ਭੰਗਾਲਾ, 26 ਅਪ੍ਰੈਲ (ਬਲਵਿੰਦਰਜੀਤ ਸਿੰਘ ਸੈਣੀ)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਨੀਲਮ ਦੀ ਅਗਵਾਈ ਵਿੱਚ ਕਮਿਊਨਿਟੀ ਹੈਲਥ ਸੈਂਟਰ ਬੁੱਢਾਬੜ ਵਿਖੇ ਐੱਚ.ਪੀ.ਵੀ. ਵੈਕਸੀਨੇਸ਼ਨ ਮੁਹਿੰਮ ਸਫਲਤਾ-ਪੂਰਵਕ ਚੱਲ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਨੀਲਮ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਹੁਣ ਤੱਕ 100 ਤੋਂ ਵੱਧ ਲਾਭਪਾਤਰੀਆਂ ਨੂੰ ਸੀ.ਐਚ.ਸੀ. ਬੁੱਢਾਬੜ ਵਲੋਂ ਐਚ.ਪੀ.ਪੀ. ਵੈਕਸੀਨ ਦੀਆਂ ਡੋਜ਼ਾਂ ਲਗਾਈਆਂ ਜਾ ਚੁੱਕੀਆਂ ਹਨ | ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਐਚ.ਪੀ.ਵੀ. ਵੈਕਸੀਨ ਕੁੜੀਆਂ ਅਤੇ ਮਹਿਲਾਵਾਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਬਹੁਤ ਹੀ ਮਹੱਤਵਪੂਰਨ ਹੈ ਅਤੇ ਇਹ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 14 ਤੋਂ 15 ਸਾਲ ਦੀ ਉਮਰ ਵਾਲੀਆਂ ਨੌਜਵਾਨ ਕੁੜੀਆਂ ਨੂੰ ਸਮੇਂ ਸਿਰ ਇਹ ਵੈਕਸੀਨ ਜ਼ਰੂਰ ਲਗਵਾਈ ਜਾਵੇ | ਇਹ ਵੈਕਸੀਨ ਬਿਲਕੁਲ ਮੁਫ਼ਤ ਲਗਾਈ ਜਾ ਰਹੀ ਹੈ | ਇਸ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਸੀ.ਐੱਚ.ਓ., ਏ.ਐੱਨ.ਐੱਮ., ਐੱਲ.ਐੱਚ.ਵੀ. ਅਤੇ ਆਸ਼ਾ ਵਰਕਰਾਂ ਦੀ ਟਰੇਨਿੰਗ ਵੀ ਕਰਵਾਈ ਜਾ ਚੁੱਕੀ ਹੈ ਅਤੇ ਉਨ੍ਹਾਂ ਵਲੋਂ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਵੈਕਸੀਨੇਸ਼ਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਸਿਹਤ ਵਿਭਾਗ ਬੁੱਢਾਬੜ ਵਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਰ ਯੋਗ ਲਾਭਪਾਤਰੀ ਤੱਕ ਇਹ ਸੇਵਾ ਪਹੁੰਚੇ ਅਤੇ ਸਮਾਜ ਨੂੰ ਇਸ ਗੰਭੀਰ ਬਿਮਾਰੀ ਤੋਂ ਬਚਾਇਆ ਜਾ ਸਕੇ |