ਮੁਕੇਰੀਆਂ, 10 ਮਾਰਚ (ਰਾਮਗੜ੍ਹੀਆ)- ਪ੍ਰੋ. ਜੀ.ਐੱਸ. ਮੁਲਤਾਨੀ ਹਲਕਾ ਇੰਚਾਰਜ 'ਆਪ' ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਨਾਲ ਜਲੰਧਰ ਵਿਖੇ ਲੋਕ ਮਿਲਣੀ ਦੌਰਾਨ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ | ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਮਿਲ ਕੇ ਮੁਕੇਰੀਆਂ ਹਲਕੇ ਦੀਆਂ ਸਮੱਸਿਆਵਾਂ ਜਿਵੇਂ ਦਾਣਾ ਮੰਡੀ ਅਤੇ ਸਬਜ਼ੀ ਮੰਡੀ ਨੂੰ ਸ਼ਹਿਰ ਤੋਂ ਬਾਹਰ ਕੱਢਣਾ, 30 ਕਿਲੋਮੀਟਰ ਨਵੀਆਂ ਸੜਕਾਂ, ਨਵਾਂ ਐਫ.ਸੀ.ਆਈ. ਸਟੋਰੇਜ ਗੋਦਾਮ ਸਬੰਧੀ, ਮੁਕੇਰੀਆਂ ਸ਼ਹਿਰ ਵਿਚ ਕੂੜਾ-ਦਾਨ ਦਾ ਨਾ ਹੋਣ ਦੀ ਸਮੱਸਿਆ, ਮੁਕੇਰੀਆਂ ਵਿਚ ਸਟੇਡੀਅਮ ਦਾ ਨਾ ਹੋਣ, ਸ਼ਹਿਰ ਦੇ ਵਾਰਡਾਂ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ, ਮੁਕੇਰੀਆਂ ਹਲਕੇ ਵਿਚ ਸਕੂਲ ਆਫ਼ ਐਮੀਨਸ ਨਾ ਹੋਣਾ, ਮੁਕੇਰੀਆਂ ਸ਼ਹਿਰ ਵਿਚ ਟਰੈਫਿਕ ਦੀ ਸੱਮਸਿਆ, ਹਾਜੀਪੁਰ ਸ਼ਹਿਰ ਵਿਚ ਪ੍ਰਾਇਮਰੀ ਹੈਲਥ ਸੈਂਟਰ ਨੂੰ ਵੱਡਾ ਕਰਨ ਸਬੰਧੀ, ਨਜਾਇਜ ਮਾਇੰਨਿੰਗ 'ਤੇ ਕੰਟਰੋਲ, ਪਿੰਡ ਚੰਗੜਵਾਂ, ਹਲੇਰ ਜਨਾਰਧਨ, ਮਹਿਤਾਬਪੁਰ ਆਦਿ ਪਿੰਡਾਂ ਲਾਗੇ ਧੁੱਸੀ ਬੰਨ ਬਾਰੇ ਜਾਣੂੰ ਕਰਵਾਇਆ | ਪ੍ਰੋ. ਮੁਲਤਾਨੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਮੁਕੇਰੀਆਂ ਹਲਕੇ ਦੀਆਂ ਮੁਸ਼ਕਲਾਂ ਨੂੰ ਬੜੇ ਹੀ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਜਲਦ ਤੋਂ ਜਲਦ ਸਾਰੀਆਂ ਮੁਸ਼ਕਲਾਂ ਦਾ ਹੱਲ ਕਰ ਦਿੱਤਾ ਜਾਵੇਗਾ | ਪ੍ਰੋ. ਮੁਲਤਾਨੀ ਨੇ ਮੁੱਖ ਮੰਤਰੀ ਸਾਹਿਬ ਵਲੋਂ ਪੂਰਾ ਸਤਿਕਾਰ ਮਿਲਣ 'ਤੇ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਉਨ੍ਹਾਂ ਨਾਲ ਰਾਕੇਸ਼ ਸਰਪੰਚ ਬਨਕਰਨਪੁਰ, ਛਤਰ ਸਿੰਘ ਸਰਪੰਚ ਪੀਰੋਚੱਕ, ਜਸਵੀਰ ਠਾਕੁਰ ਚੇਅਰਮੈਨ ਬਲਾਕ ਸੁਮਿਤ ਮੁਕੇਰੀਆਂ, ਮਸਜਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਸੁਰਿੰਦਰ ਪੱਪਾ ਪ੍ਰਧਾਨ ਜਨਰਲ ਕੈਟਾਗਰੀ, ਹਰਜੀਤ ਸਿੰਘ ਸਹੋਤਾ ਚੇਅਰਮੈਨ ਮਾਰਕੀਟ ਕਮੇਟੀ ਮੁਕੇਰੀਆਂ, ਕੈਪਟਨ ਸਤਪਾਲ ਸ਼ਰਮਾ, ਡਾ. ਜੌਲੀ ਸਰਪੰਚ ਸਹੋਰਾ ਡਡਿਆਲ, ਬੰਨੀ ਰਾਣਾ ਪ੍ਰਧਾਨ ਯੂਥ ਵਿੰਗ ਅਤੇ ਬਲਾਕ ਸੰਮਤੀ ਮੈਂਬਰ ਤੇ ਮਾਸਟਰ ਸੇਵਾ ਸਿੰਘ ਐੱਮ. ਸੀ. ਮੁਕੇਰੀਆਂ ਆਦਿ ਹਾਜ਼ਰ ਸਨ |