ਦਸੂਹਾ, 5 ਅਪ੍ਰੈਲ (ਭੁੱਲਰ)-ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦੀ ਅਣਥੱਕ ਯਤਨਾਂ ਸਦਕਾ ਸਿਵਲ ਹਸਪਤਾਲ ਦਸੂਹਾ ਵਿਖੇ ਕੰਨ, ਨੱਕ ਅਤੇ ਗਲੇ ਦੇ ਮਾਹਿਰ ਡਾਕਟਰ ਨਵਪ੍ਰੀਤ ਕੌਰ ਨੇ ਸਿਵਲ ਹਸਪਤਾਲ ਦਸੂਹਾ ਵਿਖੇ ਅਹੁਦਾ ਸੰਭਾਲਿਆ | ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ ਵਿਧਾਇਕ ਨੇ ਉਨ੍ਹਾਂ ਨੂੰ ਆਪਣੀਆਂ ਸੇਵਾਵਾਂ ਨੂੰ ਬਹੁਤ ਚੰਗੇ ਢੰਗ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਦਸੂਹਾ ਡਾਕਟਰ ਮਨਮੋਹਨ ਸਿੰਘ ਨੇ ਪੰਜਾਬ ਸਰਕਾਰ ਅਤੇ ਐੱਮ. ਐੱਲ. ਏ. ਕਰਮਵੀਰ ਸਿੰਘ ਘੁੰਮਣ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਦਸੂਹਾ ਦਾ ਕੰਮ ਪਹਿਲਾਂ ਤੋਂ ਹੀ ਬਹੁਤ ਵਧੀਆ ਚੱਲ ਰਿਹਾ ਹੈ | ਕੰਨ, ਨੱਕ ਅਤੇ ਗਲੇ ਦੇ ਮਾਹਿਰ ਡਾਕਟਰ ਦੀ ਘਾਟ ਹੋਣ ਕਰਕੇ ਲੋਕਾਂ ਨੂੰ ਆਪਣਾ ਇਲਾਜ ਕਰਵਾਉਣ ਬਾਹਰ ਦੇ ਹਸਪਤਾਲਾਂ ਵਿਚ ਜਾਣਾ ਪੈਂਦਾ ਸੀ ਹੁਣ ਲੋਕਾਂ ਨੂੰ ਸਿਵਲ ਹਸਪਤਾਲ ਵਿਚ ਹੀ ਇਲਾਜ ਕਰਵਾ ਸਕਣਗੇ | ਇਸ ਮੌਕੇ ਡਾ. ਕੁਲਵਿੰਦਰ ਸਿੰਘ, ਡਾ. ਕਰਨਜੀਤ ਸਿੰਘ, ਸੀਨੀਅਰ ਮੈਡੀਕਲ ਲੈਬ ਟੈਕਨੀਸ਼ੀਅਨ ਡੈਨੀਅਲ, ਨਰਸਿੰਗ ਸਿਸਟਰ ਜਸਵਿੰਦਰ ਕੌਰ ਕੌਂਸਲਰ ਅਮਰਪ੍ਰੀਤ ਸਿੰਘ ਸੋਨੂ ਖ਼ਾਲਸਾ ਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |