ਦਸੂਹਾ, 3 ਮਾਰਚ (ਕੌਸ਼ਲ)-ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਵਿਚ ਪਿ੍ੰਸੀਪਲ ਡਾ. ਵਰਿੰਦਰ ਕੌਰ ਦੀ ਯੋਗ ਅਗਵਾਈ ਹੇਠ ਸਾਇੰਸ ਵਿਭਾਗ ਵਲੋਂ 2 ਮਾਰਚ 2026 ਨੂੰ ਕਾਲਜ ਦੀ ਮਾਰਨਿੰਗ ਅਸੈਂਬਲੀ ਵਿਚ 'ਜ਼ੀਰੋ ਡਿਸਕਿ੍ਮਿਨੇਸ਼ਨ ਡੇ' ਮਨਾਇਆ ਗਿਆ | ਇਸ ਦਿਨ ਦਾ ਮਕਸਦ ਸਮਾਜ ਵਿਚ ਹਰ ਕਿਸੇ ਲਈ ਬਰਾਬਰੀ, ਸਤਿਕਾਰ ਅਤੇ ਅਧਿਕਾਰਾਂ ਦੀ ਪ੍ਰਚਾਰਨਾ ਕਰਨਾ ਹੈ | ਇਹ ਦਿਨ ਹਰ ਸਾਲ 1 ਮਾਰਚ ਨੂੰ ਮਨਾਇਆ ਜਾਂਦਾ ਹੈ ਤਾਂ ਜੋ ਜਾਤੀ, ਧਰਮ, ਲਿੰਗ, ਰੰਗ ਜਾਂ ਕਿਸੇ ਵੀ ਆਧਾਰ 'ਤੇ ਹੋਣ ਵਾਲੇ ਭੇਦਭਾਵ ਨੂੰ ਖ਼ਤਮ ਕਰਕੇ ਸਮਾਨਤਾ ਅਤੇ ਸਵੀਕਾਰਤਾ ਦਾ ਸੰਦੇਸ਼ ਫੈਲਾਇਆ ਜਾ ਸਕੇ | ਇਸ ਮੌਕੇ ਵਿਦਿਆਰਥਣਾਂ ਨੂੰ ਜੈਂਡਰ ਇਕੁਅਲਿਟੀ ਸਬੰਧੀ ਇੱਕ ਛੋਟੀ ਡਾਕੂਮੈਂਟਰੀ 'ਮੁਸਕਾਨ' ਵੀ ਦਿਖਾਈ ਗਈ | ਡਾਕੂਮੈਂਟਰੀ ਰਾਹੀਂ ਲਿੰਗ ਸਮਾਨਤਾ ਤੇ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕਤਾ ਫੈਲਾਈ ਗਈ ਤੇ ਵਿਦਿਆਰਥਣਾਂ ਨੂੰ ਸਮਾਜ ਵਿਚ ਮੌਜੂਦ ਅਸਮਾਨਤਾਵਾਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਦੂਰ ਕਰਨ ਲਈ ਪ੍ਰੇਰਿਤ ਕੀਤਾ ਗਿਆ | ਇਸ ਉਪਰੰਤ ਪਿ੍ੰਸੀਪਲ ਡਾ. ਵਰਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਇਸ ਦਿਨ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਸਮਾਗਮ ਵਿਚ ਕਾਲਜ ਦੇ ਸਮੂਹ ਸਟਾਫ਼ ਮੈਂਬਰ ਤੇ ਵਿਦਿਆਰਥਣਾਂ ਹਾਜ਼ਰ ਸਨ | ਸਮਾਗਮ ਨੇ ਇਕਤਾ, ਬਰਾਬਰੀ ਅਤੇ ਸਵੀਕਾਰਤਾ ਦਾ ਪ੍ਰੇਰਕ ਸੰਦੇਸ਼ ਦਿੱਤਾ |