ਬੰਗਾ, 5 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਬੇਹੱਦ ਸੁਲਝੇ ਹੋਏ ਇਨਸਾਨ ਅਮਰਦੀਪ ਬੰਗਾ ਪੰਜਾਬੀ ਦੇ ਗੀਤਕਾਰ ਅਤੇ ਗਾਇਕ ਦੀ ਅਗਵਾਈ ਵਿੱਚ ਉਨ੍ਹਾਂ ਦੇ ਏ. ਬੀ ਪ੍ਰੋਡਕਸ਼ਨ ਹੇਠ ਪੰਜਾਬ ਦੇ ਉੱਘੇ ਪ੍ਰਵਾਸੀ ਪੰਜਾਬੀ ਗੀਤਕਾਰ ਜਸਵੀਰ ਗੁਣਾਚੌਰੀਆ ਦਾ ਰੂ-ਬ-ਰੂ ਸਮਾਗਮ ਕਰਵਾਇਆ ਗਿਆ | ਅਮਰਦੀਪ ਬੰਗਾ ਦੇ ਗ੍ਰਹਿ ਵਿਖੇ ਕਰਾਏ ਇਸ ਰੂ-ਬਰੂ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਪ੍ਰਸਿੱਧ ਗੀਤ 'ਅਖਰ' ਦੇ ਰਚੇਤਾ ਗੀਤਕਾਰ ਸੁਰਿੰਦਰ ਸਾਧਪੁਰੀ, ਗੀਤਕਾਰ ਪਲਵਿੰਦਰ ਮਾਨ ਬੰਗਾ, ਹਰਸ਼ਦੀਪ ਸਿੰਘ ਸਕੈੱਚ ਅਤੇ ਗ੍ਰਾਫਿਕਸ ਆਰਟਿਸਟ, ਜਸ਼ਨਦੀਪ ਸਿੰਘ ਆਧੁਨਿਕ ਤਕਨੀਕ ਵੀਡੀਓ ਮੇਕਰ, ਸੰਯੋਗ ਸਟੂਡੀਓ ਮੁਕੰਦਪੁਰ ਦੇ ਐਮ. ਡੀ ਬਬਲੂ ਅਤੇ ਅਮਰਦੀਪ ਬੰਗਾ ਦੇ ਹੋਰ ਪਰਿਵਾਰਕ ਮੈਂਬਰ ਸ਼ਾਮਲ ਸਨ | ਦਰਸ਼ਕਾਂ ਦੇ ਰੂ-ਬ-ਰੂ ਹੁੰਦਿਆਂ ਗੀਤਕਾਰ ਜਸਵੀਰ ਗੁਣਾਚੌਰੀਆ ਨੇ ਆਪਣੀ ਜੀਵਨ ਕਹਾਣੀ, ਗੀਤ ਰਚਨਾ ਦੇ ਰਚਨਾਤਮਿਕ ਪਲਾਂ ਦੀ ਸਾਂਝ ਪਾਈ | ਉਨ੍ਹਾਂ ਆਪਣੇ ਲਿਖੇ ਗੀਤ 'ਕਿਤੇ ਕੱਲੀ ਬਹਿ ਕੇ ਸੋਚੀ ਨੀ (ਗਾਇਕ ਮਨਮੋਹਣ ਵਾਰਿਸ), ਸਾਡਿਆਂ ਪਰ੍ਹਾਂ ਤੋਂ ਸਿੱਖੀ ਉੱਡਣਾ (ਮਰਹੂਮ ਗਾਇਕ ਸਰਦੂਲ ਸਿਕੰਦਰ), ਜਿੰਦੇ ਨੇ ਜਿੰਦੇ (ਕਮਲ ਹੀਰ) ਆਦਿ ਗੀਤ ਸੁਣਾ ਕੇ ਸਮਾਂ ਜਿਵੇਂ ਬੰਨ੍ਹ ਹੀ ਦਿੱਤਾ | ਉਨ੍ਹਾਂ ਆਪਣੀ ਕਲਮ ਦਾ ਅਗਲਾ ਅਧਿਆਏ ਪੰਜਾਬੀ ਫਿਲਮਾਂ ਦੀਆਂ ਕਹਾਣੀਆਂ, ਲਘੂ ਪੰਜਾਬੀ ਫਿਲਮਾਂ ਲਿਖਣਾਂ, ਆਪਣੀ ਬਣ ਰਹੀ ਪੰਜਾਬੀ ਫਿਲਮ 'ਵੱਡਾ ਘਰ' ਬਾਰੇ ਵੀ ਵਿਸਤਿ੍ਤ ਜਾਣਕਾਰੀ ਦਿੱਤੀ | ਬੇਹੱਦ ਯਾਦਗਾਰੀ ਰਿਹਾ ਇਹ ਜਸਵੀਰ ਗੁਣਾਚੌਰੀਆ ਰੂ-ਬਰੂ ਸਮਾਗਮ |