ਬੀਣੇਵਾਲ, 2 ਫਰਵਰੀ (ਬੈਜ ਚੌਧਰੀ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ 4 ਤੋਂ 6 ਫਰਵਰੀ ਤੱਕ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਦੇ ਪ੍ਰਬੰਧਾਂ ਦਾ ਵਿਸਥਾਰ ਪੂਰਵਕ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਨੇ ਵੱਖ-ਵੱਖ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ | ਇਸ ਮੌਕੇ ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਸੰਜੀਵ ਤਿਵਾੜੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਮੀਟਿੰਗ ਦੌਰਾਨ ਪ੍ਰੋਗਰਾਮ ਦੀ ਰੂਪ ਰੇਖਾ, ਸ਼ਰਧਾਲੂਆਂ ਲਈ ਸਹੂਲਤਾਂ, ਸੁਰੱਖਿਆ ਪ੍ਰਬੰਧਾਂ ਅਤੇ ਤਾਲਮੇਲ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ | ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਸ਼ਰਧਾਲੂਆਂ ਦਾ ਸਹੂਲਤ ਤੇ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਸਾਰੇ ਜ਼ਰੂਰੀ ਪ੍ਰਬੰਧ ਸਮੇਂ ਸਿਰ ਪੂਰੇ ਕੀਤੇ ਜਾਣ | ਉਨ੍ਹਾਂ ਨੇ ਸੁਚਾਰੂ ਸਫ਼ਾਈ,ਪੀਣ ਵਾਲੇ ਪਾਣੀ, ਬਿਜਲੀ ਸਪਲਾਈ, ਪਖਾਨੇ, ਸਿਹਤ ਸੇਵਾਵਾਂ, ਟ੍ਰੈਫਿਕ ਪ੍ਰਬੰਧਨ ਅਤੇ ਪਾਰਕਿੰਗ ਨੂੰ ਯਕੀਨੀ ਬਣਾਉਣ ਤੇ ਵਿਸ਼ੇਸ਼ ਜੋਰ ਦਿੱਤਾ | ਡੀ.ਸੀ. ਜੈਨ ਨੇ ਕਿਹਾ ਕਿ ਆਵਾਜਾਈ ਦੇ ਮਜ਼ਬੂਤ ਪ੍ਰਬੰਧ ਕੀਤੇ ਜਾਣ, ਸੰਬੇਦਨਸ਼ੀਲ ਥਾਵਾਂ ਤੇ ਵਾਧੂ ਪੁਲਿਸ ਬਲ ਤੈਨਾਤ ਕੀਤੇ ਜਾਣ | ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਲੋੜੀਂਦੇ ਸੀ.ਸੀ.ਟੀ.ਵੀ. ਕੈਮਰੇ, ਬੈਰੀਕੇਡਿੰਗ, ਮੈਡੀਕਲ ਕੈਂਪ ਅਤੇ ਐਂਬੂਲੈਂਸ ਸੇਵਾਵਾਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ | ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ, ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਜੋਤੀ ਬਾਲਾ ਮੱਟੂ, ਐਸ.ਡੀ.ਐਮ. ਮੁਕੇਰੀਆਂ ਓਇਸ਼ੀ ਮੰਡਲ, ਐਸ.ਡੀ.ਐਮ. ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ, ਐਸ.ਡੀ.ਐਮ. ਗੜ੍ਹਸ਼ੰਕਰ ਸੰਜੀਵ ਕੁਮਾਰ, ਐਸ.ਡੀ.ਐਮ. ਦਸੂਹਾ ਕੰਵਲਜੀਤ ਸਿੰਘ, ਆਰ.ਟੀ.ਓ. ਅਮਨਦੀਪ ਕੌਰ, ਐਸ.ਪੀ. ਰਵਨੀਤ ਕੌਰ, ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ |