31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਨਾਰੂ ਨੰਗਲ ਸਕੂਲ 'ਚ ਮੈਗਾ ਪੀ.ਟੀ.ਐਮ. ਦੌਰਾਨ ਜਮਾਤਾਂ ਦੇ ਨਤੀਜਿਆਂ ਦਾ ਕੀਤਾ ਐਲਾਨ

Ad Position 21
No active advertisement
ਅਜੀਤ ਡੈਸਕ 29-03-2026
ਹੁਸ਼ਿਆਰਪੁਰ, 28 ਮਾਰਚ (ਬਲਜਿੰਦਰਪਾਲ ਸਿੰਘ)-ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਵਿਖੇ ਮੈਗਾ ਪੇਰੈਂਟ-ਟੀਚਰ ਮੀਟਿੰਗ (ਪੀ.ਟੀ.ਐਮ.) ਪਿ੍ੰ: ਸ਼ੈਲੇਂਦਰ ਠਾਕੁਰ ਦੀ ਅਗਵਾਈ 'ਚ ਕਰਵਾਈ ਗਈ | ਇਸ ਮੌਕੇ ਸਕੂਲ ਵਲੋਂ 6ਵੀਂ, 7ਵੀਂ, 9ਵੀਂ ਅਤੇ 11ਵੀਂ ਜਮਾਤਾਂ ਦੇ ਸਾਲਾਨਾ ਨਤੀਜਿਆਂ ਦਾ ਐਲਾਨ ਕੀਤਾ ਗਿਆ ਅਤੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਪਿ੍ੰ: ਸ਼ੈਲੇਂਦਰ ਠਾਕੁਰ ਨੇ ਕਿਹਾ ਕਿ ਮੈਗਾ ਪੀ.ਟੀ.ਐਮ. ਦਾ ਮੁੱਖ ਉਦੇਸ਼ ਮਾਪਿਆਂ ਨਾਲ ਵਿਦਿਆਰਥੀਆਂ ਦੀ ਸਾਲ ਭਰ ਦੀ ਅਕਾਦਮਿਕ ਪ੍ਰਗਤੀ ਅਤੇ ਸਰਬਪੱਖੀ ਮੁਲਾਂਕਣ ਸਾਂਝਾ ਕਰਨਾ ਹੈ | ਉਨ੍ਹਾਂ ਕਿਹਾ ਕਿ ਇਸ ਰਾਹੀਂ ਮਾਪਿਆਂ ਨੂੰ ਸਕੂਲ ਦੀਆਂ ਗਤੀਵਿਧੀਆਂ ਅਤੇ ਸਾਲਾਨਾ ਰਿਪੋਰਟ ਕਾਰਡ ਬਾਰੇ ਜਾਣੂ ਕਰਵਾਇਆ ਜਾਂਦਾ ਹੈ, ਜਿਸ ਨਾਲ ਸਕੂਲ ਵਿਕਾਸ 'ਚ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ | ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਸਿੱਖਿਆ 'ਚ ਸਰਗਰਮ ਭੂਮਿਕਾ ਨਿਭਾਉਣ | ਉਨ੍ਹਾਂ ਸਕੂਲ 'ਚ ਉਪਲੱਬਧ ਆਧੁਨਿਕ ਸਹੂਲਤਾਂ ਬਾਰੇ ਦੱਸਦੇ ਹੋਏ ਕਿਹਾ ਕਿ ਸਕੂਲ 'ਚ ਉਤਮ ਬੁਨਿਆਦੀ ਢਾਂਚਾ, ਯੋਗ ਅਤੇ ਅਨੁਭਵੀ ਸਟਾਫ਼, ਅੰਗਰੇਜ਼ੀ ਮਾਧਿਅਮ, ਸਮਾਰਟ ਕਲਾਸ-ਰੂਮ ਅਤੇ ਹਾਈਟੈੱਕ ਲੈਬਾਂ ਵਰਗੀਆਂ ਸਹੂਲਤਾਂ ਮੌਜੂਦ ਹਨ | ਇਸ ਦੇ ਨਾਲ ਹੀ ਵਿਦਿਆਰਥੀਆਂ ਲਈ ਅੰਤਰ ਜ਼ਿਲ੍ਹਾ ਤੇ ਅੰਤਰ ਰਾਜ ਸਿੱਖਿਅਕ ਟੂਰ, ਹੁਨਰਮੰਦ ਕਿੱਤਾਮੁਖੀ ਅਤੇ ਉਦਯੋਗਿਕ ਸਿਖਲਾਈ ਦੇ ਪ੍ਰੋਗਰਾਮ ਵੀ ਚਲਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਵੱਖ-ਵੱਖ ਵਜ਼ੀਫ਼ਾ ਯੋਜਨਾਵਾਂ ਦਾ ਵੀ ਲਾਭ ਦਿੱਤਾ ਜਾ ਰਿਹਾ ਹੈ ਤੇ ਹੋਰ ਵਿੱਦਿਅਕ ਗਤੀਵਿਧੀਆਂ ਤੇ ਖੇਡ ਮੁਕਾਬਲੇ ਵੀ ਕਰਵਾਏ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਅੰਗਰੇਜ਼ੀ ਭਾਸ਼ਾ ਦੇ ਵਿਕਾਸ ਲਈ ਸਕੂਲ 'ਚ 'ਇੰਗਲਿਸ਼ ਐਜ' ਪ੍ਰੋਗਰਾਮ ਅਤੇ ਲੈਂਗਵੇਜ ਲੈਬਾਂ ਚੱਲ ਰਹੀਆਂ ਹਨ, ਜਿਨ੍ਹਾਂ ਰਾਹੀਂ ਵਿਦਿਆਰਥੀਆਂ ਦੀ ਲਿਸਨਿੰਗ ਅਤੇ ਸਪੀਕਿੰਗ ਸਕਿਲਜ਼ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ | ਉਨ੍ਹਾਂ ਸਰਕਾਰ ਵਲੋਂ 14 ਸਾਲ ਉਮਰ ਦੀਆਂ ਲੜਕੀਆਂ ਲਈ ਚਲਾਈ ਐਚ.ਪੀ.ਵੀ. ਟੀਕਾਕਰਨ ਮੁਹਿੰਮ ਸਬੰਧੀ ਵੀ ਮਾਪਿਆਂ ਨੂੰ ਦੱਸਿਆ | ਇਸ ਮੌਕੇ ਨਾਰੂ ਨੰਗਲ ਦੀ ਸਰਪੰਚ ਊਸ਼ਾ ਕੁਮਾਰੀ, ਧੀਰੋਵਾਲ ਦੀ ਸਰਪੰਚ ਬਲਵੀਰ ਕੌਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਦੌਰਾਨ ਮਾਪਿਆਂ, ਐਸ.ਐਮ.ਸੀ. ਮੈਂਬਰਾਂ ਅਤੇ ਹੋਰ ਪਤਵੰਤੇ ਵਿਅਕਤੀਆਂ ਵਲੋਂ ਸਿੱਖਿਆ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣ ਲਈ ਵਿਚਾਰ-ਵਟਾਂਦਰਾ ਵੀ ਕੀਤਾ ਗਿਆ | ਮੀਟਿੰਗ ਦੇ ਆਖੀਰ 'ਚ ਪਿ੍ੰ: ਸ਼ੈਲੇਂਦਰ ਠਾਕੁਰ ਤੇ ਸਮੂਹ ਸਟਾਫ਼ ਨੇ ਮਾਪਿਆਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਅਮਰੀਕ ਹਮਰਾਜ ਤੇ ਜਸਵਿੰਦਰ ਸਿੰਘ ਜੱਸੀ ਦਾ ਸਨਮਾਨ ਅੱਜ ਅਗਲੀ ਖ਼ਬਰ ਨਤੀਜੇ 'ਚ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀ ਸਨਮਾਨਿਤ
Ad Position 24