ਪੋਜੇਵਾਲ ਸਰਾਂ, 5 ਅਪੈ੍ਰਲ (ਨਵਾਂਗਰਾਂਈ)-ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਤੀਜੇ ਗੱਦੀਨਸ਼ੀਨ ਬ੍ਰਹਮਲੀਨ ਸਤਿਗੁਰੂ ਬ੍ਰਹਮਾ ਨੰਦ ਭੂਰੀਵਾਲੇ (ਗਊਆਂ ਵਾਲਿਆਂ) ਦੇ 24ਵੇਂ ਨਿਰਵਾਣ ਦਿਵਸ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਸਮੂਹ ਸੇਵਾਦਾਰਾਂ ਦੀ ਮੀਟਿੰਗ ਬ੍ਰਹਮਸਰੂਪ ਧਾਮ ਪੋਜੇਵਾਲ ਵਿਖੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਹੋਈ | ਟਰੱਸਟ ਦੇ ਬੁਲਾਰੇ ਨੇ ਦੱਸਿਆ ਕਿ 24ਵਾਂ ਨਿਰਵਾਣ ਦਿਵਸ 29 ਅਪੈ੍ਰਲ ਤੋਂ 1 ਮਈ ਤੱਕ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਕਰਵਾਇਆ ਜਾ ਰਿਹਾ ਹੈ | ਬੁਲਾਰੇ ਨੇ ਦੱਸਿਆ ਕਿ 29 ਅਪ੍ਰੈਲ ਨੂੰ ਅਚਾਰੀਆ ਗਰੀਬਦਾਸੀ ਬਾਣੀ ਦੇ ਆਖੰਡ ਪਾਠ ਦਾ ਆਰੰਭ ਹੋਵੇਗਾ ਤੇ 1 ਮਈ ਨੂੰ ਆਖੰਡ ਪਾਠ ਦੇ ਭੋਗ ਪਾਏ ਜਾਣਗੇ | ਬੁਲਾਰੇ ਅਨੁਸਾਰ 30 ਅਪੈ੍ਰਲ ਨੂੰ ਮੈਗਾ ਮੈਡੀਕਲ ਕੈਂਪ ਲਗਾਏ ਜਾਣਗੇ, ਜਿਸ ਵਿੱਚ ਐਲੋਪੈਥੀ, ਆਯੁਰਵੈਦਿਕ, ਹੋਮਿਓਪੈਥੀ ਤੋਂ ਇਲਾਵਾ ਗਊਆਂ ਵਾਲਿਆਂ ਦੀ ਯਾਦ ਵਿਚ ਖ਼ੂਨਦਾਨ ਕੈਂਪ ਵੀ ਲਗਾਇਆ ਜਾਵੇਗਾ | ਇਸ ਮੌਕੇ ਸੇਵਾਦਾਰਾਂ ਨੂੰ ਉਪਦੇਸ਼ ਦਿੰਦਿਆਂ ਵੇਦਾਂਤ ਅਚਾਰੀਆ ਨੇ ਕਿਹਾ ਕਿ ਗੁਰੂਦੇਵ ਗਊਆਂ ਵਾਲਿਆਂ ਨੇ ਜਨ-ਕਲਿਆਣ ਮਨੁੱਖਤਾ ਦੀ ਭਲਾਈ ਲਈ ਜੋ ਵਿਸ਼ਾਲ ਕਾਰਜ ਕੀਤੇ, ਉਨ੍ਹਾਂ ਦਾ ਦੇਣ ਤਾਂ ਦਿੱਤਾ ਨਹੀਂ ਜਾ ਸਕਦਾ ਪਰ ਉਨ੍ਹਾਂ ਦੇ ਦਰਸਾਏ ਮਾਰਗ ਸਿਮਰਨ ਸੇਵਾ ਉੱਤੇ ਚਲਦੇ ਹੋਏ ਗੁਰੂਆਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ | ਉਕਤ ਸਮਾਗਮ ਭਾਵੇਂ ਰਸਮੀ ਤੌਰ ਉਤੇ 29 ਅਪ੍ਰੈਲ ਨੂੰ ਸ਼ੁਰੂ ਹੋਵੇਗਾ ਪਰ ਸੰਗਤਾਂ 20 ਅਪ੍ਰੈਲ ਤੋਂ ਹੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਨ੍ਹਾਂ ਦੀ ਸਹੂਲਤ ਲਈ ਸੇਵਾਦਾਰਾਂ ਦੇ ਕੁਝ ਵਿੰਗ ਹੁਣ ਤੋਂ ਹੀ ਸੇਵਾਵਾਂ ਸੰਭਾਲਣਗੇ | ਇਸ ਮੌਕੇ ਪੰਜਾਬ, ਯੂ.ਪੀ., ਹਰਿਆਣਾ, ਰਾਜਸਥਾਨ ਆਦਿ ਪ੍ਰਾਂਤਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਸੇਵਾਦਾਰ ਪਹੁੰਚੇ ਹੋਏ ਸਨ | ਮੀਟਿੰਗ ਦੌਰਾਨ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ |