ਬੀਣੇਵਾਲ, 12 ਮਾਰਚ (ਬੈਜ ਚੌਧਰੀ)-ਨੰਬਰਦਾਰ ਯੂਨੀਅਨ ਤਹਿਸੀਲ ਗੜ੍ਹਸ਼ੰਕਰ ਦੇ ਪ੍ਰਧਾਨ ਜਸਕਮਲ ਸਿੰਘ ਮਾਨ ਨੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨੰਬਰਦਾਰਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਨੰਬਰਦਾਰਾਂ ਦੀਆਂ ਬਹੁਤੀਆਂ ਜਾਇਜ਼ ਮੰਗਾਂ ਨੂੰ ਵੀ ਸਰਕਾਰ ਵਲੋਂ ਨਹੀ ਮੰਨਿਆ ਜਾ ਰਿਹਾ | ਉਨ੍ਹਾਂ ਕਿਹਾ ਕਿ ਨੰਬਰਦਾਰ ਮੁੱਢ ਕਦੀਮ ਤੋਂ ਪਿੰਡ 'ਚ ਸਰਕਾਰ ਦੇ ਨੁਮਾਇੰਦੇ ਵਜੋਂ ਕੰਮ ਕਰਦਾ ਹੈ | ਲੋਕਾਂ ਦੀ ਸਹੀ ਪਹਿਚਾਣ ਤੋਂ ਇਲਾਵਾ ਵੱਖ ਵੱਖ ਸਰਕਾਰੀ ਕੰਮਾਂ 'ਚ ਨੰਬਰਦਾਰ ਹੀ ਸਹਿਯੋਗ ਕਰਦਾ ਹੈ, ਪਰ 'ਆਪ' ਸਰਕਾਰ ਨੰਬਰਦਾਰਾਂ ਦੀਆਂ ਮੰਗਾ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਤਹਿਸੀਲ ਕੰਪਲੈਕਸ 'ਚ ਨੰਬਰਦਾਰਾਂ ਲਈ ਵੱਖਰਾ ਕਮਰਾ, ਨੰਬਰਦਾਰੀ ਜੱਦੀ ਪੁਸ਼ਤੀ ਕਰਨ ਅਤੇ ਨੰਬਰਦਾਰਾਂ ਨੂੰ ਸਰਕਾਰੀ ਦਫ਼ਤਰਾਂ 'ਚ ਮਾਨ ਸਨਮਾਨ ਦਿੱਤਾ ਜਾਵੇ ਆਦਿ ਮੰਗਾਂ ਦਾ ਹੱਲ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਦਾ ਹੱਲ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ |