ਹੁਸ਼ਿਆਰਪੁਰ, 28 ਅਪ੍ਰੈਲ (ਹਰਪ੍ਰੀਤ ਕੌਰ/ਨਰਿੰਦਰ ਸਿੰਘ ਬੱਡਲਾ)-ਪਿੰਡ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਂਵਾਂ ਦੇਣ ਦੇ ਮਕਸਦ ਨਾਲ ਸੀ. ਅੱੈਚ. ਸੀ. ਹਾਰਟਾ ਬਡਲਾ ਵਿਖੇ ਤਿਆਰ ਹੋਈ ਬੀ. ਪੀ. ਐੱਚ. ਯੂ. ਦੀ ਨਵੀਂ ਇਮਾਰਤ ਦਾ ਉਦਘਾਟਨ ਵਿਧਾਇਕ ਚੱਬੇਵਾਲ ਡਾ. ਇਸ਼ਾਂਕ ਕੁਮਾਰ ਵਲੋਂ ਕੀਤਾ ਗਿਆ | ਇਸ ਮੌਕੇ ਸਿਵਲ ਸਰਜਨ ਡਾ. ਮਨਦੀਪ ਕਮਲ ਤੇ ਕਾਰਜਕਾਰੀ ਡਿਪਟੀ ਮੈਡੀਕਲ ਕਮਿਸ਼ਨਰ ਹਾਜ਼ਿਰ ਸਨ | ਡਾ. ਇਸ਼ਾਂਕ ਨੇ ਕਿਹਾ ਕਿ ਇਹ ਨਵਾਂ ਬਲਾਕ ਪ੍ਰਾਇਮਰੀ ਹੈਲਥ ਯੂਨਿਟ ਪਿੰਡ ਦੇ ਲੋਕਾਂ ਲਈ ਇੱਕ ਵੱਡੀ ਸਹੂਲਤ ਸਾਬਤ ਹੋਵੇਗਾ | ਉਨ੍ਹਾਂ ਦੱਸਿਆ ਕਿ ਇਸ ਯੂਨਿਟ ਦੇ ਚੱਲਣ ਨਾਲ ਲੋਕਾਂ ਨੂੰ ਬੁਨਿਆਦੀ ਸਿਹਤ ਸੇਵਾਵਾਂ, ਲੈਬ ਟੈੱਸਟ ਅਤੇ ਆਮ ਬਿਮਾਰੀਆਂ ਦਾ ਇਲਾਜ ਬਲਾਕ ਪੱਧਰ 'ਤੇ ਹੀ ਮਿਲੇਗਾ, ਜਿਸ ਨਾਲ ਉਨ੍ਹਾਂ ਨੂੰ ਦੂਰ-ਦਰਾਜ ਹਸਪਤਾਲਾਂ ਵਿਚ ਜਾਣ ਦੀ ਲੋੜ ਨਹੀਂ ਪਵੇਗੀ | ਡਾ. ਇਸ਼ਾਂਕ ਕੁਮਾਰ ਨੇ ਸਿਹਤ ਵਿਭਾਗ ਦੀ ਟੀਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸਰਕਾਰ ਲੋਕਾਂ ਦੀ ਭਲਾਈ ਲਈ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ | ਉਨਾਂ ਕਿਹਾ ਕਿ ਸਰਕਾਰ ਵਲੋਂ ਕੀਤੇ ਗਏ ਲੋਕਾਂ ਨਾਲ ਹਰ ਵਾਧੇ ਨੂੰ ਪੂਰਾ ਕੀਤਾ ਜਾ ਰਿਹਾ ਹੈ | ਸਿਵਲ ਸਰਜਨ ਨੇ ਦੱਸਿਆ ਕਿ ਇਸ ਨਵੇਂ ਯੂਨਿਟ ਵਿੱਚ ਤਜ਼ਰਬੇਕਾਰ ਸਟਾਫ਼ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਸਾਰੇ ਜ਼ਰੂਰੀ ਸਾਜੋ-ਸਾਮਾਨ ਦੀ ਵੀ ਉਪਲਬਧਤਾ ਯਕੀਨੀ ਬਣਾਈ ਗਈ ਹੈ | ਉਨਾਂ ਦੱਸਿਆ ਕਿ ਬੀ.ਪੀ.ਐਚ.ਯੂ ਦੇ ਨਿਰਮਾਣ ਹੋਣ ਨਾਲ ਇੱਕ ਹੀ ਛੱਤ ਥੱਲੇ ਹਰ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਉਪਲਬੱਧ ਹੋਣਗੀਆਂ |ਐਸ.ਐਮ.ੳ ਡਾ. ਮਨਪ੍ਰੀਤ ਸਿੰਘ ਬੈਂਸ ਨੇ ਕਿਹਾ ਕਿ ਹੁਣ ਬਲਾਕ ਪੱਧਰ 'ਤੇ ਸਿਹਤ ਸਹੂਲਤਾਂ ਵਿੱਚ ਹੋਰ ਸੁਧਾਰ ਹੋਵੇਗਾ ਅਤੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਦੀ ਆਊਟਬਰੇਕ ਹੋਣ ਦੀ ਸੂਰਤ ਵਿੱਚ ਉਸ ਨੂੰ ਬਲਾਕ ਪੱਧਰ 'ਤੇ ਰੋਕਣ ਵਿੱਚ ਬੀ.ਪੀ.ਐਚ.ਯੂ ਲਾਭਦਾਇਕ ਸਿੱਧ ਹੋਵੇਗਾ |
ਸੀ. ਐੱਚ. ਸੀ. ਹਾਰਟਾ ਬਡਲਾ ਵਿਖੇ ਵਿਧਾਇਕ ਡਾ. ਇਸ਼ਾਂਕ ਵਲੋਂ ਨਵੀਂ ਇਮਾਰਤ ਦਾ ਉਦਘਾਟਨ <br/>
ਅਜੀਤ ਡੈਸਕ
29-04-2026