ਮੁਕੇਰੀਆਂ, 28 ਜਨਵਰੀ (ਰਾਮਗੜ੍ਹੀਆ)- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ ਤੇ ਯੂਨੀਅਨ ਆਗੂਆਂ ਨੂੰ ਘਰਾਂ ਵਿਚ ਨਜ਼ਰਬੰਦ ਕਰਨ ਅਤੇ ਜਬਰੀ ਪੁਲਿਸ ਹਿਰਾਸਤ ਵਿਚ ਲੈ ਕੇ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿਚ ਡੱਕਣ ਦੀ ਜ਼ੋਰਦਾਰ ਨਿਖੇਧੀ ਕੀਤੀ | ਯੂਨੀਅਨ ਵੱਲੋਂ ਮੁੱਖ ਮੰਤਰੀ ਦੀ ਹੁਸ਼ਿਆਰਪੁਰ ਆਮਦ 'ਤੇ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਕਰਨ ਦਾ ਕੀਤਾ ਸੀ ਐਲਾਨ | ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀ.ਪੀ.ਐੱਫ ਯੂਨੀਅਨ ਪੰਜਾਬ ਵੱਲੋਂ ਆਪਣੀ ਹੱਕੀ ਮੰਗ ਸੂਬੇ ਦੇ ਲਗਭਗ 2 ਲੱਖ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਨਾਂ ਕਰਨ ਦੇ ਅੜੀਅਲ ਰਵਈਏ ਵਾਲੀ ਪੰਜਾਬ ਸਰਕਾਰ ਨੂੰ ਮਨਵਾਉਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਹੁਸ਼ਿਆਰਪੁਰ ਫੇਰੀ 'ਤੇ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ, ਜਿਸ ਤੋਂ ਖ਼ਫ਼ਾ ਹੋ ਕੇ ਪੰਜਾਬ ਸਰਕਾਰ ਨੇ ਸੂਬਾ ਕਨਵੀਨਰ ਜਸਵੀਰ ਤਲਵਾੜਾ, ਜ਼ਿਲ੍ਹਾ ਪ੍ਰਧਾਨ ਸੰਜੀਵ ਧੂਤ, ਸਾਥੀ ਰਾਹੁਲ ਠਾਕੁਰ ਨੂੰ ਘਰ ਵਿਚ ਨਜ਼ਰਬੰਦ ਕੀਤਾ | ਇਸ ਤੋਂ ਇਲਾਵਾ ਜ਼ਿਲ੍ਹਾ ਉਪ-ਪ੍ਰਧਾਨ ਪਿ੍ੰਸ ਪਲਿਆਲ ਗੜ੍ਹਦੀਵਾਲਾ ਅਤੇ ਲਗਭਗ 4 ਦਰਜਨ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਸੀ.ਪੀ.ਐੱਫ ਆਗੂਆਂ ਨੂੰ ਗਿ੍ਫ਼ਤਾਰ ਕਰਕੇ ਬੁੱਲੋਵਾਲ ਅਤੇ ਜ਼ਿਲ੍ਹੇ ਦੇ ਵੱਖ - ਵੱਖ ਥਾਣਿਆਂ ਅੰਦਰ ਡੱਕ ਦਿੱਤਾ | ਜਿਸ ਦੀ ਯੂਨੀਅਨ ਦੇ ਆਗੂਆਂ ਨੇ ਕੜੇ ਸ਼ਬਦਾਂ ਵਿਚ ਨਿੰਦਾ ਕੀਤੀ | ਵੱਖ-ਵੱਖ ਆਗੂਆਂ ਨੇ ਕਿਹਾ ਕਿ ਸਰਕਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ, ਮੰਗ ਪ੍ਰਦਰਸ਼ਨ ਕਰਨਾ ਹਰੇਕ ਨਾਗਰਿਕ ਦਾ ਸੰਵਿਧਾਨਕ ਹੱਕ ਹੈ | ਪੰਜਾਬ ਸਰਕਾਰ ਸੰਵਿਧਾਨ ਦਿਵਸ 'ਤੇ ਮੁਲਾਜ਼ਮਾਂ ਦੀ ਆਵਾਜ਼ ਨੂੰ ਜਬਰੀ ਦਬਾਉਣ ਦੀ ਅਸਫਲ ਕੋਸ਼ਿਸ਼ ਕਰ ਰਹੀ ਹੈ | ਜਿਸ ਨੂੰ ਸਰਕਾਰ ਡੰਡੇ ਦੇ ਜ਼ੋਰ ਨਾਲ ਦਬਾ ਨਹੀਂ ਸਕਦੀ | ਉਨ੍ਹਾਂ ਕਿਹਾ ਕਿ ਸਰਕਾਰ ਪੁਰਾਣੀ ਪੈਨਸ਼ਨ ਦਾ ਨਵੰਬਰ 2022 ਦਾ ਆਪਣਾ ਅਧੂਰਾ ਨੋਟੀਫ਼ਿਕੇਸ਼ਨ ਤੁਰੰਤ ਪੂਰਾ ਕਰੇ ਅਤੇ ਸੱਤਾ ਵਿਚ ਆਉਣ ਤੋਂ ਪਹਿਲਾਂ ਸਰਕਾਰੀ ਕਰਮਚਾਰੀਆਂ ਨਾਲ ਕੀਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਨਿਭਾਵੇ, ਨਹੀਂ ਤਾਂ ਮੁੱਖ ਮੰਤਰੀ ਪੰਜਾਬ 2026 ਵਿਚ ਪੰਜਾਬ ਵਿਚ ਜਿੱਥੇ ਜਿੱਥੇ ਵੀ ਜਾਣਗੇ ਉਨ੍ਹਾਂ ਦਾ ਯੂਨੀਅਨ ਵੱਲੋਂ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਜਾਵੇਗਾ | ਇਸ ਮੌਕੇ ਸੂਬਾ ਪ੍ਰਧਾਨ ਪ.ਸ.ਸ.ਫ਼ ਸਤੀਸ਼ ਰਾਣਾ, ਸੂਬਾ ਪ੍ਰਧਾਨ ਸੀ.ਪੀ.ਐੱਫ ਯੂਨੀਅਨ ਸੁਖਜੀਤ ਸਿੰਘ, ਪਿ੍ਤਪਾਲ ਚੌਟਾਲਾ, ਰਜਤ ਮਹਾਜਨ, ਸਤੀਸ਼ ਕੁਮਾਰ, ਵਿਕਾਸ ਸ਼ਰਮਾ, ਵਿੱਕੀ ਤਲਵਾੜਾ, ਸੁਨੀਲ ਸ਼ਰਮਾ, ਨਰਿੰਦਰ ਅਜਨੋਹਾ, ਨਿਤਿਨ ਮਹਿਰਾ, ਰਮਾਕਾਂਤ, ਅਮਰ ਸਿੰਘ, ਜਸਵਿੰਦਰ ਬੁੱਲੋਵਾਲ, ਅਸ਼ੋਕ ਕੁਮਾਰ, ਪਰਮਜੀਤ ਕਾਤਿਬ, ਰਣਵੀਰ ਸਿੰਘ, ਰਾਜ ਕੁਮਾਰ, ਸਤਪ੍ਰਕਾਸ਼, ਨਰੇਸ਼ ਮਿੱਡਾ, ਸਸ਼ੀਕਾਂਤ, ਸਰਬਜੀਤ ਸਿੰਘ, ਦਵਿੰਦਰ ਸਿੰਘ, ਨਿਰਮਲ ਬੱਦਨ, ਮਨਜੀਤ ਸਿੰਘ, ਜਗਵਿੰਦਰ ਸਿੰਘ, ਵਿਕਾਸ ਅਰੋੜਾ, ਜਸਵੀਰ ਬੋਦਲ, ਉਮੇਸ਼ ਕੁਮਾਰ, ਨਿਖਿਲ ਮਹਿਤਾ, ਲਹਿੰਬਰ ਸਿੰਘ, ਹਰਜਾਪ ਸਿੰਘ, ਬਲਬੀਰ ਸਿੰਘ, ਗੁਰਚਰਨ ਸਿੰਘ ਆਦਿ ਹਾਜ਼ਰ ਸਨ |