ਮਾਹਿਲਪੁਰ, 24 ਜਨਵਰੀ (ਰਜਿੰਦਰ ਸਿੰਘ)-ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਕਰਵਾਏ ਸਮਾਰੋਹ ਮੌਕੇ ਐਸ.ਪੀ. ਸਿੰਘ ਓਬਰਾਏ ਚੈਰੀਟੇਬਲ ਟਰੱਸਟ ਦੇ ਪ੍ਰਬੰਧਕਾਂ ਵੱਲੋਂ ਕਾਲਜ ਦੇ ਹੋਣਹਾਰ ਅਤੇ ਹੁਸ਼ਿਆਰ ਵਿਦਿਆਰਥੀਆ ਦੀ ਆਰਥਿਕ ਮਦਦ ਦੇਣ ਉਦੇਸ਼ ਨਾਲ ਸ਼ੁਰੂ ਕੀਤੀ ਸਨੀ ਓਬਰਾਏ ਸਕਾਲਰਸ਼ਿਪ ਸਕੀਮ ਤਹਿਤ ਇਸ ਸੈਸ਼ਨ ਦੇ ਹੋਣਹਾਰ ਵਿਦਿਆਰਥੀਆਂ ਲਈ ਇਕ ਲੱਖ ਰੁਪਏ ਦੀ ਵਜ਼ੀਫ਼ਾ ਰਾਸ਼ੀ ਦਾ ਚੈੱਕ ਕਾਲਜ ਦੇ ਪਿ੍ੰਸੀਪਲ ਡਾ. ਪਰਵਿੰਦਰ ਸਿੰਘ ਨੂੰ ਸੌਂਪਿਆ | ਇਸ ਮੌਕੇ ਟਰੱਸਟ ਦੇ ਪਟਿਆਲਾ ਜੋਨ ਤੋਂ ਇੰਚਾਰਜ ਮੈਡਮ ਇੰਦਰਜੀਤ ਕੌਰ ਗਿੱਲ ਨੇ ਕਿਹਾ ਕਿ ਇਸ ਸੰਸਥਾ ਦਾ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਵੱਡਾ ਯੋਗਦਾਨ ਹੈ ਅਤੇ ਸਨੀ ਓਬਰਾਏ ਸਕਾਲਰਸ਼ਿਪ ਸਕੀਮ ਤਹਿਤ ਹਰ ਸਾਲ ਚੋਣਵੇਂ ਹੁਸ਼ਿਆਰ ਵਿਦਿਆਰਥੀਆਂ ਨੂੰ ਇਹ ਵਜ਼ੀਫ਼ਾ ਰਾਸ਼ੀ ਦਿੱਤੀ ਜਾਂਦੀ ਹੈ | ਇਸ ਮੌਕੇ ਪਿ੍ੰਸੀਪਲ ਡਾ. ਪਰਵਿੰਦਰ ਸਿੰਘ ਨੇ ਟਰੱਸਟ ਦੇ ਸੰਚਾਲਕਾਂ ਨੂੰ ਕਾਲਜ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਵਜ਼ੀਫ਼ਾ ਰਾਸ਼ੀ ਲਈ ਚੁਣੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਸਾਂਝੀ ਕੀਤੀ | ਇਸ ਮੌਕੇ ਉਨ੍ਹਾਂ ਪ੍ਰਸਿੱਧ ਦਾਨੀ ਸ਼ਖ਼ਸੀਅਤ ਡਾ: ਐਸ.ਪੀ. ਸਿੰਘ ਓਬਰਾਏ ਸਮੇਤ ਟਰੱਸਟ ਦੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਟਰੱਸਟ ਦੇ ਸੰਚਾਲਕਾਂ ਨੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਟਰੱਸਟ ਦੇ ਹੁਸ਼ਿਆਰਪੁਰ ਜੋਨ ਤੋਂ ਇੰਚਾਰਜ ਆਗਿਆਪਾਲ ਸਿੰਘ, ਰਾਕੇਸ਼ ਕੁਮਾਰ, ਚੰਦਰ ਪ੍ਰਕਾਸ਼ ਸਮੇਤ ਕਾਲਜ ਦੇ ਦਫ਼ਤਰੀ ਸਟਾਫ਼ ਤੋਂ ਗੁਰਪ੍ਰੀਤ ਸਿੰਘ, ਅਨਿਲ ਜੰਡੋਲੀ, ਕਮਲਪ੍ਰੀਤ ਸਿੰਘ ਅਤੇ ਵਿਦਿਆਰਥੀ ਹਾਜ਼ਰ ਸਨ |