ਹਾਜੀਪੁਰ, 26 ਅਪ੍ਰੈਲ (ਪੁਨੀਤ ਭਾਰਦਵਾਜ)- ਪਿਛਲੇ ਲੰਬੇ ਸਮੇਂ ਤੋਂ ਕੰਡੀ ਖੇਤਰ ਵਿਚ ਹੋ ਰਹੀ ਨਜਾਇਜ਼ ਮਾਈਨਿੰਗ ਦੇ ਕਾਰਨ ਸੈਂਕੜੇ ਏਕੜ ਖੇਤੀ ਯੋਗ ਜ਼ਮੀਨ ਮਾਈਨਿੰਗ ਮਾਫ਼ੀਆ ਦੀ ਭੇਟ ਚੜ੍ਹ ਗਈ ਹੈ | ਜੇਕਰ ਇਸ 'ਤੇ ਲਗਾਮ ਨਾ ਲਗਾਈ ਗਈ ਤਾਂ ਖੇਤੀ ਯੋਗ ਜ਼ਮੀਨ ਜੋ ਕੰਢੀ ਖੇਤਰ ਦੀ ਪਹਿਚਾਣ ਹੈ, ਉਹ ਵੀ ਮਾਈਨਿੰਗ ਮਾਫ਼ੀਆ ਦੀ ਭੇਟ ਚੜ੍ਹ ਜਾਵੇਗੀ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਖੇਤਰ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਯੁਵਾ ਕਾਂਗਰਸ ਸੁਮਿਤ ਡਡਵਾਲ ਨੇ ਅੱਜ ਵਿਚ ਹੋਈ ਮੀਟਿੰਗ ਦੌਰਾਨ ਕੀਤੇ | ਸੁਮਿਤ ਡਡਵਾਲ ਨੇ ਕਿਹਾ ਕਿ ਕੰਢੀ ਖੇਤਰ ਦੇ ਵਿਚ ਮਾਈਨਿੰਗ ਮਾਫ਼ੀਆ ਇਸ ਤਰ੍ਹਾਂ ਨਾਲ ਕੰਮ ਕਰ ਰਿਹਾ ਹੈ ਕਿ ਉਸ ਨੇ ਨਾ ਤਾਂ ਕੋਈ ਖੱਡ ਛੱਡੀ ਹੈ ਨਾ ਹੀ ਖੇਤੀ ਯੋਗ ਜ਼ਮੀਨ ਅਤੇ ਨਾ ਹੀ ਪਹਾੜਾਂ ਨੂੰ ਬਖ਼ਸ਼ ਰਿਹਾ ਹੈ | ਹਾਲਾਤ ਇੰਨੇ ਗੰਭੀਰ ਹੋ ਗਏ ਹਨ ਕਿ ਮਾਈਨਿੰਗ ਮਾਫ਼ੀਆ ਵੱਲੋਂ ਪਾਏ ਟੋਇਆਂ ਨੂੰ ਦੇਖ ਕੇ ਦਿਲ ਦਹਿਲ ਜਾਂਦਾ ਹੈ | ਸੁਮਿਤ ਡਡਵਾਲ ਨੇ ਕਿਹਾ ਕਿ ਸੈਂਕੜਿਆਂ ਦੀ ਤਾਦਾਦ ਵਿਚ ਟਿੱਪਰ ਟਰਾਲੇ ਸੜਕਾਂ ਤੇ ਦੌੜ ਰਹੇ ਹਨ ਅਤੇ ਆਮ ਲੋਕਾਂ ਦੇ ਵਾਸਤੇ ਬਣੀਆਂ ਸੜਕਾਂ ਆਮ ਲੋਕਾਂ ਦੇ ਵਾਸਤੇ ਮੌਤ ਦਾ ਘਰ ਬਣ ਗਈਆਂ ਹਨ | ਸੁਮਿਤ ਡਡਵਾਲ ਨੇ ਕਿਹਾ ਕਿ ਮਾਈਨਿੰਗ ਮਾਫ਼ੀਆ ਪੀਣ ਵਾਲੇ ਪਾਣੀ ਨੂੰ ਵੀ ਨਹੀਂ ਛੱਡ ਰਿਹਾ | ਉਨ੍ਹਾਂ ਨੇ ਕਿਹਾ ਕਿ ਪੀਣ ਵਾਲਾ ਪਾਣੀ ਜਿੱਥੇ ਆਮ ਲੋਕਾਂ ਨੂੰ ਨਹੀਂ ਮਿਲ ਰਿਹਾ, ਉੱਥੇ ਹੀ ਕੁੱਝ ਕਰੈਸ਼ਰਾਂ ਵਾਲੇ ਧਰਤੀ ਹੇਠਲੇ ਪਾਣੀ ਨੂੰ ਵੱਡੀਆਂ ਵੱਡੀਆਂ ਮੋਟਰਾਂ ਲਗਾ ਕੇ ਰੇਤਾ ਬਜਰੀ ਨੂੰ ਧੋਣ ਵਾਸਤੇ ਹਜ਼ਾਰਾਂ ਲੀਟਰ ਰੋਜ਼ਾਨਾ ਧਰਤੀ ਹੇਠਲਾ ਪਾਣੀ ਬਰਬਾਦ ਕਰਨ ਵਿਚ ਲੱਗਾ ਹੋਇਆ ਹੈ ਅਤੇ ਵਿਭਾਗ ਤੇ ਸਰਕਾਰ ਸਭ ਕੁੱਝ ਦੇਖਦੇ ਹੋਏ ਵੀ ਅੱਖਾਂ ਮਿਚੀ ਬੈਠੇ ਹੋਏ ਹਨ | ਸੁਮਿਤ ਡਡਵਾਲ ਨੇ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਵਿਚ ਮਾਈਨਿੰਗ ਮਾਫ਼ੀਆ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ | ਆਮ ਆਦਮੀ ਪਾਰਟੀ ਦੇ ਲੀਡਰ ਕੰਢੀ ਖੇਤਰ ਦੇ ਲੋਕਾਂ ਨਾਲ ਚੋਣਾਂ ਮੌਕੇ ਮਾਈਨਿੰਗ ਮਾਫ਼ੀਆ ਦੇ ਖ਼ਾਤਮੇ ਦੀਆਂ ਗੱਲਾਂ ਕਰਦੇ ਸਨ ਪਰ ਸਰਕਾਰ ਬਣਨ ਤੋਂ ਬਾਅਦ ਜਨਤਾ ਨਾਲ ਕੀਤੇ ਗਏ ਵਾਅਦਿਆਂ ਨੂੰ ਭੁਲਾ ਦਿੱਤਾ ਗਿਆ | ਸੁਮਿਤ ਡਡਵਾਲ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮਾਈਨਿੰਗ ਮਾਫ਼ੀਆ ਤੇ ਨਕੇਲ ਨਾ ਪਈ ਤਾਂ ਆਉਣ ਵਾਲੇ ਸਮੇਂ ਵਿਚ ਕੰਡੀ ਖੇਤਰ ਦੇ ਲੋਕਾਂ ਨਾਲ ਮਿਲ ਕੇ ਚੱਕਾ ਜਾਮ ਕੀਤਾ ਜਾਵੇਗਾ | ਇਸ ਮੌਕੇ ਤੇ ਸੀਨੀਅਰ ਕਾਂਗਰਸ ਆਗੂ ਤਰਸੇਮ ਮਿਨਹਾਸ, ਕਸ਼ਮੀਰ ਸਿੰਘ, ਸ਼ੇਰ ਸਿੰਘ, ਸੁਨੀਲ ਕੁਮਾਰ, ਅੰਕਿਤ ਕੁਮਾਰ, ਵਿਸ਼ਾਲ ਕੁਮਾਰ, ਅਨਿਕਤ, ਸੁਰਿੰਦਰ ਕੁਮਾਰ, ਰੋਸ਼ਨ ਲਾਲ, ਵਿਕਰਮ ਸਿੰਘ, ਪੰਕਜ ਕੁਮਾਰ, ਰਾਜਨ ਕੁਮਾਰ, ਪਰਵੀਨ ਕੁਮਾਰ, ਸੰਜੀਵ ਕੁਮਾਰ, ਅਸ਼ੋਕ ਕੁਮਾਰ ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ |