ਟਾਂਡਾ ਉੜਮੁੜ, 22 ਅਪ੍ਰੈਲ (ਭਗਵਾਨ ਸਿੰਘ ਸੈਣੀ)-ਟਾਂਡਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਟੀਮ ਨੇ 2 ਮੋਟਰਸਾਈਕਲ ਚੋਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 6 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ | ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਡੀ.ਐੱਸ.ਪੀ. ਟਾਂਡਾ ਸੁਖਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ.ਐੱਸ.ਪੀ. ਸੰਦੀਪ ਕੁਮਾਰ ਮਲਿਕ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਲਾਕੇ ਵਿਚ ਅਪਰਾਧੀਆਂ ਖਿਲਾਫ ਸਖ਼ਤ ਮੁਹਿੰਮ ਚਲਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਹੀ ਟਾਂਡਾ ਵਿੱਚ ਡੀ.ਐੱਸ.ਪੀ. ਵਜੋਂ ਚਾਰਜ ਸੰਭਾਲਿਆ ਹੈ ਅਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ | ਉਨ੍ਹਾਂ ਦੱਸਿਆ ਕਿ ਐੱਸ.ਐੱਚ.ਓ. ਗੁਰਿੰਦਰਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਸਿਨੇਮਾ ਚੌਂਕ ਨਜ਼ਦੀਕ ਚੈਕਿੰਗ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਰੋਕਿਆ ਗਿਆ | ਤਲਾਸ਼ੀ ਦੌਰਾਨ ਉਸ ਕੋਲੋਂ ਬਿਨਾਂ ਨੰਬਰ ਵਾਲਾ ਸੁਪਲੈਂਡਰ ਮੋਟਰਸਾਈਕਲ ਬਰਾਮਦ ਹੋਇਆ, ਜੋ ਕਿ ਚੋਰੀ ਦਾ ਨਿਕਲਿਆ | ਫੜੇ ਗਏ ਵਿਅਕਤੀ ਦੀ ਪਹਿਚਾਣ ਨਵਦੀਪ ਸਿੰਘ ਉਰਫ਼ ਨਵੀ ਪੁੱਤਰ ਜਗਤਾਰ ਸਿੰਘ ਵਜੋਂ ਹੋਈ ਹੈ | ਪੁੱਛਗਿੱਛ ਦੌਰਾਨ ਉਸ ਨੇ ਹੋਰ ਚੋਰੀਆਂ ਦਾ ਖੁਲਾਸਾ ਕੀਤਾ, ਜਿਸ ਦੇ ਆਧਾਰ 'ਤੇ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 5 ਹੋਰ ਮੋਟਰਸਾਈਕਲ ਬਰਾਮਦ ਕੀਤੇ | ਇਸ ਮਾਮਲੇ ਵਿੱਚ ਉਸ ਦੇ ਸਾਥੀ ਅਮਰਜੀਤ ਸਿੰਘ ਉਰਫ਼ ਜੱਸੀ ਪੁੱਤਰ ਸੁਰਜੀਤ ਸਿੰਘ ਵਾਸੀ ਜੇਤਪੁਰ (ਥਾਣਾ ਚੱਬੇਵਾਲ, ਜ਼ਿਲ੍ਹਾ ਹੁਸ਼ਿਆਰਪੁਰ) ਨੂੰ ਵੀ ਨਾਮਜ਼ਦ ਕੀਤਾ ਗਿਆ ਹੈ | ਡੀ.ਐੱਸ.ਪੀ. ਨੇ ਦੱਸਿਆ ਕਿ ਦੋਨੋਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਖੁਲਾਸੇ ਕੀਤੇ ਜਾ ਸਕਣ | ਉਨ੍ਹਾਂ ਇਹ ਵੀ ਕਿਹਾ ਕਿ ਟਾਂਡਾ ਇਲਾਕੇ ਵਿੱਚ ਨਸ਼ਾ ਵੇਚਣ ਵਾਲਿਆਂ ਅਤੇ ਹੋਰ ਅਪਰਾਧਿਕ ਤੱਤਾਂ ਖਿਲਾਫ ਸਖ਼ਤ ਕਾਰਵਾਈ ਜਾਰੀ ਰਹੇਗੀ |