ਹੁਸ਼ਿਆਰਪੁਰ, 28 ਜਨਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਸਿੰਘਾਂ ਹੁਸ਼ਿਆਰਪੁਰ ਵਿਖੇ ਸੰਤ ਰਣਜੀਤ ਸਿੰਘ ਦੀ ਦੇਖ-ਰੇਖ ਹੇਠ ਬੱਚਿਆਂ ਦਾ ਇਕਾਗਰ-ਚਿੱਤ ਤੇ ਇਕਾਗਰ ਸਰੀਰ ਧਿਆਨ ਮੁਕਾਬਲਾ ਕਰਵਾਇਆ ਗਿਆ | ਇਨ੍ਹਾਂ ਮੁਕਾਬਲਿਆਂ 'ਚ 100 ਤੋਂ ਵੱਧ ਬੱਚਿਆਂ ਨੇ ਭਾਗ ਲਿਆ | ਮੁਕਾਬਲੇ ਦੌਰਾਨ ਆਪਣੇ ਚਿੱਤ ਤੇ ਸਰੀਰ ਨੂੰ ਇੱਕ ਘੰਟੇ ਵਾਸਤੇ ਇਕਾਗਰ-ਚਿੱਤ ਤੇ ਸਰੀਰ ਨੂੰ ਇਕਾਗਰ ਰੱਖਣ ਵਾਲੇ ਨੰੂ ਪਹਿਲਾ ਇਨਾਮ, 40 ਮਿੰਟ ਵਾਲੇ ਨੂੰ ਦੂਜਾ ਅਤੇ 20 ਮਿੰਟ ਰੱਖਣ ਵਾਲੇ ਤੀਸਰਾ ਇਨਾਮ ਦਿੱਤਾ ਗਿਆ ਜਦਕਿ 10 ਮਿੰਟ ਇਕਾਗਰ-ਚਿੱਤ ਰਹਿਣ ਵਾਲੇ ਬੱਚੇ ਨੂੰ ਹਲਾਸ਼ੇਰੀ ਇਨਾਮ ਦਿੱਤਾ ਗਿਆ | ਇਸ ਦੌਰਾਨ ਜੇਤੂਆਂ ਨੂੰ ਨਕਦ ਇਨਾਮ, ਸਿਰਪਾਓ, ਬਾਬਾ ਦੀਪ ਸਿੰਘ ਜੀ ਦਾ ਸਰੂਪ ਦੇ ਕੇ ਸਨਮਾਨਿਤ ਕੀਤਾ ਗਿਆ | ਮੁਕਾਬਲੇ ਦੀ ਜੱਜਮੈਂਟ ਭਾਈ ਸੁਖਵਿੰਦਰ ਸਿੰਘ ਤੇ ਬੀਬੀ ਨਰਿੰਦਰ ਕੌਰ ਨੇ ਕੀਤੀ | ਅੰਤ ਵਿਚ ਸੰਤ ਰਣਜੀਤ ਸਿੰਘ ਨੇ 1 ਪਾਠ ਚੋਪਾਈ ਸਾਹਿਬ ਜੀ ਦਾ ਕਰਵਾਇਆ | ਉਨ੍ਹਾਂ ਨੇ ਦੱਸਿਆ ਕਿ ਬੱਚੇ ਸਾਡਾ ਆਉਣ ਵਾਲਾ ਭਵਿੱਖ ਹਨ | ਇਨ੍ਹਾਂ ਨੂੰ ਨਸ਼ਿਆਂ ਤੇ ਬੁਰੀਆਂ ਅਲਾਮਤਾਂ ਤੋਂ ਬਚਾਉਣ ਲਈ ਇਨ੍ਹਾਂ ਦੇ ਧਿਆਨ ਨੂੰ ਰੱਬ ਨਾਲ ਜੋੜਣਾ ਚਾਹੀਦਾ ਹੈ | ਇਸ ਮੌਕੇ ਬੀਬੀ ਨਿਰਮਲਜੀਤ ਕੌਰ, ਬੀਬੀ ਅਮਨਪ੍ਰੀਤ ਕੌਰ, ਭਾਈ ਅਮਰਜੀਤ ਸਿੰਘ ਭੋਗਲ, ਬੀਬੀ ਮਨਜੀਤ ਕੌਰ, ਭਾਈ ਅਵਤਾਰ ਸਿੰਘ ਭੰਵਰਾ, ਬੀਬੀ ਚਰਨਜੀਤ ਕੌਰ ਮਾਨ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ |