ਬੀਣੇਵਾਲ, 8 ਮਾਰਚ (ਬੈਜ ਚੌਧਰੀ)-ਸੀ. ਪੀ. ਆਈ. ਐੱਮ. ਸੂਬਾ ਇਕਾਈ ਦੇ ਮੈਂਬਰ ਅਤੇ ਸੀਟੂ ਦੇ ਲੰਬਾ ਸਮਾਂ ਰਹੇ ਕੌਮੀ ਮੀਤ ਪ੍ਰਧਾਨ ਮਰਹੂਮ ਕਾਮਰੇਡ ਰਘੂਨਾਥ ਸਿੰਘ ਬੀਣੇਵਾਲ ਦੀ 6ਵੀਂ ਬਰਸੀ ਮੌਕੇ ਸ੍ਰੀ ਵਿਸ਼ਵਕਰਮਾ ਮੰਦਰ ਝੁੰਗੀਆਂ(ਬੀਣੇਵਾਲ) ਵਿਚ ਕਰਵਾਏ ਵਿਸ਼ੇਸ਼ ਸ਼ਰਧਾਂਜਲੀ ਸਮਾਗਮ 'ਚ ਸੀ. ਪੀ. ਆਈ. (ਐੱਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸਮੇਤ ਹੋਰ ਆਗੂਆਂ ਨੇ ਸ਼ਰਧਾ ਦੇ ਫੁਲ ਭੇਟ ਕੀਤੇ ਤੇ ਮਿਹਨਤੀ ਲੋਕਾਂ ਦੇ ਅਧਿਕਾਰਾਂ ਅਤੇ ਜੁਲਮ ਵਿਰੁੱਧ ਸੰਘਰਸ਼ ਜਾਰੀ ਰੱਖਣ ਦਾ ਸੰਕਲਪ ਲਿਆ | ਸੀ. ਪੀ. ਆਈ. ਐੱਮ. ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕਾਮਰੇਡ ਰਘੁਨਾਥ ਸਿੰਘ ਨੇ ਮਨੁੱਖਤਾ ਦੀ ਭਲਾਈ ਲਈ ਕੰਮ ਕੀਤਾ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਖ਼ਤ ਮਿਹਨਤ ਕੀਤੀ | ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਉਨ੍ਹਾਂ ਦੀ ਪਾਰਟੀ ਦੀ ਲੜਾਈ ਉਦੋਂ ਤਕ ਜਾਰੀ ਰਹੇਗੀ ਜਦੋਂ ਤੱਕ ਉਨ੍ਹਾਂ ਨੂੰ ਜਿੱਤ ਨਹੀਂ ਮਿਲ ਜਾਂਦੀ ਤੇ ਕੇਂਦਰ ਸਰਕਾਰ ਵਲੋਂ ਲੋਕ ਵਿਰੋਧੀ ਨੀਤੀਆਂ ਅਤੇ ਬਿੱਲ ਵਾਪਸ ਨਹੀ ਲਏ ਜਾਂਦੇ | ਸੀ. ਪੀ. ਐੱਮ. ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਨੇਕ ਸਿੰਘ ਭੱਜਲ ਨੇ ਕਿਹਾ ਕਿ ਪੰਜਾਬ ਨੂੰ ਪੁਲਿਸ ਸਟੇਟ ਬਣਾਇਆ ਜਾ ਰਿਹਾ ਹੈ | ਪੁਲਿਸ ਨੂੰ ਕਿਸੀ ਨੂੰ ਤੰਗ ਕਰਨ ਦਾ ਕੋਈ ਅਧਿਕਾਰ ਨਹੀਂ ਹੈ | ਦੋਸ਼ੀ ਨੂੰ ਸਜਾ ਦੇਣ ਦਾ ਅਧਿਕਾਰ ਸਿਰਫ਼ ਅਦਾਲਤ ਨੂੰ ਹੁੰਦਾ ਹੈ | ਸ਼ਰਧਾਂਜਲੀ ਸਮਾਗਮ 'ਚ ਕਾਮਰੇਡ ਦਰਸ਼ਨ ਸਿੰਘ ਮੱਟੂ, ਮੈਡਮ ਸੁਭਾਸ਼ ਮੱਟੂ, ਸੁਰਜੀਤ ਸਿੰਘ ਢੇਰ, ਕਿ੍ਸ਼ਨਾ ਦੇਵੀ, ਮਹਿੰਦਰ ਸਿੰਘ ਬੱਢੋਆਣ, ਮਹਾਂ ਸਿੰਘ ਰੌੜੀ, ਕੁਲਭੂਸ਼ਨ ਕੁਮਾਰ,ਗਰੀਬ ਦਾਸ ਬੀਟਣ, ਕਾਮਰੇਡ ਰਮੇਸ਼ ਧੀਮਾਨ, ਮੋਹਣ ਲਾਲ ਸੰਮਤੀ ਮੈਂਬਰ, ਗੁਰਚਰਨ ਸਿੰਘ ਨਨੈਣਵਾਂ, ਗਿਰਧਾਰੀ ਲਾਲ ਪੰਡੋਰੀ, ਪ੍ਰੇਮ ਰੱਕੜ, ਰਾਮ ਜੀ ਦਾਸ ਚੌਹਾਨ, ਦਵਿੰਦਰ ਰਾਣਾ, ਸੁਰਿੰਦਰ ਕਾਣੇਵਾਲ, ਦੇਵ ਰਾਜ ਡੰਗੋਰੀ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਆਏ |