਼ਵ ਬੈਂਕ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਇਸ ਨੂੰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੀਆਂ ਵੱਡੀਆਂ ਪ੍ਰਾਪਤੀਆਂ ’ਚੋਂ ਇਕ ਦੱਸਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਆਦਿਵਾਸੀ ਇਲਾਕਿਆਂ ਦੇ ਵਿਕਾਸ ਲਈ ਪੀ.ਐੱਮ.-ਜਨਮਨ ਤੇ ਧਰਤੀ ਆਬਾ ਜਨਜਾਤੀ ਗ੍ਰਾਮ ਉਤਕਰਸ਼ ਅਭਿਆਨ ਤਹਿਤ ਇਕ ਲੱਖ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਰੱਖੀ ਹੈ। ਸਰਕਾਰ ਵਲੋਂ ਗਰੀਬ ਪਰਿਵਾਰਾਂ ਨੂੰ ਚਾਰ ਕਰੋੜ ਤੋਂ ਵੱਧ ਪੱਕੇ ਮਕਾਨ ਦਿੱਤੇ ਗਏ ਹਨ ਤੇ ਆਜ਼ਾਦੀ ਤੋਂ ਕਈ ਦਹਾਕਿਆਂ ਬਾਅਦ ਵੀ ਬਿਜਲੀ ਤੋਂ ਵਾਂਝੇ ਰਹੇ 18 ਹਜ਼ਾਰ ਪਿੰਡਾਂ ਤੱਕ ਬਿਜਲੀ ਪਹੁੰਚਾਈ ਗਈ ਹੈ। ਉਨ੍ਹਾਂ ਦੱਸਿਆ ਕਿ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਪੰਜ ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ ਤੇ ਦੇਸ਼ ਭਰ ’ਚ 1.75 ਲੱਖ ਤੋਂ ਵੱਧ ਆਯੁਸ਼ਮਾਨ ਆਰੋਗਿਆ ਮੰਦਰ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਮੁਦਰਾ ਯੋਜਨਾ ਤਹਿਤ ਬਿਨਾਂ ਕਿਸੇ ਗਾਰੰਟੀ ਦੇ ਕਰਜ਼ੇ ਦੇ ਕੇ ਗਰੀਬ ਪਰਿਵਾਰਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਰਹੇ ਹਨ। ਮੋਦੀ ਨੇ ਕਿਹਾ ਕਿ 100 ਤੋਂ ਵੱਧ ਅਕਾਂਖੀ ਜ਼ਿਲ੍ਹਿਆਂ ਤੇ 500 ਤੋਂ ਵੱਧ ਅਕਾਂਖੀ ਬਲਾਕਾਂ ’ਚ ਵਿਸ਼ੇਸ਼ ਵਿਕਾਸ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਪੀ.ਐੱਮ. ਧਨ-ਧਾਨਯ ਕ੍ਰਿਸ਼ੀ ਯੋਜਨਾ ਤਹਿਤ ਖੇਤੀਬਾੜੀ ’ਚ ਪਛੜੇ 100 ਜ਼ਿਲ੍ਹਿਆਂ ਦੇ ਕਿਸਾਨਾਂ ਲਈ ਵੀ ਬਿਹਤਰ ਮੌਕੇ ਪੈਦਾ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 2021 ’ਚ ਸ਼ੁਰੂ ਹੋਇਆ ਆਦਿਵਾਸੀ ਗੌਰਵ ਦਿਵਸ ਹੁਣ ਕੌਮੀ ਪੱਧਰ ਦਾ ਸਮਾਗਮ ਬਣ ਚੁੱਕਾ ਹੈ। ਬਿਰਸਾ ਮੁੰਡਾ ਦੀ 150ਵੀਂ ਜੈਅੰਤੀ ਮੌਕੇ ਪਿਛਲੇ ਸਾਲ ਦੇਸ਼ ਭਰ ’ਚ ਦੋ ਲੱਖ ਤੋਂ ਵੱਧ ਪ੍ਰੋਗਰਾਮ ਕਰਵਾਏ ਗਏ ਸਨ। ਇਸ ਮੌਕੇ ਲਗਭਗ 30 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ 170 ਤੋਂ ਵੱਧ ਆਦਿਵਾਸੀ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ ਅਤੇ 70 ਤੋਂ ਵੱਧ ਹੋਰ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ।
ਆਦਿਵਾਸੀਆਂ ਨੂੰ ਨਕਸਲੀ ਹਿੰਸਾ ਕਾਰਨ ਸਭ ਤੋਂ ਵੱਧ ਮਾਰ ਝੱਲਣੀ ਪਈ-ਮੋਦੀ
ਆਦਿਵਾਸੀਆਂ ਨੂੰ ਨਕਸਲੀ ਹਿੰਸਾ ਕਾਰਨ ਸਭ ਤੋਂ ਵੱਧ ਮਾਰ ਝੱਲਣੀ ਪਈ-ਮੋਦੀ
ਅਜੀਤ ਡੈਸਕ
16-11-2026