ਦਸੂਹਾ, 7 ਅਪ੍ਰੈਲ (ਭੁੱਲਰ)-ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਖ਼ਾਲਸਾ ਸਾਜਨਾ ਦਿਹਾੜੇ ਸਬੰਧੀ ਤੇ 14 ਅਪ੍ਰੈਲ ਨੂੰ ਵਿਸਾਖੀ ਦੇ ਤਿਉਹਾਰ ਸਬੰਧੀ ਕਰਵਾਏ ਜਾ ਰਹੇ ਵਿਸਾਖੀ ਮੇਲੇ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ | ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਦੇ ਬਾਹਰਵਾਰ ਵੱਖ-ਵੱਖ ਤਰ੍ਹਾਂ ਦੇ ਪੰਗੂੜੇ ਤੇ ਦੁਕਾਨਾਂ ਦੇ ਸਟਾਲ ਲੱਗਣੇ ਸ਼ੁਰੂ ਹੋ ਗਏ ਹਨ | ਦੁਕਾਨਦਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਦੁਕਾਨਾਂ ਦੀ ਸਜਾਵਟ ਕੀਤੀ ਜਾ ਰਹੀ ਹੈ | ਕੁਝ ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰ ਉਨ੍ਹਾਂ ਨੂੰ ਮੌਸਮ ਦੀ ਕਰਵਟ ਤੋਂ ਡਰ ਲੱਗ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਹ ਹਰ ਸਾਲ ਵਿਸਾਖੀ ਦੇ ਮੇਲੇ ਤੇ ਪਗੂੜੇ ਤੇ ਦੁਕਾਨਾਂ ਤੋਂ ਆਪਣੀ ਰੋਜ਼ੀ ਰੋਟੀ ਕਮਾਉਂਦੇ ਹਨ | ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਦੇ ਮੈਨੇਜਰ ਸਰਬਜੀਤ ਸਿੰਘ ਟੇਰਕਿਆਣਾ ਨੇ ਦੱਸਿਆ ਕਿ ਸੰਗਤਾਂ ਦੀ ਭਾਰੀ ਆਮਦ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸੰਗਤਾਂ ਦੀ ਸਹੂਲਤ ਲਈ ਪ੍ਰਬੰਧ ਕੀਤੇ ਜਾ ਚੁੱਕੇ ਹਨ | ਉਨਾਂ ਦੱਸਿਆ ਕਿ ਸੰਗਤਾਂ ਲਈ ਕਾਰ ਪਾਰਕਿੰਗ ਤੋਂ ਇਲਾਵਾ ਜੋੜੇ ਘਰ ਵੀ ਬਣਾਏ ਜਾ ਚੁੱਕੇ ਹਨ ਜਦਕਿ ਵੱਖ-ਵੱਖ ਸੁਸਾਇਟੀਆਂ ਵਲੋਂ ਲਗਾਏ ਜਾ ਰਹੇ ਲੰਗਰਾਂ ਸਬੰਧੀ ਵੀ ਡਿਊਟੀਆਂ ਲਗਾਈਆਂ ਜਾ ਚੁੱਕੀਆਂ ਹਨ | ਇਸ ਮੌਕੇ ਹਰਪਾਲ ਸਿੰਘ ਬਿੱਟਾ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਵਿਸਾਖੀ ਦੇ ਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਦੇਸ਼-ਵਿਦੇਸ਼ ਤੋਂ ਪਹੁੰਚ ਰਹੀਆਂ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ | ਇਸ ਮੌਕੇ ਡੀ. ਐੱਸ. ਪੀ. ਬਲਵਿੰਦਰ ਸਿੰਘ ਜੌੜਾ ਦੀ ਅਗਵਾਈ ਹੇਠ ਵੀ ਪ੍ਰਸ਼ਾਸਨਿਕ ਪ੍ਰਬੰਧ ਕੀਤੇ ਜਾ ਰਹੇ ਹਨ | ਇਸ ਮੌਕੇ ਦਸ਼ਮੇਸ਼ ਸੇਵਾ ਦਲ ਦਸੂਹਾ ਮੁਕੇਰੀਆਂ ਦੇ ਪ੍ਰਧਾਨ ਕਮਲਦੀਪ ਸਿੰਘ ਵਿਰਦੀ ਨੇ ਦੱਸਿਆ ਕਿ ਸੇਵਾ ਦਲ ਵਲੋਂ ਸੰਗਤਾਂ ਲਈ ਲੰਗਰ ਲਗਾਉਣ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਇਸ ਮੌਕੇ ਪ੍ਰਚਾਰਕ ਕਲਿਆਣ ਸਿੰਘ, ਬਾਬਾ ਲਸ਼ਕਰ ਸਿੰਘ ਭੂਰੀ ਵਾਲੇ, ਰਾਜ ਗੁਰਸ਼ਰਨ ਸਿੰਘ ਬਲੱਗਣ, ਮਨਦੀਪ ਸਿੰਘ ਢੀਂਡਸਾ, ਜਸਵਿੰਦਰ ਸਿੰਘ ਕਾਲੜਾ, ਦਵਿੰਦਰ ਸਿੰਘ ਕਾਹਲੋਂ, ਜਸਵਿੰਦਰ ਸਿੰਘ ਮਣਕੂ, ਗੁਰਬਿਕਰਮ ਸਿੰਘ ਬਾਜਵਾ, ਅਮਨਦੀਪ ਸਿੰਘ, ਪਰਮਜੀਤ ਸਿੰਘ ਚੱਕ, ਗਿਆਨੀ ਸਲਵਿੰਦਰ ਸਿੰਘ, ਪ੍ਰਚਾਰਕ ਗਿਆਨੀ ਸਰਤਾਜ ਸਿੰਘ ਬਸਰਾਵਾਂ, ਹਜੂਰੀ ਰਾਗੀ ਭਾਈ ਬਲਬੀਰ ਸਿੰਘ ਬੋਦਲ, ਮੰਗਲ ਸਿੰਘ, ਜਸਵਿੰਦਰ ਸਿੰਘ ਤੇ ਪਰਮਜੀਤ ਸਿੰਘ ਚੱਕ ਆਦਿ ਹਾਜ਼ਰ ਸਨ |