ਬੀਣੇਵਾਲ, 1 ਫਰਵਰੀ (ਬੈਜ ਚੌਧਰੀ)-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਵੱਲੋਂ ਸੜਕਾਂ ਤੇ ਹੋਣ ਵਾਲੇ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਪਿਛਲੇ ਦਿਨੀਂ ਮਾਈਨਿੰਗ ਸਮਗਰੀ ਢੋਣ ਵਾਲੇ ਟਿੱਪਰਾਂ ਅਤੇ ਟਰੱਕਾਂ ਦੇ ਚੱਲਣ ਦੀ ਸਮਾਂ ਸੀਮਾ ਨਿਰਧਾਰਿਤ ਕਰਦੇ ਹੋਏ ਗੜ੍ਹਸ਼ੰਕਰ ਨੰਗਲ ਰੋਡ ਅਤੇ ਮਾਹਿਲਪੁਰ ਜੇਜੋਂ ਰੋਡ ਤੇ ਮਾਈਨਿੰਗ ਸਮਗਰੀ ਲੈ ਕੇ ਆ ਰਹੇ ਟਿੱਪਰਾਂ /ਟਰੱਕਾਂ ਦੇ ਚੱਲਣ ਦਾ ਸਮਾਂ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਨਿਰਧਾਰਿਤ ਕੀਤਾ ਗਿਆ ਸੀ | ਇਸ ਹੁਕਮ ਮੁਤਾਬਿਕ ਉਕਤ ਸੜਕਾਂ ਤੇ ਦਿਨ ਵੇਲੇ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ ਮਾਈਨਿੰਗ ਸਮਗਰੀ ਨਾਲ ਭਰੇ ਟਿੱਪਰਾਂ/ਟਰੱਕਾਂ ਦੇ ਚੱਲਣ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਤਾਂ ਜੋ ਇਹਨਾਂ ਸੜਕਾਂ ਤੇ ਚੱਲਣ ਵਾਲੇ ਹੋਰ ਵਾਹਨਾਂ ਵਾਲਿਆਂ ਨੂੰ ਰਾਹਤ ਮਿਲ ਸਕੇ | ਪਰ ਜ਼ਿਲ੍ਹਾ ਮੈਜਿਸਟਰੇਟ ਦੇ ਉਕਤ ਹੁਕਮ ਦਾ ਟਿੱਪਰਾਂ/ਟਰੱਕਾਂ ਦੇ ਚਾਲਕਾਂ ਤੇ ਕੋਈ ਅਸਰ ਹੋਇਆ ਦਿਖਾਈ ਨਹੀਂ ਦਿੱਤਾ | ਇਕੱਤਰ ਜਾਣਕਾਰੀ ਮੁਤਾਬਿਕ ਇਹਨਾਂ ਟਿੱਪਰ ਚਾਲਕਾਂ ਨੇ ਡੀ ਸੀ ਦੇ ਹੁਕਮਾਂ ਤੋਂ ਬਾਅਦ ਪੁਲਿਸ ਤੇ ਪ੍ਰਸ਼ਾਸਨ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਨਵਾਂ ਰਾਹ ਲੱਭ ਲਿਆ ਹੈ | ਇਹ ਟਿੱਪਰ ਰਾਤ ਨੂੰ ਖ਼ਾਲੀ ਕਰਕੇ ਬੀਤ ਇਲਾਕੇ ਦੀਆਂ ਸੜਕਾਂ ਦੁਆਲੇ ਖੜੇ ਕਰ ਦਿੰਦੇ ਹਨ ਅਤੇ ਸਾਰਾ ਦਿਨ ਨੰਗਲ ਰੋਡ ਤੇ ਦੌੜਦੇ ਹਨ ਜਦ ਕਿ ਕੁੱਝ ਟਿੱਪਰ ਰਸਤਾ ਬਦਲ ਕੇ ਗੜ੍ਹਸ਼ੰਕਰ ਤੋਂ ਵਾਇਆ ਪੋਜੇਵਾਲ ਨੈਣਵਾਂ ਹੋ ਕੇ ਫਿਰ ਅੱਡਾ ਝੁੰਗੀਆਂ ਰਾਹੀਂ ਨੰਗਲ ਰੋਡ ਤੇ ਆ ਜਾਂਦੇ ਹਨ | ਇਕੱਤਰ ਹੋਰ ਜਾਣਕਾਰੀ ਮੁਤਾਬਿਕ ਇਹਨਾਂ ਵਿੱਚ ਬਹੁਤੇ ਟਿੱਪਰ ਹੀ ਬੀਤ ਇਲਾਕੇ ਦੇ ਲੋਕਾਂ ਦੇ ਹੀ ਹਨ | ਜਿਨ੍ਹਾਂ ਵਿੱਚ ਪਿੰਡ ਟਿੱਬੀਆਂ ਦੇ ਕਰੀਬ 50 ਟਿੱਪਰ, ਕਾਣੇਵਾਲ ਦੇ 11 ਟਿੱਪਰ,ਪੰਡੋਰੀ-ਬੀਤ ਤੇ ਪਿੱਪਲੀ ਵਾਲ ਦੇ 10 ਟਿੱਪਰ ਅਤੇ ਇੱਕ ਹੋਰ ਲੁਧਿਆਣਾ ਦੀ ਕੰਪਨੀ ਦੇ ਕਰੀਬ 170 ਟਿੱਪਰ ਕੁਲ ਮਿਲਾ ਕੇ ਕਰੀਬ ਤਿੰਨ ਸੌ ਟਿੱਪਰ ਸ਼ਰੇਆਮ ਚੱਲ ਰਹੀ ਹਨ | ਇਸ ਸਬੰਧੀ ਸੰਪਰਕ ਕਰਨ ਤੇ ਐਸ ਐਚ ਓ ਗਗਨਦੀਪ ਸਿੰਘ ਸੇਖੋਂ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਤੇ ਉਹ ਜਲਦੀ ਕਾਰਵਾਈ ਕਰਨਗੇ | ਦੂਸਰੇ ਪਾਸੇ ਲੋਕ ਬਚਾਓ ਬੀਤ ਬਚਾਓ ਸੰਘਰਸ਼ ਕਮੇਟੀ ਦੇ ਕੁਲਭੂਸ਼ਨ ਕੁਮਾਰ ਸਾਬਕਾ ਸਰਪੰਚ,ਦਵਿੰਦਰ ਰਾਣਾ ਸਾਬਕਾ ਸਰਪੰਚ,ਮੋਹਨ ਲਾਲ ਸੰਮਤੀ ਮੈਂਬਰ,ਗ਼ਰੀਬ ਦਾਸ ਬੀਟਣ,ਰਾਮਜੀਦਾਸ ਚੌਹਾਨ,ਗੁਰਚਰਨ ਸਿੰਘ ਨੈਣਵਾਂ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਮਾਈਨਿੰਗ ਸਮੱਗਰੀ ਵਾਲੇ ਟਿੱਪਰਾਂ ਤੇ ਡੀ ਸੀ ਸਾਹਿਬ ਦੇ ਹੁਕਮਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਗੜ੍ਹਸ਼ੰਕਰ ਪੁਲਿਸ ਨੇ ਹੁਕਮ ਲਾਗੂ ਨ ਕੀਤੇ ਤਾਂ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ |