ਮੁਕੇਰੀਆਂ, 3 ਮਾਰਚ (ਰਾਮਗੜ੍ਹੀਆ)-ਵਿਧਾਨ ਸਭਾ ਹਲਕਾ ਮੁਕੇਰੀਆਂ ਅੰਦਰ ਸਰਕਾਰੀ ਸ਼ਹਿ ਉੱਪਰ ਮਾਈਨਿੰਗ ਮਾਫ਼ੀਆ ਵਲੋਂ ਕੀਤੀ ਜਾ ਰਹੀ ਕੁਦਰਤੀ ਸਾਧਨਾਂ ਦੀ ਲੁੱਟ ਅਤੇ ਇਸ ਲੁੱਟ ਦੌਰਾਨ ਹਲਕੇ ਦੀਆਂ ਸੜਕਾਂ ਦੇ ਕੀਤੇ ਗਏ ਬੁਰੇ ਹਾਲ ਦੇ ਵਿਰੋਧ ਵਿਚ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਜਾਵੇਗੀ | ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ, ਤਰਸੇਮ ਸਿੰਘ ਮਿਨਹਾਸ ਵਲੋਂ ਸਰਬਜੋਤ ਸਾਬੀ ਦੇ ਗ੍ਰਹਿ ਵਿਖੇ ਕੀਤੀ ਗਈ ਕਾਂਗਰਸੀ ਵਰਕਰਾਂ ਦੀ ਮੀਟਿੰਗ ਦੌਰਾਨ ਕੀਤਾ ਗਿਆ ਅਤੇ ਇਸੇ ਸਮੇਂ ਐਲਾਨ ਕੀਤਾ ਗਿਆ ਕਿ ਪੰਜਾਬ ਸਰਕਾਰ ਦੇ ਖ਼ਿਲਾਫ਼ ਵੱਡੀ ਲੋਕਤੰਤਰਿਕ ਲੜਾਈ ਦੀ ਸ਼ੁਰੂਆਤ 9 ਤਾਰੀਖ਼ ਨੂੰ 'ਯੁੱਧ ਲੁਟੇਰਿਆਂ ਦੇ ਵਿਰੁੱਧ' ਮੁਹਿੰਮ ਦੇ ਬੈਨਰ ਹੇਠ ਹਾਜੀਪੁਰ ਟੀ-ਪੁਆਇੰਟ 'ਤੇ ਸਵੇਰੇ 10 ਵਜੇ ਰੱਖੀ ਗਈ ਹਲਕਾ ਵਾਸੀਆਂ ਦੀ ਮੀਟਿੰਗ ਦੌਰਾਨ ਕੀਤਾ ਜਾਵੇਗਾ | ਸਰਬਜੋਤ ਸਾਬੀ ਨੇ ਅੱਗੇ ਕਿਹਾ ਕਿ ਸੂਬੇ ਦੀ ਮੌਜੂਦਾ 'ਆਪ' ਸਰਕਾਰ ਦੇ ਰਾਜ ਅੰਦਰ ਹਲਕਾ ਮੁਕੇਰੀਆਂ ਵਿਚ ਲਗਾਤਾਰ ਕੁਦਰਤੀ ਸਾਧਨਾਂ ਦੀ ਲੁੱਟ ਹੋ ਰਹੀ ਹੈ, ਜਿਸ ਕਾਰਨ ਕੁਦਰਤ ਨਾਲ ਖਿਲਵਾੜ ਹੋ ਰਿਹਾ ਹੈ ਅਤੇ ਇਸ ਦੇ ਬੁਰੇ ਨਤੀਜੇ ਆਉਣ ਵਾਲੇ ਸਮੇਂ ਦੌਰਾਨ ਦੇਖਣ ਨੂੰ ਮਿਲਣਗੇ, ਇਸ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ 'ਆਪ' ਦੀ ਸਰਕਾਰ ਹੋਵੇਗੀ | ਉਨ੍ਹਾਂ ਕਿਹਾ ਕਿ ਕੁਦਰਤੀ ਸਾਧਨਾਂ ਦੀ ਹੋ ਰਹੀ ਇਸ ਲੁੱਟ ਦੌਰਾਨ ਹਲਕੇ ਦੀਆਂ ਸੜਕਾਂ ਓਵਰਲੋਡ ਗੱਡੀਆਂ ਕਾਰਨ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ, ਜਿਸ ਕਾਰਨ ਰੋਜ਼ਾਨਾ ਥਾਂ-ਥਾਂ ਲੋਕ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ | ਇਸੇ ਕਰਕੇ ਮੁਕੇਰੀਆਂ ਵਿਚ ਹਰ ਟਾਈਮ ਜਾਮ ਲੱਗਾ ਰਹਿੰਦਾ ਹੈ, ਪਰ ਸੂਬਾ ਸਰਕਾਰ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈ ਰਿਹਾ | ਉਨ੍ਹਾਂ ਕਿਹਾ ਕਿ 9 ਮਾਰਚ ਨੂੰ ਰੱਖੀ ਗਈ ਇਸ ਮੀਟਿੰਗ ਵਿਚ ਪਾਰਟੀ ਵਰਕਰਾਂ ਤੇ ਹਲਕਾ ਵਾਸੀਆਂ ਦੀ ਸਲਾਹ ਨਾਲ ਸੰਘਰਸ਼ ਨੂੰ ਸ਼ੁਰੂ ਕੀਤਾ ਜਾਵੇਗਾ ਜੋ ਤਦ ਤੱਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਕੁਦਰਤੀ ਸਾਧਨਾਂ ਦੀ ਲੁੱਟ ਬੰਦ ਨਹੀਂ ਹੋ ਜਾਂਦੀ ਅਤੇ ਇਸ ਲੁੱਟ ਲਈ ਜ਼ਿੰਮੇਵਾਰ ਲੋਕਾਂ ਨੂੰ ਸਜਾ ਨਹੀਂ ਮਿਲ ਜਾਂਦੀ | ਸਰਬਜੋਤ ਸਾਬੀ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਹਲਕੇ ਨੂੰ ਬਚਾਉਣ ਲਈ ਇਕ ਥਾਂ ਇਕੱਠੇ ਹੋ ਕੇ ਲੜਾਈ ਲੜੀ ਜਾਵੇ ਤਾਂ ਜੋ ਮਾਈਨਿੰਗ ਮਾਫ਼ੀਆ ਦੀ ਇਸ ਲੁੱਟ ਨੂੰ ਰੋਕਿਆ ਜਾ ਸਕੇ | ਇਸ ਮੌਕੇ ਜਸਵੰਤ ਸਿੰਘ ਰੰਧਾਵਾ, ਹਰਮਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ, ਸਚਿਨ ਸਮਿਆਲ ਐੱਮ. ਸੀ., ਬੇਅੰਤ ਸਿੰਘ ਰੰਧਾਵਾ, ਕਮਲ ਖੋਸਲਾ, ਪ੍ਰੇਮ ਚੰਦ ਸਿੰਘ ਕਤਰਾਲਾ, ਸ਼ਮਸ਼ੇਰ ਸਿੰਘ ਸ਼ੇਰਾ ਐੱਮ. ਸੀ., ਰਣਜੋਧ ਸਿੰਘ ਕੁੱਕੂ ਐੱਮ. ਸੀ., ਅਨਿਲ ਠਾਕੁਰ ਸਰਪੰਚ ਮਾਨਸਰ, ਕੁਲਭੂਸ਼ਣ ਸੋਹਲ ਹਾਜੀਪੁਰ, ਕਸ਼ਮੀਰ ਸਿੰਘ ਮੁਕੇਰੀਆਂ, ਸੁਸ਼ੀਲ ਕੁਮਾਰ ਪ੍ਰਧਾਨ ਸੇਵਾ ਦਲ, ਅਮਨ ਕੁਮਾਰ ਮੀਡੀਆ ਇੰਚਾਰਜ ਸੇਵਾ ਦਲ, ਬਲਦੇਵ ਸਿੰਘ ਕੌਲਪੁਰ, ਠਾਕੁਰ ਨਰਦੇਵ ਸਿੰਘ ਕਰਾਰੀ, ਮਨਜਿੰਦਰ ਸਿੰਘ ਸਰਪੰਚ ਮਹਿਤਾਬਪੁਰ, ਸਾਬਾ ਮਹਿਤਾਬਪੁਰ ਮੈਂਬਰ ਬਲਾਕ ਸੰਮਤੀ, ਅਮਰੀਕ ਸਿੰਘ ਜਲਾਲਾ, ਨਰਿੰਦਰ ਸਿੰਘ ਅਰਥੇਆਲ, ਮਨਜੀਤ ਸਿੰਘ ਕੌਲਪੁਰ, ਰਸ਼ਪਾਲ ਸਿੰਘ ਕੌਲਪੁਰ, ਬੇਅੰਤ ਸਿੰਘ ਰੰਧਾਵਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਦਿਲਬਾਗ ਸਿੰਘ ਸਰਪੰਚ ਮਹਿਮੂਦਪੁਰ, ਸਤਵੀਰ ਸਿੰਘ ਰੰਧਾਵਾ ਮੈਂਬਰ ਬਲਾਕ ਸੰਮਤੀ, ਬਲਬੀਰ ਸਿੰਘ ਬੱਗੂ ਸਾਬਕਾ ਐੱਮ. ਸੀ., ਰਸ਼ਪਾਲ ਸਿੰਘ ਰੰਗਾ ਆਦਿ ਸਮੇਤ ਵੱਡੀ ਗਿਣਤੀ ਵਿਚ ਹਲਕਾ ਵਾਸੀ ਹਾਜ਼ਰ ਸਨ |
ਹਲਕਾ ਮੁਕੇਰੀਆਂ ਵਿਚ 'ਯੁੱਧ ਲੁਟੇਰਿਆਂ ਦੇ ਵਿਰੁੱਧ' ਮੁਹਿੰਮ ਦਾ ਆਗਾਜ਼ 9 ਤੋਂ- ਸਰਬਜੋਤ ਸਾਬੀ, ਤਰਸੇਮ ਮਿਨਹਾਸ
ਅਜੀਤ ਡੈਸਕ
04-03-2026