ਚੱਬੇਵਾਲ, 4 ਫ਼ਰਵਰੀ (ਰਾਜੀਵ ਭਾਰਦਵਾਜ)-ਸਮੇਂ ਸਮੇਂ 'ਤੇ ਸਰਕਾਰਾਂ ਵਲੋਂ ਬੇਰੁਜ਼ਗਾਰ ਨੌਜਵਾਨ ਲੜਕੀਆਂ ਅਤੇ ਲੜਕਿਆਂ ਲਈ ਰੁਜ਼ਗਾਰ ਪੈਦਾ ਕਰਨ ਜਾਂ ਸਵੈ ਰੁਜ਼ਗਾਰ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਂਦੇ ਹਨ | ਉਨ੍ਹਾਂ 'ਚੋਂ ਇੱਕ ਪੰਜਾਬ ਸਕਿੱਲ ਡਿਵੈਲਪਮੈਂਟ ਅਧੀਨ , ਪੰਜਾਬ ਹੁਨਰ ਵਿਕਾਸ ਯੋਜਨਾ ਜੋ ਕਿ ਚੱਬੇਵਾਲ 'ਚ ਲਗਪਗ ਫ਼ੇਲ੍ਹ ਰਿਹਾ | ਲੋਕਾਂ ਨੇ ਕਿਹਾ ਕਿ ਪੰਜਾਬ ਸਕਿੱਲ ਡਿਵੈਲਪਮੈਂਟ ਅਧੀਨ ਬਣਾਈ ਗਈ ਇਸ ਇਮਾਰਤ ਤੇ ਲੱਖਾਂ ਰੁਪਏ ਖ਼ਰਚ ਕੀਤੇ ਗਏ ਕੇ ਜੋ ਕਿ ਹੁਣ ਚਿੱਟਾ ਹਾਥੀ ਸਾਬਿਤ ਹੋ ਰਹੀ ਹੈ | ਲਗਪਗ ਦੋ ਕੁ ਸਾਲ ਪਹਿਲਾਂ ਹੀ ਬਣੀ ਇਸ ਬਿਲਡਿੰਗ ਦੀ ਖਸਤਾ ਹਾਲਤ ਹੋ ਚੁੱਕੀ ਹੈ | ਇਸ ਇਮਾਰਤ ਨੂੰ ਲੱਗੇ ਜਿੰਦਰੇ ਹੀ ਬਿਆਨ ਕਰ ਰਹੇ ਹਨ ਕਿ ਇਸ ਅੰਦਰ ਨਾ ਕੋਈ ਸਿੱਖਣ ਵਾਲਾ ਅਤੇ ਨਾ ਕੋਈ ਸਿਖਾਉਣ ਵਾਲਾ ਜਾਂਦਾ ਹੈ | ਚੱਬੇਵਾਲ ਨਿਵਾਸੀ ਹਰਜਿੰਦਰ ਸਿੰਘ, ਸਰਬਜੀਤ ਸਿੰਘ ਆਦਿ ਨੇ ਕਿਹਾ ਕਿ ਬਿਲਡਿੰਗ ਦੀ ਛੱਤ ਤੇ ਜੰਮੀਆਂ ਝਾੜੀਆਂ ਜੰਗਲ ਦਾ ਰੂਪ ਧਾਰਨ ਕਰ ਚੁੱਕੀਆਂ ਹਨ, ਛੱਤ ਨੂੰ ਦੇਖ ਕੇ ਇੰਝ ਜਾਪਦਾ ਹੈ ਕਿ ਕਈ ਮਹੀਨਿਆਂ ਤੋਂ ਜਿਵੇਂ ਇਸ ਦੀ ਸਫ਼ਾਈ ਹੀ ਨਾ ਹੋਈ ਹੋਵੇ | ਛੱਤ 'ਤੇ ਪਈ ਪਾਣੀ ਦੀ ਟੈਂਕੀ ਦੁਆਲੇ ਗੰਦਗੀ ਅਤੇ ਛੱਤ ਤੇ ਹੀ ਲੱਗੇ ਸੋਲਰ ਪੈਨਲ ਦੱਸਦੇ ਹਨ ਕਿ ਸਰਕਾਰ ਵੱਲੋਂ ਕੀਤਾ ਗਿਆ ਖ਼ਰਚਾ ਬਿਲਕੁਲ ਬੇਕਾਰ ਹੋ ਗਿਆ ਹੈ | ਇਸ ਸੰਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਗੁਰਿੰਦਰਜੀਤ ਕੌਰ ਨੇ ਕਿਹਾ ਕਿ ਮੇਰੇ ਕੋਲ ਜ਼ਿਲ੍ਹਾ ਹੁਸ਼ਿਆਰਪੁਰ ਦਾ ਵਾਧੂ ਚਾਰਜ ਹੈ ਮੈਨੂੰ ਇਹ ਜਾਣਕਾਰੀ ਨਹੀਂ ਕਿ ਚੱਬੇਵਾਲ ਦਾ ਇਹ ਸੈਂਟਰ ਬੰਦ ਹੈ ਜਾਂ ਕਿਉਂ ਬੰਦ ਹੈ ਮੈਂ ਇਸ ਸੰਬੰਧੀ ਕੱਲ੍ਹ ਨੂੰ ਹੀ ਦੱਸ ਸਕਦੀ ਹਾਂ |