ਹੁਸ਼ਿਆਰਪੁਰ, 10 ਮਾਰਚ (ਨਰਿੰਦਰ ਸਿੰਘ ਬੱਡਲਾ)-ਪਿੰਡ ਫੁਗਲਾਣਾ ਵਿਖੇ ਬੀਤੇ ਦਿਨ ਟੈਲੀਕਾਮ ਦੀ ਦੁਕਾਨ 'ਤੇ ਕੁੱਝ ਅਣਪਛਾਤੇ ਹਮਲਾਵਰਾਂ ਵਲੋਂ ਹਮਲਾ ਕਰਕੇ ਦੁਕਾਨ ਦੀ ਭੰਨ੍ਹ-ਤੋੜ ਕੀਤੀ ਗਈ ਤੇ ਦੁਕਾਨਦਾਰ ਮਨਮੋਹ ਦਾਸ ਪੁੱਤਰ ਰੇਸ਼ਮ ਲਾਲ, ਉਸ ਦੀ ਭੈਣ 'ਤੇ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ | ਇਸ ਸਬੰਧੀ ਦੁਕਾਨਦਾਰ ਨੇ ਦੱਸਿਆ ਕਿ ਚਾਰ ਨਕਾਬਪੋਸ਼ ਵਿਅਕਤੀ ਜੋ ਹਥਿਆਰਾਂ ਨਾਲ ਲੈਸ ਸਨ ਨੇ ਦੁਕਾਨ 'ਚ ਦਾਖ਼ਲ ਹੋ ਕੇ ਭੰਨ੍ਹ-ਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਉਨ੍ਹਾਂ ਉਕਤ ਵਿਅਕਤੀਆਂ ਨੂੰ ਰੋਕਿਆ ਤਾਂ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ | ਦੁਕਾਨ 'ਚ ਰੌਲਾ ਪੈਂਦਾ ਦੇਖ ਬਾਹਰੋਂ ਕਿਸੇ ਵਿਅਕਤੀ ਨੇ ਦੁਕਾਨ ਦਾ ਸ਼ਟਰ ਬੰਦ ਕਰ ਦਿੱਤਾ | ਹਮਲਾਵਰਾਂ 'ਚੋਂ ਇਕ ਨੇ ਦੁਕਾਨਦਾਰ ਨੂੰ ਗੋਲੀ ਮਾਰਨ ਦੀ ਧਮਕੀ ਦਿੰਦਿਆਂ ਬਾਹਰੋਂ ਸ਼ਟਰ ਖੁੱਲ੍ਹਵਾਉਣ ਲਈ ਕਿਹਾ, ਪ੍ਰੰਤੂ ਫਿਰ ਵੀ ਸ਼ਟਰ ਨਾ ਖੋਲਿ੍ਹਆ ਗਿਆ | ਪੀੜਤ ਨੇ ਦੱਸਿਆ ਕਿ ਕਰੀਬ 8 ਮਹੀਨੇ ਪਹਿਲਾਂ ਵੀ ਉਨ੍ਹਾਂ ਦੀ ਦਕਾਨ 'ਤੇ ਅਜਿਹਾ ਹੀ ਹਮਲਾ ਹੋਇਆ ਸੀ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸਨ | ਇਸੇ ਦੌਰਾਨ ਕਿਸੇ ਵਿਅਕਤੀ ਨੇ ਥਾਣਾ ਮੇਹਟੀਆਣਾ ਵਿਖੇ ਫ਼ੋਨ ਕਰਕੇ ਇਸ ਘਟਨਾ ਦੀ ਸੂਚਨਾ ਦੇ ਦਿੱਤੀ, ਜਿਸ 'ਤੇ ਐਸ.ਐਚ.ਓ. ਇੰਸਪੈਕਟਰ ਰਜਿੰਦਰ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਹਮਲਾਵਰਾਂ ਨੂੰ ਕਾਬੂ ਕੀਤਾ ਅਤੇ ਥਾਣੇ ਲੈ ਗਏ |
ਟੈਲੀਕਾਮ ਦੀ ਦੁਕਾਨ ਦੀ ਹਮਲਾਵਰਾਂ ਵਲੋਂ ਭੰਨ੍ਹ-ਤੋੜ, ਮਾਲਕ ਸਮੇਤ 2 ਜ਼ਖ਼ਮੀ <br/>
ਅਜੀਤ ਡੈਸਕ
11-03-2026