ਹੁਸ਼ਿਆਰਪੁਰ, 11 ਅਪ੍ਰੈਲ (ਬਲਜਿੰਦਰਪਾਲ ਸਿੰਘ)-ਲਿਵਾਸਾ ਹਸਪਤਾਲ ਹੁਸ਼ਿਆਰਪੁਰ ਵਲੋਂ ਮੂਵਮੈਂਟ ਨਾਲ ਸਬੰਧਿਤ ਨਿਊਰੋਲੋਜੀਕਲ ਵਿਕਾਰਾਂ ਤੋਂ ਪੀੜਤ ਮਰੀਜ਼ਾਂ ਦੇ ਵਿਆਪਕ ਇਲਾਜ ਅਤੇ ਲੰਬੇ ਸਮੇਂ ਦੇ ਪ੍ਰਬੰਧਨ ਲਈ ਇਕ ਵਿਸ਼ੇਸ਼ ਮੂਵਮੈਂਟ ਡਿਸਆਰਡਰ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ | ਇਹ ਜਾਣਕਾਰੀ ਸੀਨੀਅਰ ਸਲਾਹਕਾਰ ਡਾ. ਰਿਦੀਪ ਸੈਕੀਆ ਨੇ ਦਿੰਦਿਆਂ ਦੱਸਿਆ ਕਿ ਜਲਦੀ ਨਿਦਾਨ ਅਤੇ ਸਮੇਂ ਸਿਰ ਦਖ਼ਲਅੰਦਾਜ਼ੀ ਮੂਵਮੈਂਟ ਨਾਲ ਸਬੰਧਿਤ ਨਿਊਰੋਲੋਜੀਕਲ ਵਿਕਾਰਾਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਬਦਕਿਸਮਤੀ ਨਾਲ ਬਹੁਤ ਸਾਰੇ ਮਰੀਜ਼ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਕਰਦੇ ਹਨ ਜਿਵੇਂ ਮੂਵਮੈਂਟ 'ਚ ਸੁਸਤੀ ਜਾਂ ਤੁਰਨ ਦੌਰਾਨ ਸੰਤੁਲਨ ਦੀਆਂ ਸਮੱਸਿਆਵਾਂ, ਜਿਸ ਨਾਲ ਇਲਾਜ 'ਚ ਦੇਰੀ ਹੁੰਦੀ ਹੈ | ਡਾ. ਨੇਹਾ ਰਾਏ ਸਲਾਹਕਾਰ-ਨਿਊਰੋਸਰਜਰੀ ਨੇ ਦੱਸਿਆ ਕਿ ਮੂਵਮੈਂਟ ਡਿਸਆਰਡਰ, ਨਿਊਰੋਲੋਜੀਕਲ ਸਬੰਧੀ ਸਥਿਤੀਆਂ ਦਾ ਇਕ ਸਮੂਹ ਹਨ, ਜੋ ਮੂਵਮੈਂਟ ਅਤੇ ਸਪੀਡ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੇ ਹਨ | ਉਨ੍ਹਾਂ ਦੱਸਿਆ ਕਿ ਕਲੀਨਿਕ ਦੀ ਇਕ ਮੁੱਖ ਵਿਸ਼ੇਸ਼ਤਾ ਪ੍ਰਗਤੀਸ਼ੀਲ ਨਿਊਰੋਲੋਜੀਕਲ ਸਬੰਧੀ ਵਿਕਾਰ, ਪਾਰਕਿੰਸਨਜ਼ ਬਿਮਾਰੀ 'ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਨਾ ਹੈ | ਕਲੀਨਿਕ ਵਿਅਕਤੀਗਤ ਦਵਾਈ ਯੋਜਨਾਵਾਂ, ਪੁਨਰਵਾਸ ਤੇ ਫਿਜ਼ੀਓਥੈਰੇਪੀ, ਜੀਵਨ ਸ਼ੈਲੀ 'ਚ ਤਬਦੀਲੀਆਂ ਬਾਰੇ ਮਾਰਗਦਰਸ਼ਨ ਤੇ ਲੰਬੇ ਸਮੇਂ ਦੀਆਂ ਬਿਮਾਰੀ ਪ੍ਰਬੰਧਨ ਰਣਨੀਤੀਆਂ ਪ੍ਰਦਾਨ ਕਰੇਗਾ | ਉਨ੍ਹਾਂ ਦੱਸਿਆ ਕਿ ਇਹ ਕਲੀਨਿਕ ਆਧੁਨਿਕ ਡਾਇਗਨੌਸਟਿਕ ਸਹੂਲਤਾਂ ਨਾਲ ਲੈਸ ਹੈ, ਜਿਸ 'ਚ ਨਿਊਰੋਸਰਜਨ, ਫਿਜ਼ੀਓਥੈਰੇਪਿਸਟ ਅਤੇ ਪੁਨਰਵਾਸ ਮਾਹਿਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ | ਲਿਵਾਸਾ ਹਸਪਤਾਲਾਂ ਦੇ ਖੇਤਰੀ ਫਸਿਲਿਟੀ ਡਾਇਰੈਕਟਰ ਅਭਿਨਵ ਸ਼੍ਰੀਵਾਸਤਵ ਨੇ ਕਿਹਾ ਕਿ ਕਲੀਨਿਕ ਸਾਡੀਆਂ ਡਾਇਗਨੌਸਟਿਕ ਸਮਰੱਥਾਵਾਂ ਨੂੰ ਮਜ਼ਬੂਤ ਬਣਾਏਗਾ ਤੇ ਇਸ ਨਾਲ ਨਿਊਰੋਲੋਜੀਕਲ ਵਿਕਾਰਾਂ ਤੋਂ ਪੀੜਤ ਮਰੀਜ਼ਾਂ ਨੂੰ ਵਿਆਪਕ ਸਹਾਇਤਾ ਯਕੀਨੀ ਬਣਾਈ ਜਾਵੇਗੀ |