ਦਸੂਹਾ, 28 ਅਪ੍ਰੈਲ (ਕੌਸ਼ਲ)-ਵਿਧਾਇਕ ਕਰਮਵੀਰ ਸਿੰਘ ਘੁੰਮਣ ਵਲੋਂ ਪਿੰਡ ਹਿੰਮਤਪੁਰ ਵਿਚ ਵਿਕਾਸ ਕਾਰਜਾਂ ਨੂੰ ਹੋਰ ਗਤੀ ਦੇਣ ਲਈ ਸੜਕਾਂ ਦੇ ਨੀਂਹ ਪੱਥਰ ਰੱਖੇ ਗਏ | ਇਸ ਮੌਕੇ ਪਿੰਡ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਵੱਡੀ ਮੰਗ ਨੂੰ ਪੂਰਾ ਕਰਦੇ ਹੋਏ ਲਗਭਗ 35 ਲੱਖ ਰੁਪਏ ਦੀ ਲਾਗਤ ਨਾਲ ਨਵੀਆਂ ਸੜਕਾਂ ਬਣਾਉਣ ਦਾ ਐਲਾਨ ਕੀਤਾ ਗਿਆ | ਵਿਧਾਇਕ ਘੁੰਮਣ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਤੋਂ ਪੁੱਲ ਤੱਕ ਅਤੇ ਪਿੰਡ ਤੋਂ ਪੁੱਲ ਤੱਕ ਨਵੀਂ ਸੜਕ ਤਿਆਰ ਕੀਤੀ ਜਾਵੇਗੀ, ਜਿਸ ਨਾਲ ਪਿੰਡ ਵਾਸੀਆਂ ਨੂੰ ਆਵਾਜਾਈ ਵਿਚ ਕਾਫੀ ਸੁਵਿਧਾ ਮਿਲੇਗੀ | ਇਸ ਤੋਂ ਇਲਾਵਾ ਮੇਨ ਜੀ. ਟੀ. ਰੋਡ ਤੋਂ ਹਿੰਮਤਪੁਰ ਤੱਕ ਸੜਕ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾਵੇਗਾ, ਜੋ ਇਲਾਕੇ ਦੀ ਕੁਨੈਕਟਿਵਿਟੀ ਨੂੰ ਹੋਰ ਮਜ਼ਬੂਤ ਕਰੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਵਾਂਗੀਣ ਵਿਕਾਸ ਲਈ ਵਚਨਬੱਧ ਹੈ ਅਤੇ ਹਲਕੇ ਵਿੱਚ ਲਗਾਤਾਰ ਵਿਕਾਸ ਪ੍ਰੋਜੈਕਟ ਲਿਆਂਦੇ ਜਾ ਰਹੇ ਹਨ | ਪਿੰਡ ਹਿੰਮਤਪੁਰ ਵਿਚ ਸੜਕਾਂ ਦਾ ਨਿਰਮਾਣ ਇਸੇ ਦਿਸ਼ਾ ਵਿੱਚ ਇਕ ਮਹੱਤਵਪੂਰਨ ਕਦਮ ਹੈ | ਇਸ ਮੌਕੇ ਸਰਪੰਚ ਸੁਰਿੰਦਰ ਸਿੰਘ, ਮੈਂਬਰ ਤਿ੍ਪਤਾ ਦੇਵੀ, ਗੁਰਮੀਤ ਕੌਰ, ਜਗਦੀਸ਼ ਸਿੰਘ, ਗੁਰਕੀਰਤ ਸਿੰਘ, ਹਰਜਿੰਦਰ ਸਿੰਘ, ਸਮਿਤੀ ਮੈਂਬਰ ਪਰਮਜੀਤ ਸਿੰਘ ਗੋਗੀ, ਲਾਡੀ ਸਰਪੰਚ, ਕਸਵੀਰ ਕੌਰ (ਪੂਰਵ ਸਰਪੰਚ), ਮਾਰਕੇਟ ਕਮੇਟੀ ਚੇਅਰਮੈਨ ਕੇਪੀ ਸੰਧੂ, ਜਸਵਿੰਦਰ ਸਿੰਘ ਸਮੇਤ ਹੋਰ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ | ਪਿੰਡ ਵਾਸੀਆਂ ਨੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੜਕਾਂ ਬਣਨ ਨਾਲ ਪਿੰਡ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ ਤੇ ਆਵਾਜਾਈ ਦੀਆਂ ਸਮੱਸਿਆਵਾਂ ਹੱਲ ਹੋਣਗੀਆਂ |