ਸੈਲਾ ਖ਼ੁਰਦ, 23 ਫਰਵਰੀ (ਹਰਵਿੰਦਰ ਸਿੰਘ ਬੰਗਾ)-ਹੁਸ਼ਿਆਰਪੁਰ ਤੋਂ ਚੰਡੀਗੜ੍ਹ ਜਾਣ ਵਾਲੀ ਮੁੱਖ ਮਾਰਗ 'ਤੇ ਸਥਿਤ ਕਸਬਾ ਸੈਲਾ ਖ਼ੁਰਦ ਮੇਨ ਬਾਜ਼ਾਰ ਵਿਚ ਪੁਲਿਸ ਪ੍ਰਸ਼ਾਸਨ ਤੇ ਸੰਬੰਧਿਤ ਵਿਭਾਗ ਦੀ ਅਣਦੇਖੀ ਕਾਰਨ ਕੁੱਝ ਦੁਕਾਨਦਾਰਾਂ ਅਤੇ ਫੜੀ ਵਾਲਿਆਂ ਵੱਲੋਂ ਸੜਕ ਦੇ ਆਸ ਪਾਸ ਕੀਤੇ ਗਏ ਨਜਾਇਜ਼ ਕਬਜ਼ਿਆਂ ਕਾਰਨ ਆਉਣ ਜਾਣ ਵਾਲੇ ਵਹੀਕਲ ਤੇ ਰਾਹਗੀਰਾਂ ਨੂੰ ਰੁਕਾਵਟ ਪੇਸ਼ ਆਉਣ ਨਾਲ ਜਿੱਥੇ ਟਰੈਫ਼ਿਕ ਜਾਮ ਸਥਿਤੀ ਦਾ ਸਾਹਮਣਾ ਕਰਨਾ ਪੈਦਾ ਹੈ, ਉੱਥੇ ਕੀਮਤੀ ਸਮਾਂ ਬਰਬਾਦ ਕਰਕੇ ਖੱਜਲ ਖ਼ੁਆਰ ਵੀ ਹੋਣਾ ਪੈਂਦਾ ਹੈ | ਇਸ ਦਰਪੇਸ਼ ਸਮੱਸਿਆ ਦਾ ਮੁੱਖ ਕਾਰਨ ਬਾਜ਼ਾਰ ਵਿਚ ਟਰੈਫ਼ਿਕ ਕੰਟਰੋਲ ਕਰਨ ਲਈ ਅਤੇ ਪਬਲਿਕ ਸਹਾਇਤਾ ਲਈ ਪ੍ਰਸ਼ਾਸਨ ਵੱਲੋਂ ਪੁਲਿਸ ਮੁਲਾਜ਼ਮ ਦੀ ਪੱਕੀ ਡਿਊਟੀ ਦਾ ਕੋਈ ਪ੍ਰਬੰਧ ਨਹੀਂ ਹੈ, ਜਿਸ ਕਰਕੇ ਟਰੈਫ਼ਿਕ ਸੁਵਿਧਾ ਆਪ ਮੁਹਾਰੇ ਚੱਲਦੀ ਹੋਈ, ਹਰ ਰੋਜ਼ ਭੀੜ ਭੜਕੇ ਵਾਲਾ ਮਾਹੌਲ ਬਣਿਆ ਰਹਿੰਦਾ ਹੈ | ਜੋ ਹਰ ਸਮੇਂ ਰਾਹਗੀਰਾਂ ਲਈ ਖ਼ਤਰੇ ਤੋਂ ਖ਼ਾਲੀ ਨਹੀਂ ਹੈ | ਜ਼ਿਕਰਯੋਗ ਹੈ ਕਿ ਇਸ ਮਾਰਗ 'ਤੇ ਟਰੈਫ਼ਿਕ ਵਧੇਰੇ ਹੈ, ਜਦੋਂ ਕਿ ਸਿੰਗਲ ਰੋਡ ਹੋਣ ਨਾਤੇ ਟਰੈਫ਼ਿਕ ਸੁਵਿਧਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਾਜ਼ਾਰ ਵਿਚ ਪੁਲਿਸ ਕਰਮੀਆਂ ਦੀ ਡਿਊਟੀ ਲਗਾਉਣੀ ਸਮੇਂ ਦੀ ਮੁੱਖ ਲੋੜ ਹੈ | ਕਸਬੇ ਦੇ ਮੋਹਤਵਾਰ ਸਮੇਂ ਸਮੇਂ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਪਾਸੋਂ ਮੰਗ ਕਰ ਚੁੱਕੇ ਹਨ ਕਿ ਬਾਜ਼ਾਰ ਵਿਚ ਦੋ ਮੁਲਾਜ਼ਮ ਤਾਇਨਾਤ ਕੀਤੇ ਜਾਣ, ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦੁਆਇਆ ਸੀ ਪਰ ਬਾਜ਼ਾਰ ਵਾਸੀਆਂ ਦੀਆਂ ਆਸਾ ਉਮੀਦਾਂ ਤੇ ਅਜੇ ਤੱਕ ਬੂਰ ਨਹੀਂ ਪਿਆ | ਸੈਲਾ ਖ਼ੁਰਦ ਦੇ ਵਾਸੀਆਂ ਨੂੰ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵਿਸ਼ਵਾਸ ਦੁਆਇਆ ਸੀ ਕਿ ਬਾਜ਼ਾਰ ਵਿਚ ਸਥਿਤ ਪੁਰਾਣੀ ਪੁਲਿਸ ਚੌਂਕੀ ਵਿਚ ਕੁੱਝ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ ਅਤੇ ਪੁਲਿਸ ਚੌਂਕੀ ਵਿਚ ਰੰਗ ਰੋਗਣ ਵਗੈਰਾ ਵੀ ਮੁਕੰਮਲ ਹੋ ਗਿਆ, ਪਰ ਬਾਜ਼ਾਰ ਵਿਚ ਪੁਲਿਸ ਮੁਲਾਜ਼ਮਾਂ ਦੀ ਪੱਕੇ ਤੌਰ 'ਤੇ ਤਾਇਨਾਤੀ ਨਾ ਹੋਣ ਕਰਕੇ ਬਾਜ਼ਾਰ ਦੇ ਲੋਕ ਆਪਣੇ ਆਪ ਨੂੰ ਸੁਰੱਖਿਆ ਪੱਖੋਂ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਕਿੰਨਾ ਚੰਗਾ ਹੋਵੇ ਕਿ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਇਸ ਦਰਪੇਸ਼ ਲੋਕ ਮਸਲੇ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਹੋਲਾ ਮੁਹੱਲਾ ਮੇਲੇ ਤੋਂ ਪਹਿਲਾਂ ਹੀ ਹੱਲ ਕਰਨ ਲਈ ਅਮਲੀ ਜਾਮਾ ਪਹੁੰਚਾਉਣ ਤਾਂ ਕਿ ਸਥਾਨਕ ਲੋਕ ਅਤੇ ਮੇਲੇ ਜਾਣ ਵਾਲੀਆਂ ਸੰਗਤਾਂ ਨੂੰ ਸੜਕ ਤੇ ਸੁਖਾਵਾਂ ਅਤੇ ਸੁਰੱਖਿਆ ਪੱਖੋਂ ਵਧੀਆ ਮਾਹੌਲ ਮਿਲ ਸਕੇ |