ਗੜ੍ਹਸ਼ੰਕਰ, 17 ਅਪ੍ਰੈਲ (ਧਾਲੀਵਾਲ)-ਉਪ ਮੰਡਲ ਮੈਜਿਸਟ੍ਰੇਟ ਸੰਜੀਵ ਕੁਮਾਰ ਵਲੋਂ ਮਾਰਕੀਟ ਕਮੇਟੀ ਗੜ੍ਹਸ਼ੰਕਰ ਦੇ ਦਫ਼ਤਰ ਵਿਖੇ ਕਣਕ ਦੀ ਖ਼ਰੀਦ ਸਬੰਧੀ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਖ਼ਰੀਦ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਕਣਕ ਦੀ ਖ਼ਰੀਦ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ | ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਮਾਰਕੀਟ ਕਮੇਟੀ ਬਲਦੀਪ ਸਿੰਘ ਤੇ ਸੈਕਟਰੀ ਮਾਰਕੀਟ ਕਮੇਟੀ ਹਾਜ਼ਰ ਹੋਏ | ਮੀਟਿੰਗ ਉਪਰੰਤ ਐੱਸ.ਡੀ.ਐੱਮ. ਸੰਜੀਵ ਕੁਮਾਰ ਵਲੋਂ ਚੇਅਰਮੈਨ ਮਾਰਕੀਟ ਕਮੇਟੀ ਬਲਦੀਪ ਸਿੰਘ ਤੇ ਖ਼ਰੀਦ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਲੈ ਕੇ ਗੜ੍ਹਸ਼ੰਕਰ, ਮੋਰਾਂਵਾਲੀ ਤੇ ਹੋਰ ਦਾਣਾ ਮੰਡੀਆਂ ਦਾ ਦੌਰਾ ਕੀਤਾ ਗਿਆ | ਮੰਡੀਆਂ ਦੇ ਦੌਰੇ ਦੌਰਾਨ ਐੱਸ.ਡੀ.ਐੱਮ. ਸੰਜੀਵ ਕੁਮਾਰ ਨੇ ਆੜ੍ਹਤੀਆਂ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਖ਼ਰੀਦ ਏਜੰਸੀਆਂ ਨੂੰ ਹੁਕਮ ਦਿੱਤੇ ਕਿ ਕਣਕ ਦੀਆਂ ਜੋ ਢੇਰੀਆਂ ਸਰਕਾਰੀ ਮਾਪਦੰਡਾਂ ਅਨੁਸਾਰ ਸਹੀ ਹਨ ਉਨ੍ਹਾਂ ਦੀ ਤੁਰੰਤ ਖ਼ਰੀਦ ਕੀਤੀ ਜਾਵੇ | ਉਨ੍ਹਾਂ ਕਿਸਾਨਾਂ ਤੇ ਆੜ੍ਹਤੀਆਂ ਨੂੰ ਮੰਡੀਆਂ 'ਚ ਸੁੱਕੀ ਕਣਕ ਲਿਆਉਣੀ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਕਣਕ ਦੀ ਖ਼ਰੀਦ 'ਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ | ਇਸ ਮੌਕੇ ਚਰਨਜੀਤ ਸਿੰਘ ਚੰਨੀ, ਖ਼ਰੀਦ ਏਜੰਸੀਆਂ ਵਲੋਂ ਇੰਸਪੈਕਟਰ ਸੁਖਵਿੰਦਰ ਸਿੰਘ, ਮਾਰਕਫੈੱਡ ਵਲੋਂ ਸੁਖਪਾਲ ਸਿੰਘ ਅਤੇ ਤਨੁਜ ਜੀੜ, ਪਨਸਪ ਵਲੋਂ ਤਰਲੋਚਨ ਸਿੰਘ ਅਤੇ ਐੱਫ. ਸੀ. ਆਈ. ਵਲੋਂ ਸੁਮੇਰ ਸਿੰਘ ਹਾਜ਼ਰ ਸਨ |