ਟਾਂਡਾ ਉੜਮੁੜ, 12 ਮਾਰਚ (ਦੀਪਕ ਬਹਿਲ)-ਨਗਰ ਕੌਂਸਲ ਚੋਣਾਂ ਨੇੜੇ ਆਉਂਦੀਆਂ ਵੇਖ ਟਾਂਡਾ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ 'ਆਪ' ਦੇ ਵਿਧਾਇਕ ਜਸਵੀਰ ਸਿੰਘ ਰਾਜਾ ਤੇ ਕਾਂਗਰਸ ਦੇ ਨਗਰ ਕੌਂਸਲ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ ਵਿਚਾਲੇ ਜਿੱਥੇ ਸ਼ਬਦੀ ਜੰਗ ਤੇਜ ਹੋ ਗਈ ਹੈ ਉੱਥੇ ਵਾਦ ਵਿਵਾਦ 'ਚ ਪਏ ਇਹ ਕਾਰਜ ਸਿਰੇ ਨਾ ਚੜ੍ਹਨ ਕਾਰਨ ਇਸ ਦਾ ਖ਼ਮਿਆਜ਼ਾ ਆਮ ਸ਼ਹਿਰ ਵਾਸੀਆਂ ਨੂੰ ਭਰਨਾ ਪੈ ਰਿਹਾ ਹੈ | ਇਹ ਜੰਗ ਜਿੱਥੇ ਕੁੱਝ ਸਮਾਂ ਪਹਿਲਾਂ ਤੱਕ ਦੋਵੇਂ ਪਾਰਟੀਆਂ ਦੇ ਨੇਤਾਵਾਂ ਵਿਚਾਲੇ ਕਰੈਡਿਟ ਵਾਰ 'ਚ ਚੱਲ ਰਹੀ ਸੀ ਪਰੰਤੂ ਇਹ ਵਿਵਾਦ ਜਨਤਕ ਹੁੰਦਾ ਜਾ ਰਿਹਾ ਹੈ | ਵਿਕਾਸ ਕਾਰਜਾਂ 'ਚ ਅੜਿੱਕਾ ਪਾਉਣ ਤੇ ਟੈਂਡਰਾਂ ਦੇ ਕੰਮਾਂ ਤੇ ਹਸਤਾਖ਼ਰ ਨਾ ਕਰਨ ਦੇ ਦੋਸ਼ ਲਗਾਉਂਦੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਵਲੋਂ ਸ਼ਹਿਰ ਦੇ ਦੋ ਕਰੋੜ ਤੋਂ ਵੱਧ ਦੇ ਵਿਕਾਸ ਕਾਰਜਾਂ ਤੇ ਹਸਤਾਖ਼ਰ ਨਹੀਂ ਕੀਤੇ ਜਾ ਰਹੇ ਜਦਕਿ ਮਿਉਂਸੀਪਲ ਫ਼ੰਡ 'ਚ 6 ਕਰੋੜ ਰੁਪਏ ਪਏ ਹਨ | ਇੱਥੇ ਹੀ ਬੱਸ ਨਹੀਂ ਉਨ੍ਹਾਂ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਦੇ ਹਵਾਲੇ ਨਾਲ ਦੱਸਿਆ ਕਿ ਪ੍ਰਧਾਨ ਵਲੋਂ ਇਨ੍ਹਾਂ ਵਿਕਾਸ ਕਾਰਜਾਂ ਉੱਪਰ ਹਸਤਾਖ਼ਰ ਕਰਨ ਤੋਂ ਇਨਕਾਰੀ ਹਨ | ਪੱਤਰਕਾਰਾਂ ਨੂੰ ਇਨ੍ਹਾਂ ਵਿਕਾਸ ਕਾਰਜਾਂ ਉੱਪਰ ਸਾਈਨ ਨਾ ਕਰਨ ਵਾਲੇ ਪ੍ਰਧਾਨ ਦੇ ਬਗੈਰ ਹਸਤਾਖਰਾਂ ਦੀ ਕਾਪੀ ਨੂੰ ਵਿਧਾਇਕ ਵਲੋਂ ਜਦੋਂ ਜਨਤਕ ਕੀਤਾ ਤਾਂ ਮੋਰਚਾ ਸੰਭਾਲਦੇ ਪ੍ਰਧਾਨ ਗੁਰਸੇਵਕ ਮਾਰਸ਼ਲ ਨੇ ਕਿਹਾ ਕਿ ਹਸਤਾਖ਼ਰ ਨਾ ਕਰਨ ਦੀ ਕੋਈ ਗੱਲ ਨਹੀਂ ਸਗੋਂ ਜੋ ਕਾਰਜ ਪਿਛਲੇ ਲੰਬੇ ਅਰਸੇ ਤੋਂ ਪਾਸ ਕੀਤੇ ਹਨ ਤੇ ਟੈਂਡਰ ਵੀ ਲੱਗੇ ਹੋਣ ਦੇ ਬਾਵਜੂਦ ਸੱਤਾਧਾਰੀ ਪਾਰਟੀ ਦੇ ਆਗੂ ਉਹ ਕਾਰਜ ਨਹੀਂ ਕਰਵਾ ਰਹੇ ਤੇ ਕੇਵਲ ਉਦਘਾਟਨਾਂ ਦੀ ਹੋੜ 'ਚ ਲੱਗੇ ਹੋਏ ਹਨ | ਇਸ ਮੌਕੇ ਕਾਂਗਰਸੀ ਕੌਂਸਲਰਾਂ ਨੇ ਵਿਧਾਇਕ ਉੱਪਰ ਧੱਕੇਸ਼ਾਹੀ ਦੇ ਵੀ ਆਰੋਪ ਲਗਾਏ | ਇਹ ਲੜਾਈ ਸ਼ਹਿਰ 'ਚ ਕਿੰਨੀ ਦੇਰ ਚੱਲਦੀ ਹੈ ਇਸ ਲਾਰੇ ਦਾ ਪਤਾ ਨਹੀਂ ਪਰੰਤੂ ਇਸ ਦਾ ਖ਼ਮਿਆਜ਼ਾ ਟਾਂਡਾ ਵਾਸੀਆਂ ਨੂੰ ਜ਼ਰੂਰ ਭੁਗਤਣਾ ਪੈ ਰਿਹਾ ਹੈ |