ਹੁਸ਼ਿਆਰਪੁਰ, 9 ਮਾਰਚ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ | ਇਨ੍ਹਾਂ ਹੁਕਮਾਂ ਅਨੁਸਾਰ ਜ਼ਿਲ੍ਹੇ ਵਿਚ ਪੋਲਟਰੀ ਫਾਰਮਾਂ/ਰਾਇਸ ਸ਼ੈਲਰਾਂ/ਭੱਠਿਆਂ ਅਤੇ ਹੋਰ ਸਮਾਲ ਸਕੇਲ ਇੰਡਸਟਰੀਜ਼ ਦੇ ਮਾਲਕਾਂ ਨਾਲ-ਨਾਲ ਹੋਰ ਨੌਕਰ ਰੱਖਣ ਵਾਲਿਆਂ ਦੇ ਨਾਂਅ ਅਤੇ ਆਪਣੇ ਅਧੀਨ ਕੰਮ ਕਰਨ ਵਾਲੇ ਵਿਅਕਤੀਆਂ ਦਾ ਨਾਂਅ, ਪੂਰਾ ਪਤਾ, ਤਿੰਨ ਫ਼ੋਟੋਆਂ (ਸੱਜੇ, ਖੱਬੇ ਅਤੇ ਸਾਹਮਣੇ ਤੋਂ ਪੋਜ਼) ਸਮੇਤ ਆਪਣੇ ਘਰਾਂ ਵਿਚ ਰਜਿਸਟਰ ਲਾ ਕੇ ਰੱਖਣ ਅਤੇ ਉਨ੍ਹਾਂ ਦੇ ਸਾਰੇ ਰਿਸ਼ਤੇਦਾਰਾਂ ਦੇ ਐਡਰੈੱਸ ਲਿਖ ਕੇ ਰੱਖਣ ਦੇ ਹੁਕਮ ਜਾਰੀ ਕੀਤੇ ਹਨ | ਨੌਕਰ ਦੇ ਫਿੰਗਰ ਪਿ੍ੰਟ ਮਾਲਕ ਆਪਣੇ ਰਜਿਸਟਰ ਵਿਚ ਲਾ ਕੇ ਰੱਖਣ ਅਤੇ ਇਹ ਸਾਰਾ ਰਿਕਾਰਡ ਇਲਾਕੇ ਦੇ ਸਬੰਧਤ ਥਾਣੇ ਜਾਂ ਪੁਲਿਸ ਚੌਂਕੀ ਵਿਚ ਵੀ ਦਰਜ ਕਰਵਾਉਣ | ਜ਼ਿਲ੍ਹਾ ਮੈਜਿਸਟਰੇਟ ਨੇ ਡੀਲਿਸਟ ਖੇਤਰ ਵਿਚੋਂ ਹਰੇ ਅੰਬ, ਨਿੰਮ, ਪਿੱਪਲ ਤੇ ਬੋਹੜ ਦੇ ਦਰੱਖਤਾਂ ਨੂੰ ਕੱਟਣ 'ਤੇ ਪਾਬੰਦੀ ਲਗਾਈ ਹੈ | ਜੇਕਰ ਉਕਤ ਦਰੱਖਤਾਂ ਨੂੰ ਵਿਸ਼ੇਸ਼ ਹਾਲਾਤ ਵਿਚ ਕੱਟਣਾ ਜ਼ਰੂਰੀ ਹੋਵੇ ਤਾਂ ਜੰਗਲਾਤ ਵਿਭਾਗ ਦੀ ਪ੍ਰਵਾਨਗੀ ਨਾਲ ਹੀ ਕੱਟੇ ਜਾਣ | ਇਸ ਤੋਂ ਇਲਾਵਾ ਮਿਲਟਰੀ ਉਲਾਈਵ ਹਰੇ ਰੰਗ ਦੀਆਂ ਜੀਪਾਂ, ਮੋਟਰ ਸਾਈਕਲਾਂ, ਮੋਟਰ ਗੱਡੀਆਂ ਦੀ ਵਰਤੋਂ ਕਰਨ 'ਤੇ ਪਾਬੰਦੀ ਹੈ | ਇਹ ਹੁਕਮ ਮਿਲਟਰੀ ਅਧਿਕਾਰੀਆਂ 'ਤੇ ਲਾਗੂ ਨਹੀਂ ਹੋਵੇਗਾ | ਇਸੇ ਤਰ੍ਹਾਂ ਆਰਮਡ ਫੋਰਸਿਸ/ਪੰਜਾਬ ਪੁਲਿਸ/ਬੀ.ਐੱਸ.ਐੱਫ. ਅਤੇ ਮਿਲਟਰੀ ਰੰਗ ਦੀ ਵਰਦੀ ਦੀ ਵਰਤੋਂ ਅਣ-ਅਧਿਕਾਰਤ (ਬਾਲਗ ਵਿਅਕਤੀ) ਵੱਲੋਂ ਨਹੀਂ ਕੀਤੀ ਜਾਵੇਗੀ ਅਤੇ ਇਨ੍ਹਾਂ ਵਰਦੀਆਂ ਨੂੰ ਅਣ-ਅਧਿਕਾਰਤ ਵਿਅਕਤੀਆਂ ਨੂੰ ਵੇਚਣ ਅਤੇ ਖਰੀਦ ਕਰਨ 'ਤੇ ਵੀ ਪਾਬੰਦੀ ਲਗਾਈ ਗਈ ਹੈ | ਇਹ ਹੁਕਮ ਆਰਮਡ ਫੋਰਸਿਸ/ਪੰਜਾਬ ਪੁਲਿਸ/ਬੀ.ਐੱਸ.ਐੱਫ./ਮਿਲਟਰੀ ਅਧਿਕਾਰੀਆਂ 'ਤੇ ਲਾਗੂ ਨਹੀਂ ਹੋਵੇਗਾ | ਇਕ ਹੋਰ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਨੇ ਵੱਡੀਆਂ-ਛੋਟੀਆਂ ਨਹਿਰਾਂ, ਚੋਅ ਦੇ ਬੰਨ੍ਹ ਅਤੇ ਦਰਿਆ ਬਿਆਸ ਦੇ ਕੰਢੇ ਬਣੇ ਧੁੱਸੀ ਬੰਨ੍ਹ ਵਿਚ ਕਿਸੇ ਵੀ ਵਿਅਕਤੀ ਵਲੋਂ ਡੰਗਰਾਂ ਨੂੰ ਪਾਣੀ ਪਿਲਾਉਣ ਜਾਂ ਨਹਾਉਣ 'ਤੇ ਪਾਬੰਦੀ ਲਗਾਈ ਹੈ | ਇਸੇ ਤਰ੍ਹਾਂ ਕਿਸੇ ਵੀ ਵਿਅਕਤੀ ਵਲੋਂ ਪਸ਼ੂਆਂ ਨੂੰ ਸ਼ਰੇਆਮ ਸੜਕਾਂ 'ਤੇ ਜਾਂ ਜਨਤਕ ਥਾਵਾਂ 'ਤੇ ਚਰਾਉਣ 'ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ | ਜ਼ਿਲ੍ਹਾ ਮੈਜਿਸਟਰੇਟ ਨੇ 18-ਐਮੂਨੀਸ਼ਨ ਡਿਪੂ, ਉੱਚੀ ਬਸੀ ਦੀ ਬਾਹਰਲੀ ਚਾਰਦੀਵਾਰੀ ਦੇ ਇਕ ਹਜ਼ਾਰ ਗਜ਼ (914 ਮੀਟਰ) ਦੇ ਘੇਰੇ ਅੰਦਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ 'ਤੇ ਪੂਰਨ ਰੋਕ ਲਗਾ ਦਿੱਤੀ ਹੈ | ਇਹ ਹੁਕਮ 7 ਮਈ ਤੱਕ ਲਾਗੂ ਰਹਿਣਗੇ |