ਟਾਂਡਾ ਉੜਮੁੜ, 5 ਜਨਵਰੀ (ਦੀਪਕ ਬਹਿਲ, ਭਗਵਾਨ ਸਿੰਘ ਸੈਣੀ, ਕੁਲਬੀਰ ਗੁਰਾਇਆ)- ਥਾਣਾ ਟਾਂਡਾ ਅੱਡਾ ਕਲੋਆ ਵਿਖੇ ਬਲਜੀਤ ਸਿੰਘ ਉਰਫ਼ ਬਿੱਲਾ ਕਤਲ ਕਾਂਡ ਦੇ ਦੂਸਰੇ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰਨ ਵਿਚ ਟਾਂਡਾ ਪੁਲਿਸ ਨੇ ਸਫਲਤਾ ਹਾਸਲ ਕੀਤੀ | ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀ ਦੀ ਪਹਿਚਾਣ ਧਰਮਿੰਦਰ ਸਿੰਘ ਉਰਫ਼ ਜੱਟ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਖਡਿਆਲਾ ਸੈਣੀਆਂ ਵਜੋਂ ਹੋਈ ਹੈ | ਇਸ ਸਬੰਧੀ ਥਾਣਾ ਟਾਂਡਾ ਵਿਖੇ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਡੀ.ਐੱਸ.ਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਤੇ ਐੱਸ.ਐੱਚ.ਓ. ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਬਲਜੀਤ ਸਿੰਘ ਉਰਫ਼ ਬਿੱਲਾ ਪੁੱਤਰ ਹਰਬੰਸ ਲਾਲ ਵਾਸੀ ਕੰਧਾਲਾ ਸੇਖਾ ਨੂੰ ਮੋਟਰਸਾਈਕਲ 'ਤੇ ਆਏ ਨੌਜਵਾਨਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜਿਸ ਸਬੰਧੀ ਟਾਂਡਾ ਪੁਲਿਸ ਵੱਲੋਂ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ | ਉਨ੍ਹਾਂ ਹੋਰ ਦੱਸਿਆ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ੍ਰੀ ਸੰਦੀਪ ਕੁਮਾਰ ਮਲਿਕ ਆਈ.ਪੀ.ਐੱਸ ਵਲੋਂ ਐੱਸ.ਪੀ.(ਡੀ) ਪਰਮਿੰਦਰ ਸਿੰਘ ਐੱਸ.ਪੀ. (ਡੀ) ਹੁਸ਼ਿਆਰਪੁਰ ਅਤੇ ਸ੍ਰੀ ਦਵਿੰਦਰ ਸਿੰਘ ਡੀ.ਐਸ.ਪੀ ਸਬ ਡਵੀਜ਼ਨ ਟਾਂਡਾ ਦੀ ਅਗਵਾਈ ਵਿਚ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਸੀ | ਇਸੇ ਦੌਰਾਨ ਹੀ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਮੁੱਖ ਅਫ਼ਸਰ ਥਾਣਾ ਟਾਂਡਾ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਪਾਰਟੀ ਮੁਕੱਦਮੇ ਵਿਚ ਨਾਮਜ਼ਦ ਦੋਸ਼ੀ ਧਰਮਿੰਦਰ ਸਿੰਘ ਦੀ ਤਲਾਸ਼ ਸਬੰਧੀ ਇਲਾਕਾ ਗੈਰ ਇਲਾਕਾ ਥਾਣਾ ਮੌਜੂਦ ਸੀ ਤਾਂ ਕਥਿਤ ਦੋਸ਼ੀ ਧਰਮਿੰਦਰ ਸਿੰਘ ਉਰਫ਼ ਜੱਟ ਪੁੱਤਰ ਬਲਜੀਤ ਸਿੰਘ ਵਾਸੀ ਖਡਿਆਲਾ ਸੈਣੀਆ ਥਾਣਾ ਬੁੱਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ | ਉਨ੍ਹਾਂ ਹੋਰ ਦੱਸਿਆ ਕਿ ਗਿ੍ਫ਼ਤਾਰ ਕਥਿਤ ਦੋਸ਼ੀ ਹਿਸਟਰੀ ਸੀਟਰ ਮੁਲਜ਼ਮ ਹੈ ਤੇ ਉਸ ਉੱਪਰ ਪਹਿਲਾਂ ਵੀ 3 ਮੁਕੱਦਮੇ ਦਰਜ ਹਨ |