ਤਲਵਾੜਾ, 11 ਅਪ੍ਰੈਲ (ਮਿੱਠੂ)- ਕੰਢੀ ਖ਼ੇਤਰ ਦੀਆਂ ਸੰਪਰਕ ਸੜਕਾਂ ਖੱਡਾਂ 'ਚ ਤਬਦੀਲ ਹੋ ਚੁੱਕੀਆਂ ਹਨ | ਨਿੱਤ ਸੜਕ ਹਾਦਸੇ ਵਾਪਰ ਰਹੇ ਹਨ, ਲੋਕਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਵਿਦਿਆਰਥੀ ਵਿੰਗ ਦੇ ਸਾਬਕਾ ਆਗੂ ਅਤੇ ਨੌਜਵਾਨ ਆਗੂ ਸੰਨੀ ਮਹਿਤਾ ਨੇ ਪਿੰਡ ਰਜਵਾਲ ਵਿਖੇ ਨੌਜਵਾਨਾਂ ਨਾਲ ਮੀਟਿੰਗ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਬਦਲਾਅ ਦੇ ਨਾਅਰੇ ਨਾਲ ਸੱਤਾ 'ਚ ਆਈ 'ਆਪ' ਸਰਕਾਰ ਆਪਣੇ ਵਾਅਦਿਆਂ 'ਤੇ ਖਰੀ ਨਹੀਂ ਉਤਰੀ | ਸਾਢੇ ਚਾਰ ਸਾਲਾ ਕਾਰਜਕਾਲ ਦੌਰਾਨ ਕੰਢੀ ਖ਼ੇਤਰ ਵਿਕਾਸ ਪੱਖੋਂ ਪੂਰੀ ਤਰ੍ਹਾਂ ਪਛੜ ਗਿਆ ਹੈ | ਵਿਕਾਸ ਦੇ ਨਾ 'ਤੇ ਕੰਢੀ ਖ਼ੇਤਰ 'ਚ ਖਣਨ ਮਾਫੀਆ ਤੇ ਲੱਕੜ ਮਾਫੀਆ ਨੇ ਹੀ ਪੈਰ ਪਸਾਰੇ ਹਨ | ਕੰਢੀ ਵਾਸੀਆਂ ਦੇ ਪੱਲੇ ਚੌਗੀਰਦੇ ਦੀ ਬਰਬਾਦੀ ਅਤੇ ਖਸਤਾ ਹਾਲ ਸੜਕਾਂ ਹੀ ਪਈਆਂ ਹਨ | ਪਿੰਡਾਂ ਦੀਆਂ ਪਿਛਲੇ ਸਾਲ ਬਰਸਾਤ ਦੇ ਮੌਸਮ ਵਿੱਚ ਟੁੱਟੀਆਂ ਸੜਕਾਂ ਦੀ ਮੁਰੰਮਤ 'ਆਪ' ਸਰਕਾਰ ਨਹੀਂ ਕਰਵਾ ਸਕੀ | ਕਈ ਪਿੰਡਾਂ ਦਾ ਸੜਕੀ ਸੰਪਰਕ ਟੁੱਟ ਚੁੱਕਾ ਹੈ, ਖੁਸ਼ਹਾਲ ਕੰਢੀ ਖ਼ੇਤਰ ਖਸਤਾ ਹਾਲਤ ਸੰਪਰਕ ਸੜਕਾਂ ਤੇ ਨਾਜਾਇਜ਼ ਖਣਨ ਕਾਰਨ ਬਦਹਾਲ ਬਣਾ ਦਿੱਤਾ ਗਿਆ ਹੈ | ਉਨ੍ਹਾਂ ਇਕ ਮਹੀਨੇ ਅੰਦਰ ਪੇਂਡੂ ਸੜਕਾਂ ਦੇ ਨਵੀਨੀਕਰਨ ਦਾ ਕੰਮ ਨਾ ਸ਼ੁਰੂ ਹੋਣ 'ਤੇ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਨੂੰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ |