ਹਰਿਆਣਾ, 12 ਅਪ੍ਰੈਲ (ਹਰਮੇਲ ਸਿੰਘ ਖੱਖ)-ਪੰਜਾਬ ਸਰਕਾਰ ਅਤੇ ਸਿਵਲ ਸਰਜਨ ਡਾ. ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਸੁਦੇਸ਼ ਰਾਜਨ ਐਸ.ਐਮ.ਓ ਭੂੰਗਾ ਦੀ ਅਗਵਾਈ ਹੇਠ ਸੀ.ਐਚ.ਸੀ. ਭੂੰਗਾ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਦੇਸ਼ ਰਾਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ਵ ਸਿਹਤ ਦਿਵਸ ਮਨਾਉਣ ਦਾ ਮੁੱਖ ਮੰਤਵ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਜਾਗਰੂਕ ਕਰਨਾ ਹੈ | ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਲੋਕਾਂ ਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਵਿਗੜ ਗਈਆਂ ਹਨ ਇਸ ਕਾਰਨ ਬਿਮਾਰੀਆਂ ਦੇ ਮਾਮਲੇ ਵਿਚ ਵਾਧਾ ਹੋਇਆ ਹੈ | ਉਨ੍ਹਾਂ ਕਿਹਾ ਕਿ ਬਾਜ਼ਾਰੂ ਅਤੇ ਪੈਕੇਟ ਬੰਦ ਖਾਣੇ ਦੀ ਜਗ੍ਹਾ ਘਰ ਦਾ ਬਣਿਆ ਖਾਣਾ, ਮੌਸਮੀ ਫਲਾਂ ਦਾ ਸੇਵਨ ਕਰਨ ਅਤੇ ਕਸਰਤ ਕਰਨ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਅਸੀਂ ਆਪਣੇ-ਆਪ ਨੂੰ ਬਚਾਅ ਸਕਦੇ ਹਾਂ | ਉਨ੍ਹਾਂ ਕਿਹਾ ਕਿ ਸਾਨੂੰ ਸਮੇਂ ਸਮੇਂ ਸਿਰ ਆਪਣਾ ਚੈੱਕਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ | ਇਸ ਮੌਕੇ ਡਾ. ਨਰਿੰਦਰਪਾਲ ਸਿੰਘ, ਸਰਜੀਕਲ ਸਪੈਸ਼ਲਿਸਟ, ਜਸਤਿੰਦਰ ਸਿੰਘ ਬੀ.ਈ.ਈ, ਬਲਵਿੰਦਰ ਸਿੰਘ ਚੀਫ਼ ਫਾਰਮੇਸੀ ਅਫ਼ਸਰ, ਗਗਨਦੀਪ ਕੌਰ, ਗੁਰਿੰਦਰਜੀਤ ਸਿੰਘ, ਸੁਰਜੀਤ ਸਿੰਘ ਅਤੇ ਆਮ ਲੋਗ ਹਾਜ਼ਰ ਸਨ |