ਹੁਸ਼ਿਆਰਪੁਰ, 12 ਮਾਰਚ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਵਿਖੇ 'ਸਿਰਜਣਾਤਮਿਕ ਤੇ ਆਲੋਚਨਾਤਮਿਕ ਸੋਚ' ਦੇ ਮਹੱਤਵਪੂਰਨ ਵਿਸ਼ੇ 'ਤੇ ਅਧਿਆਪਕਾਂ ਨੂੰ ਸਿੱਖਿਅਤ ਅਤੇ ਸੰਵੇਦਨਸ਼ੀਲ ਬਣਾਉਣ ਲਈ ਦੋ ਰੋਜ਼ਾ ਸੀ.ਬੀ.ਐਸ.ਈ. ਵਰਕਸ਼ਾਪ ਲਗਾਈ ਗਈ | ਇਸ ਦੌਰਾਨ ਮੈਡਮ ਉਪਮਾ ਮਹਾਜਨ ਅਤੇ ਡਾ. ਸ਼ਿਵਾਨੀ ਸਿੰਘ ਨੇ ਬੁਲਾਰੇ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਵੱਖ-ਵੱਖ ਗਤੀਵਿਧੀਆਂ, ਕੇਸ ਸਟੱਡੀਜ਼ ਅਤੇ ਵਿਹਾਰਕ ਤਕਨੀਕਾਂ ਰਾਹੀਂ ਉਨ੍ਹਾਂ ਦੱਸਿਆ ਕਿ ਕਿਵੇਂ ਸਮੱਸਿਆ-ਆਧਾਰਤ ਸਿੱਖਿਆ ਬੱਚਿਆਂ ਦੀ ਸੋਚ ਨੂੰ ਵਧਾ ਸਕਦੀ ਹੈ | ਪ੍ਰਸ਼ਨ-ਉੱਤਰ ਸੈਸ਼ਨ ਦੌਰਾਨ ਉਨ੍ਹਾਂ ਬਾਲ ਮਨੋਵਿਗਿਆਨ ਅਤੇ ਅਨੁਕੂਲ ਸਿੱਖਣ ਦੀਆਂ ਸਥਿਤੀਆਂ ਬਾਰੇ ਅਧਿਆਪਕਾਂ ਦੇ ਸਵਾਲਾਂ ਦੇ ਵਿਸਥਾਰ ਵਿੱਚ ਜਵਾਬ ਦਿੱਤੇ | ਕਮਜ਼ੋਰ ਵਿਦਿਆਰਥੀਆਂ ਨੂੰ ਰਚਨਾਤਮਿਕ ਗਤੀਵਿਧੀਆਂ 'ਚ ਕਿਵੇਂ ਸ਼ਾਮਿਲ ਕਰਨਾ ਹੈ ਦੇ ਜਵਾਬ 'ਚ ਉਨ੍ਹਾਂ ਸਾਧਾਰਨ ਕੰਮਾਂ ਨਾਲ ਸ਼ੁਰੂ ਕਰਨ, ਵਿਦਿਆਰਥੀਆਂ ਨੂੰ ਸਮੂਹ ਗਤੀਵਿਧੀਆਂ 'ਚ ਸ਼ਾਮਿਲ ਕਰਨ ਅਤੇ ਉਨ੍ਹਾਂ ਦੇ ਛੋਟੇ ਤੋਂ ਛੋਟੇ ਯੋਗਦਾਨ ਦੀ ਵੀ ਕਦਰ ਕਰਨ ਦਾ ਸੁਝਾਅ ਦਿੱਤਾ ਅਤੇ ਕਿਹਾ ਕਿ ਇਸ ਤਰ੍ਹਾਂ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਦਾ ਹੈ | ਉਨ੍ਹਾਂ ਵਲੋਂ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਰਾਹੀਂ, ਅਧਿਆਪਕਾਂ ਨੂੰ ਸਿਖਾਇਆ ਗਿਆ ਕਿ ਵਿਦਿਆਰਥੀਆਂ ਨਾਲ ਤਾਲਮੇਲ ਕਿਵੇਂ ਬਣਾਇਆ ਜਾਵੇ ਅਤੇ ਬਿਹਤਰ ਸਲਾਹਕਾਰ ਕਿਵੇਂ ਬਣਨਾ ਹੈ | ਸਕੂਲ ਪਿ੍ੰਸੀਪਲ ਪੂਜਾ ਧੀਮਾਨ ਨੇ ਬੁਲਾਰਿਆਂ ਮੈਡਮ ਉਪਮਾ ਮਹਾਜਨ ਅਤੇ ਡਾ. ਸ਼ਿਵਾਨੀ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਅਧਿਆਪਕਾਂ ਦੀ ਪੇਸ਼ੇਵਰ ਯੋਗਤਾ ਨੂੰ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਇਕ ਬਾਲ-ਕੇਂਦਿ੍ਤ ਸਕੂਲ ਹੋਣ ਦੇ ਨਾਤੇ ਵੁੱਡਲੈਂਡ ਸਕੂਲ ਨੇ ਆਪਣੇ ਅਧਿਆਪਕਾਂ ਨੂੰ ਸਿੱਖਿਅਤ ਕਰਨ ਲਈ ਲਗਾਤਾਰ ਵੱਖ-ਵੱਖ ਸੈਮੀਨਾਰ, ਵਰਕਸ਼ਾਪਾਂ ਅਤੇ ਹੁਨਰ-ਆਧਾਰਿਤ ਸਿਖਲਾਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਹੈ, ਜਿਸ ਨਾਲ ਉਹ ਆਪਣੇ ਵਿਦਿਆਰਥੀਆਂ ਨੂੰ ਬਿਹਤਰ ਅਤੇ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਿਅਤ ਕਰ ਸਕਣ | ਸਕੂਲ ਦੀ ਡੀਨ ਡਾ. ਸਿਮਰਜੀਤ ਕੌਰ ਗਿੱਲ ਨੇ ਕਿਹਾ ਕਿ ਇਸ ਸੈਮੀਨਾਰ ਦਾ ਉਦੇਸ਼ ਅਧਿਆਪਕਾਂ ਨੂੰ ਆਧੁਨਿਕ ਸੋਚ ਤੇ ਅਧਿਆਪਨ ਵਿਧੀਆਂ ਨਾਲ ਜਾਣੂ ਕਰਵਾਉਣਾ ਅਤੇ ਵਿਦਿਆਰਥੀਆਂ 'ਚ ਰਚਨਾਤਮਿਕ ਅਤੇ ਤਰਕਪੂਰਨ ਸੋਚ ਵਿਕਸਤ ਕਰਨ ਦੇ ਪ੍ਰਭਾਵਸ਼ਾਲੀ ਤਰੀਕਿਆਂ 'ਤੇ ਚਰਚਾ ਕਰਨਾ ਸੀ | ਉਨ੍ਹਾਂ ਦੱਸਿਆ ਕਿ ਕਿਸੇ ਦੇਸ਼ ਦਾ ਉਭਾਰ ਜਾਂ ਪਤਨ ਇਸ ਦੇ ਨਾਗਰਿਕਾਂ ਦੇ ਪੱਧਰ 'ਤੇ ਨਿਰਭਰ ਕਰਦਾ ਹੈ ਅਤੇ ਇਸ ਲਈ ਨਵੀਂ ਪੀੜ੍ਹੀ ਦੀ ਸੋਚ ਨੂੰ ਬਦਲਣ ਲਈ, ਅੱਜ ਦੇ ਅਧਿਆਪਕਾਂ ਨੂੰ ਬਦਲਦੇ ਸਮੇਂ ਦੇ ਨਾਲ ਆਪਣੀ ਸੋਚ ਨੂੰ ਅੱਪਡੇਟ ਕਰਨਾ ਚਾਹੀਦਾ ਹੈ |