ਹੁਸ਼ਿਆਰਪੁਰ, 23 ਫਰਵਰੀ (ਨਰਿੰਦਰ ਸਿੰਘ ਬੱਡਲਾ/ਹਰਪ੍ਰੀਤ ਕੌਰ)-ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਕਾਰਜਕਾਰੀ ਸਿਵਲ ਸਰਜਨ- ਕਮ-ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਦੇ ਨਿਰਦੇਸ਼ਾਂ ਤਹਿਤ ਪ੍ਰਾਜੈਕਟ ਰੀ-ਪ੍ਰੋਡਕਟਿਵ ਐਂਡ ਚਾਈਲਡ ਹੈਲਥ (ਆਰ.ਸੀ.ਐਚ.) ਅਧੀਨ ਮੁਹੱਲਾ ਨੀਲ ਕੰਠ ਹੁਸ਼ਿਆਰਪੁਰ 'ਚ ਜਾਗਰੂਕਤਾ ਕੈਂਪ ਲਗਾਇਆ ਗਿਆ | ਇਹ ਕੈਂਪ ਐਸ.ਓ.ਐਸ.ਵੀ.ਏ.-(ਐਨ), ਪੰਜਾਬ ਦੇ ਤਹਿਤ ਚੱਲ ਰਹੀ ਸ਼ਿਵਾਲਿਕ ਹਿਲਜ਼ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਮਾਂ ਅਤੇ ਬੱਚੇ ਦੀ ਸਿਹਤ ਸੰਬੰਧੀ ਸੂਝ-ਬੂਝ ਵਧਾਉਣਾ ਅਤੇ ਲੋਕਾਂ ਨੂੰ ਸਰਕਾਰੀ ਸਿਹਤ ਸੇਵਾਵਾਂ ਬਾਰੇ ਜਾਗਰੂਕ ਕਰਨਾ ਸੀ | ਇਸ ਮੌਕੇ ਸਿਹਤ ਵਿਭਾਗ ਵਲੋਂ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਰਵਿੰਦਰ ਜੱਸਲ, ਪਰਮਜੀਤ ਕੌਰ ਏ.ਐਨ.ਐਮ., ਗੁਰਵਿੰਦਰ ਕੌਰ ਏ.ਐਨ.ਐਮ., ਸੁਨੀਰਾ ਦੇਵੀ ਆਸ਼ਾ ਵਰਕਰ ਅਤੇ ਨਿਰਮਲਾ ਦੇਵੀ ਆਂਗਣਵਾੜੀ ਵਰਕਰ ਨੇ ਸਰਗਰਮ ਭਾਗੀਦਾਰੀ ਨਿਭਾਈ | ਸ਼ਿਵਾਲਿਕ ਹਿਲਜ਼ ਵੈੱਲਫੇਅਰ ਸੁਸਾਇਟੀ ਵੱਲੋਂ ਮੁੱਖ ਸਲਾਹਕਾਰ ਅਮਰਜੀਤ ਹਮਰੋਲ, ਜੋਤੀ ਪੁਰੀ ਏ.ਐਨ.ਐਮ. ਅਤੇ ਨੀਤੂ ਕੌਰ ਜੀ.ਐਨ.ਐਮ. ਨੇ ਵੀ ਕੈਂਪ ਵਿਚ ਹਾਜ਼ਰੀ ਭਰੀ ਅਤੇ ਮਹਿਲਾਵਾਂ ਨੂੰ ਸਿਹਤ ਸਬੰਧੀ ਜ਼ਰੂਰੀ ਜਾਣਕਾਰੀ ਦਿੱਤੀ | ਡਾ. ਰਣਜੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਾਂ ਅਤੇ ਬੱਚੇ ਦੀ ਸਿਹਤ ਕਿਸੇ ਵੀ ਸਮਾਜ ਦੀ ਮਜ਼ਬੂਤ ਨੀਂਹ ਹੁੰਦੀ ਹੈ | ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਰਵਿੰਦਰ ਜੱਸਲ ਨੇ ਵੀ ਸੰਬੋਧਨ ਕੀਤਾ |