ਮੁਕੇਰੀਆਂ, 3 ਮਾਰਚ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਵਿਖੇ ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਵਲੋਂ 'ਬਨਾਵਟੀ ਬੁੱਧੀ ਤੇ ਅਧਿਆਪਕ ਸਿੱਖਿਆ: ਮੌਕੇ ਅਤੇ ਨੈਤਿਕ ਚੁਣੌਤੀਆਂ' ਵਿਸ਼ੇ 'ਤੇ ਵਰਕਸ਼ਾਪ ਲਗਾਈ ਗਈ | ਇਹ ਗਤੀਵਿਧੀ ਸੰਸਥਾ ਦੇ ਇਨੋਵੇਸ਼ਨ ਕੌਂਸਲ (993) ਦੇ ਅਧੀਨ ਕਰਵਾਈ ਗਈ, ਜਿਸ ਦਾ ਮੁੱਖ ਉਦੇਸ਼ ਅਧਿਆਪਕ ਸਿੱਖਿਆ ਦੇ ਖੇਤਰ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ (19) ਦੀ ਤੇਜ਼ੀ ਨਾਲ ਬਦਲ ਰਹੀ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨਾ ਤੇ ਵਿਦਿਆਰਥਣਾਂ ਨੂੰ ਆਧੁਨਿਕ ਤਕਨੀਕੀ ਰੁਝਾਨਾਂ ਨਾਲ ਜੋੜਨਾ ਸੀ | ਇਸ ਵਰਕਸ਼ਾਪ ਵਿਚ ਮੁੱਖ ਵਿਸ਼ਾ ਮਾਹਿਰ ਵਜੋਂ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਨਾਲ ਸੰਬੰਧਿਤ ਪ੍ਰੋ. ਸੁਰਿੰਦਰ ਕੁਮਾਰ ਸ਼ਰਮਾ ਹਾਜ਼ਰ ਹੋਏ | ਉਨ੍ਹਾਂ ਨੇ ਆਪਣੇ ਲੈਕਚਰ ਦੌਰਾਨ ਅਧਿਆਪਕ ਸਿੱਖਿਆ ਵਿੱਚ ਏ.ਆਈ. ਦੇ ਉਭਰਦੇ ਮੌਕਿਆਂ ਅਤੇ ਇਸ ਨਾਲ ਜੁੜੀਆਂ ਨੈਤਿਕ ਚੁਣੌਤੀਆਂ 'ਤੇ ਚਰਚਾ ਕੀਤੀ | ਪ੍ਰੋ. ਸ਼ਰਮਾ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਅਧਿਆਪਕਾਂ ਲਈ ਸਿਰਫ਼ ਸਹਾਇਕ ਸਾਧਨ ਹੀ ਨਹੀਂ, ਸਗੋਂ ਸਿੱਖਿਆ ਪ੍ਰਣਾਲੀ ਨੂੰ ਹੋਰ ਰਚਨਾਤਮਕ ਤੇ ਪ੍ਰਭਾਵਸ਼ਾਲੀ ਬਣਾਉਣ ਦਾ ਮਜ਼ਬੂਤ ਮਾਧਿਅਮ ਹੈ | ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਨੇ ਧੰਨਵਾਦੀ ਸ਼ਬਦਾਂ ਦੀ ਸਾਂਝ ਪਾਉਦਿਆਂ ਆਪਣੇ ਸੰਬੋਧਨ ਵਿਚ ਕਿਹਾ ਕਿ ਸਮੇਂ ਦੀ ਲੋੜ ਨੂੰ ਦੇਖਦੇ ਹੋਏ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਤਕਨੀਕੀ ਵਿਕਾਸ ਨਾਲ ਕਦਮ ਮਿਲਾ ਕੇ ਚਲਣਾ ਚਾਹੀਦਾ ਹੈ | ਇਸ ਮੌਕੇ ਸਹਾਇਕ ਪ੍ਰੋਫੈਸਰ ਅਨੂ ਲਤਾ, ਸਹਾਇਕ ਪ੍ਰੋਫੈਸਰ ਰੇਨੂ ਗੁਪਤਾ, ਸਹਾਇਕ ਪ੍ਰੋਫੈਸਰ ਸ਼ਿਖਾ ਸ਼ਰਮਾ, ਸਹਾਇਕ ਪ੍ਰੋਫੈਸਰ ਸਤਵੰਤ ਕੌਰ ਤੇ ਕਾਲਜ ਦੀਆਂ ਵਿਦਿਆਰਥਣਾਂ ਵਿਚ ਮੌਜੂਦ ਸਨ | ਪ੍ਰੋਗਰਾਮ ਦੀ ਸਲਾਘਾ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਮੈਂਬਰ ਐਸ.ਜੀ.ਪੀ.ਸੀ. ਅਤੇ ਸਮੂਹ ਕਮੇਟੀ ਮੈਂਬਰਾਂ ਨੇ ਪ੍ਰੋਗਰਾਮ ਇੰਚਾਰਜ ਤੇ ਸਟਾਫ਼ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਭਵਿੱਖ ਵਿਚ ਵੀ ਅਜਿਹੀਆਂ ਪ੍ਰੇਰਣਾਦਾਇਕ ਅਤੇ ਗਿਆਨਵਰਧਕ ਗਤੀਵਿਧੀਆਂ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ |