ਨਡਾਲਾ, 4 ਫਰਵਰੀ (ਰਘਬਿੰਦਰ ਸਿੰਘ)- ਨਡਾਲਾ ਦੇ ਬੇਗੋਵਾਲ ਰੋਡ ਸਥਿਤ ਬਿਜਲੀ ਦਫ਼ਤਰ ਤੋਂ ਕੁੱਝ ਕੁ ਦੂਰੀ 'ਤੇ ਦੋ ਵੱਖ-ਵੱਖ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਣਪਛਾਤੇ ਚੋਰ ਏਅਰ ਕੰਡੀਸ਼ਨਰ ਦੇ ਕੰਪਰੈਸ਼ਰ ਚੋਰੀ ਕਰਕੇ ਫ਼ਰਾਰ ਹੋ ਗਏ ਹਨ | ਬਿਲਡਿੰਗ ਮੈਟੀਰੀਅਲ 'ਤੇ ਕੰਮ ਕਰਦੇ ਵਰਕਰ ਹਰਜਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਹਬੀਬਵਾਲ ਨੇ ਦੱਸਿਆ ਕਿ ਉਸ ਨੇ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਖੋਲ ਕੇ ਉਸਦੀ ਸਫ਼ਾਈ ਕਰ ਰਿਹਾ ਸੀ ਜਦ ਉਹ ਸਫ਼ਾਈ ਕਰਦਾ ਕਰਦਾ ਦੁਕਾਨ ਦੇ ਪਿਛਲੇ ਪਾਸੇ ਗਿਆ ਤਾਂ ਕੀ ਵੇਖਿਆ ਕਿ ਉੱਪਰੋਂ ਛੱਤ ਤੋਂ ਏ.ਸੀ. ਵਾਲੇ ਪਾਈਪ ਹੇਠਾਂ ਲਮਕ ਰਹੇ ਤਾਂ ਥੋੜ੍ਹਾ ਦੂਰ ਹੋ ਕੇ ਵੇਖਿਆ ਕਿ ਉੱਪਰ ਏ.ਸੀ. ਦਾ ਕੰਮਪਰੈਸ਼ਰ ਨਹੀਂ ਸੀ ਜਦ ਪੌੜੀਆਂ ਰਾਹੀਂ ਛੱਤ ਉੱਪਰ ਗਿਆ ਤਾਂ ਵੇਖਿਆ ਕਿ ਜਿੱਥੇ ਸਾਡੇ ਏ.ਸੀ. ਦਾ ਕੰਪਰੈਸ਼ਰ ਓਥੋਂ ਗਾਇਬ ਸੀ ਉੱਥੇ ਨਾਲ ਵਾਲੀ ਦੁਕਾਨ ਮਾਲਕ ਬਲਜਿੰਦਰ ਸਿੰਘ ਗੱਗੀ ਵਾਸੀ ਦੌਲਤਪੁਰ ਦਾ ਏ.ਸੀ. ਕੰਪਰੈਸ਼ਰ ਵੀ ਉੱਥੋਂ ਗਾਇਬ ਸੀ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ | ਗੌਰਤਲਬ ਹੈ ਕਿ ਲਗਭਗ ਇੱਕ ਹਫ਼ਤਾ ਪਹਿਲਾਂ ਵੀ ਨਡਾਲਾ ਦੇ ਸਰਕਾਰੀ ਹਸਪਤਾਲ 'ਚੋਂ ਏ.ਸੀ. ਦੇ ਦੋ ਕੰਪਰੈਸ਼ਰ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਸੀ | ਉਸ ਮਾਮਲੇ ਵਿਚ ਵੀ ਅਜੇ ਤੱਕ ਚੋਰ ਪੁਲਿਸ ਦੀ ਪਕੜ ਤੋਂ ਬਾਹਰ ਹਨ | ਲਗਾਤਾਰ ਹੋ ਰਹੀਆਂ ਇਨ੍ਹਾਂ ਚੋਰੀਆਂ ਕਾਰਨ ਲੋਕਾਂ 'ਚ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਉੱਠਣ ਲੱਗੇ ਹਨ | ਸਥਾਨਕ ਲੋਕਾਂ ਤੇ ਵਪਾਰੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਰਾਤਰੀ ਗਸ਼ਤ ਵਧਾਉਣ ਤੇ ਚੋਰਾਂ ਨੂੰ ਜਲਦੀ ਕਾਬੂ ਕਰਨ ਦੀ ਮੰਗ ਕੀਤੀ ਹੈ | ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |