ਕੋਟਫ਼ਤੂਹੀ, 26 ਅਪ੍ਰੈਲ (ਅਟਵਾਲ)-ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਜਸਵਿੰਦਰ ਕੁਮਾਰ, ਮਹਿਲਾ ਆਗੂ ਕਸ਼ਮੀਰ ਕੌਰ ਨੇ ਖੇਤਾਂ ਵਿਚ ਬਿਜਲੀ ਦੀਆਂ ਤਾਰਾਂ ਦੀ ਮਾੜੀ ਹਾਲਤ, ਟਰਾਂਸਫਾਰਮਾਂ ਤੇ ਖੰਭਿਆਂ ਉੱਪਰ ਲਟਕਦੀਆਂ ਬਿਜਲੀ ਦੀਆਂ ਡੰਡਿਆਂ ਨਾਲ ਬੰਨੀਆਂ ਤਾਰਾਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਭਾਵੇਂ ਬਿਜਲੀ ਸਪਲਾਈ ਪ੍ਰਾਈਵੇਟ ਹੱਥਾਂ ਵਿਚ ਹੈ | ਪਰ ਇਸ ਦਾ ਹਾਲ ਫਿਰ ਵੀ ਸਰਕਾਰੀ ਮੁਲਾਜ਼ਮਾਂ ਦੇ ਕੰਮਾਂ ਨਾਲੋਂ ਘਟੀਆ ਹੈ, ਹੁਣ ਬਿਜਲੀ ਦਾ ਸਾਰਾ ਢਾਂਚਾ ਪ੍ਰਾਈਵੇਟ ਕੰਪਨੀ ਦੇ ਹੱਥਾਂ ਵਿਚ ਹੈ, ਕੰਪਨੀ ਸਿਰਫ਼ ਬਿਜਲੀ ਕਾਮਿਆਂ ਨੂੰ ਬਿਨਾਂ ਕੁੱਝ ਮੁਹੱਈਆ ਕਰਵਾਇਆਂ ਉੱਚ ਅਧਿਕਾਰੀਆਂ ਨਾਲ ਮਿਲੀ ਭੁਗਤ ਕਰ ਕੇ ਡੰਗ ਟਪਾ ਰਹੀ ਹੈ | ਬਿਜਲੀ ਦੇ ਖੇਤਰ ਵਿਚ ਹੇਠਲੇ ਪੱਧਰ ਤੇ ਭਿ੍ਸ਼ਟਾਚਾਰ ਹੈ, ਕੰਪਨੀ ਦੇ ਇਲੈਕਟ੍ਰੀਕਲ ਇੰਜੀਨੀਅਰ, ਜੂਨੀਅਰ ਇੰਜੀਨੀਅਰ, ਇੰਜੀਨੀਅਰ ਤਾਂ ਦਫ਼ਤਰਾਂ ਵਿਚ ਵੇਖਣ ਨੂੰ ਵੀ ਨਹੀਂ ਮਿਲਦੇ, ਸਭ ਕੁੱਝ ਮਿਲੀ ਭੁਗਤ ਨਾਲ ਚੱਲ ਰਿਹਾ ਹੈ, ਤੇ ਕੰਪਨੀ ਨੂੰ ਹਰ ਸਾਲ ਕਰੋੜਾਂ ਰੁਪਏ ਦਾ ਕੰਮ ਕਰਨ ਤੇ ਮਾਹਿਰ ਯੋਗ ਪੜ੍ਹੇ ਲਿਖੇ ਇੰਜੀਨੀਅਰਾਂ ਨੂੰ ਤਨਖ਼ਾਹ ਦੇਣ ਲਈ ਠੇਕਾ ਮਿਲਦਾ ਹੈ | ਪਾਵਰ ਕਾਮ ਦੇ ਉੱਚ ਅਧਿਕਾਰੀਆਂ ਦੀ ਮਾੜੀ ਤੇ ਭਿ੍ਸ਼ਟ ਮੈਨੇਜਮੈਂਟ ਕਾਰਨ ਸਾਰਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਬਿਜਲੀ ਕੱਟ ਦੇਸ਼ ਦਾ ਆਰਥਿਕ ਤੇ ਸਮਾਜਿਕ ਨੁਕਸਾਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪ੍ਰਾਈਵੇਟ ਕੰਪਨੀ ਉੱਚ ਅਧਿਕਾਰੀਆਂ ਨਾਲ ਮਿਲ ਕੇ ਲੱਖਾਂ ਰੁਪਏ ਬਚਾ ਰਹੀ ਹੈ ਤੇ ਬਿਜਲੀ ਕੱਚੇ ਕਾਮਿਆਂ ਨੂੰ ਸਹੀ ਮਾਡਰਨ ਸਹੂਲਤ ਨਾ ਦੇਣਾ ਵੀ ਮਾੜੀ ਤੇ ਭਿ੍ਸ਼ਟ ਸੋਚ ਦੇ ਨਤੀਜੇ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਕਾਰਨ ਹੋ ਰਹੇ ਨੁਕਸਾਨ ਦਾ ਮੁਆਵਜ਼ਾ ਮੰਗਣ ਦੀ ਆਦਤ ਪਾਉਣ ਤਾਂ ਕਿ ਕੰਮ ਵਿਚ ਸੁਧਾਰ ਹੋ ਸਕੇ |